Punjab

14 ਲੱਖ ਦੀ ਨੌਕਰੀ ਛੱਡ ਨੌਜਵਾਨ ਨੇ ਪਿਤਾ ਦਾ ਸੁਪਨਾ ਕੀਤਾ ਪੂਰਾ! ਪਿੰਡ ਵਾਲਿਆਂ ਪਾਇਆ ਭੰਗੜਾ ਤੇ ਵੰਡੇ ਲੱਡੂ

ਬਿਉਰੋ ਰਿਪੋਰਟ: ਅੰਮ੍ਰਿਤਸਰ ਦੇ ਹਲਕਾ ਰਾਜਾ ਸਾਂਸੀ ਦੇ ਪਿੰਡ ਮਾਨਾਵਾਲਾ ਦੇ ਇੱਕ ਨੇ ਮਿਸਾਲ ਕਾਇਮ ਕਰ ਦਿੱਤੀ ਹੈ। ਨੌਜਵਾਨ ਮਨਿੰਦਰ ਪਾਲ ਸਿੰਘ ਫੌਜ ਦੇ ਵਿੱਚ ਲੈਫਟੀਨੈਂਟ ਭਰਤੀ ਹੋਇਆ ਹੈ। ਪਿੰਡ ਵਾਲਿਆਂ ਨੇ ਉਸਦੇ ਪਿੰਡ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ, ਲੱਡੂ ਵੰਡੇ ਤੇ ਭੰਗੜਾ ਵੀ ਪਾਇਆ।

ਇਸ ਸਬੰਧੀ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਬੈਂਗਲੋਰ 14 ਲੱਖ ਰੁਪਏ ਦੀ ਨੌਕਰੀ ਕਰਦਾ ਸੀ। ਵਿਦੇਸ਼ ਜਾਣ ਦੀ ਇੱਛਾ ਕਰਕੇ ਉਸ ਨੇ IELTS ਦਾ ਟੈਸਟ ਵੀ ਪਾਸ ਕਰ ਲਿਆ ਸੀ। ਉਸ ਦੇ 8 ਬੈੰਡ ਆਏ ਸਨ। ਵਿਦੇਸ਼ ਜਾਣ ਦੀ ਫਾਈਲ ਵੀ ਲੱਗ ਗਈ ਸੀ। ਪਰ ਉਹ ਆਪਣੇ ਪਿਤਾ ਦਾ ਸੁਪਨਾ ਸਾਕਾਰ ਕਰਨਾ ਚਾਹੁੰਦਾ ਸੀ।

ਦਰਅਸਲ ਮਨਿੰਦਰ ਪਾਲ ਸਿੰਘ ਦੇ ਪਿਤਾ ਵੀ ਫੌਜ ਵਿੱਚ ਨੌਕਰੀ ਕਰ ਚੁੱਕੇ ਸਨ। ਉਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਦਾ ਪੁੱਤਰ ਵੀ ਫੌਜ ਵਿੱਚ ਕੋਈ ਵੱਡਾ ਅਫ਼ਸਰ ਬਣੇ। ਮਨਿੰਦਰਪਾਲ ਨੇ ਇਸੇ ਦਿਸ਼ਾ ਵਿੱਚ ਸਖ਼ਤ ਮਿਹਨਤ ਕੀਤੀ ਅਤੇ ਆਪਣੇ ਨਿਸ਼ਾਨੇ ’ਤੇ ਕਾਇਮ ਰਿਹਾ। ਆਪਣੀ ਅਣਥੱਕ ਮਿਹਨਤ ਸਦਕਾ ਹੀ ਅੱਜ ਉਹ ਲੈਫਟੀਨੈਂਟ ਬਣ ਕੇ ਪਿੰਡ ਪਰਤਿਆ ਹੈ।

ਭਾਰੀ ਬਾਰਿਸ਼ ਦੇ ਬਾਵਜੂਦ ਪਿੰਡ ਵਾਲਿਆਂ ਉਸ ਦਾ ਭਰਵਾਂ ਸਵਾਗਤ ਕੀਤਾ। ਜਦ ਉਹ ਆਪਣੀ ਮਿਹਨਤ ਦੀ ਕਹਾਣੀ ਬਿਆਨ ਕਰ ਰਿਹਾ ਸੀ ਤਾਂ ਉਸ ਦੀਆਂ ਅੱਖਾਂ ਭਰ ਆਈਂਆ। ਉਸ ਦੇ ਪਿਤਾ ਦੇ ਵੀ ਖ਼ੁਸ਼ੀ ਵਿੱਚ ਹੰਝੂ ਰੁਕ ਨਹੀਂ ਰਹੇ ਸਨ। ਮਨਿੰਦਰ ਪਾਲ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਿਦੇਸ਼ਾਂ ਦੇ ਵਿੱਚ ਜਾਣ ਦੀ ਥਾਂ ’ਤੇ ਆਪਣੇ ਮੁਲਕ ਵਿੱਚ ਰਹਿ ਕੇ ਆਪਣੇ ਮੁਲਕ ਲਈ ਕੁਝ ਕਰਨ ਦਾ ਜਜ਼ਬਾ ਰੱਖਣ।