India Punjab

ਰਾਹੁਲ ਦੇ ਬਿਆਨ ‘ਤੇ ਬੀਜੇਪੀ ਦਾ ਪਲਟਵਾਰ, ਕਿਹਾ ‘ਦਸਤਾਰ ਸਜਾਉਣ ਬਾਰੇ ਆਪਣੀ ਪਾਰਟੀ ਦੇ ਲੀਡਰਾਂ ਤੋਂ ਪੁੱਛਣ ਰਾਹੁਲ ‘

ਦਿੱਲੀ :  ਅਮਰੀਕਾ ‘ਚ ਰਾਹੁਲ ਗਾਂਧੀ ਵੱਲੋਂ ਸਿੱਖਾਂ ਬਾਰੇ ਦਿੱਤੇ ਗਏ ਬਿਆਨ ਤੋਂ ਵਿਰੋਧੀ ਪਾਰਟੀਆਂ ਨੇ ਕਾਂਗਰਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਕੇਂਦਰ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕਾਂਗਰਸ ਦੇ ਮਨ ‘ਚ ਸਿੱਖਾਂ ਪ੍ਰਤੀ ਨਫ਼ਰਤ ਹਮੇਸ਼ਾ ਤੋਂ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਦਾ ਇਹ ਬਿਆਨ ਲੋਕਾਂ ਨੂੰ ਮਿਸਲੀਡ ਕਰਨ ਵਾਲਾ ਹੈ।

ਉਨ੍ਹਾਂ ਨੇ ਕਿਹਾ ਕਿ ਰਾਹੁਲ ਤੱਥਾਂ ਨੂੰ ਜਾਣੇ ਤੋਂ ਬਿਨਾਂ ਬੋਲਦੇ ਹਨ। ਪੁਰੀ ਨੇ ਕਿਹਾ ਕਿ ਉਹ ਕਹਿੰਦੇ ਨੇ ਕਿ ਸਿੱਖ ਕੌਮ ਦਸਤਾਰ ਨਹੀਂ ਸਜਾ ਸਕਦੀ ਪਰ ਮੈਂ ਸਾਲਾਂ ਤੋਂ ਪੱਗ ਅਤੇ ਕੜਾ ਪਹਿਨਦਾ ਆ ਰਿਹਾ ਹਾਂ। ਰਾਹੁਲ ਦੇ ਸਵਾਲ ਦਾ ਜਵਾਬ ਦਿੰਦਿਆਂ ਪੁਰੀ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਸਿੱਖਾਂ ਨੂੰ ਪੱਗ ਅਤੇ ਕੜਾ ਪਹਿਨਣ ਦੀ ਇਜਾਜ਼ਤ ਹੈ।

ਉਨ੍ਹਾਂ ਨੇ ਕਿਹਾ ਕਿ 1984 ਦੇ ਦੌਰ ਵਿੱਚ ਕਾਂਗਰਸ ਦੀ ਸਰਕਾਰ ਦੌਰਾਨ 3000 ਤੋਂ ਵੱਧ ਨਿਰਦੋਸ਼ ਲੋਕ ਮਾਰੇ ਗਏ ਸਨ ਅਤੇ ਰਾਜੀਵ ਗਾਂਧੀ ਦੇ ਸਮੇਂ ਸਿੱਖ ਦੇਸ਼ ਵਿੱਚ ਸੁਰੱਖਿਅਤ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਦੇ ਗਲ ਵਿਚ ਟਾਇਰ ਪਾ ਕੇ ਉਨ੍ਹਾਂ ‘ਤੇ ਪੈਟਰੋਲ ਅਤੇ ਡੀਜ਼ਲ ਪਾ ਕੇ ਉਨ੍ਹਾਂ ਨੂੰ ਸਾੜ ਦਿੱਤਾ ਗਿਆ। ਉਹ ਇਸ ਗੱਲ ਦਾ ਜ਼ਿਕਰ ਨਹੀਂ ਕਰਦੇ ਕਿ ਇਹ ਸੱਤਾ ਵਿਚ ਹੁੰਦਿਆਂ ਹੋਇਆ ਸੀ। ਇਹ ਨਹੀਂ ਕਹਿੰਦੇ ਕਿ ਇਹ ਉਦੋਂ ਹੋਇਆ ਜਦੋਂ ਉਹ ਕਾਂਗਰਸ ਦੀ ਸਰਕਾਰ ਸੀ।

ਉਨ੍ਹਾਂ ਨੇ ਕਿਹਾ ਕਿ ਰਾਹੁਲ ਜੀ ਪੱਗ ਅਤੇ ਕੜੇ ਨੂੰ ਪਹਿਨਣ ਨੂੰ ਲੈ ਕੇ ਆਪਣਾ ਪਾਰਟੀ ਦੇ ਸਿੱਖ ਆਗੂਆਂ ਤੋਂ ਪੁੱਛਣ।

ਪੁਰੀ ਨੇ ਕਿਹਾ ਕਿ ਉਹ ਚਰਨਜੀਤ ਸਿੰਘ ਚੰਨੀ ਤੋਂ ਪੁੱਛਣ ਕੀ ਉਨ੍ਹਾਂ ਨੂੰ ਦਸਤਾਰ ਸਜਾਉਣ ਵਿੱਚ ਕੋਈ ਦਿੱਕਤ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਅਜਿਹੇ ਬਿਆਨ ਦੇ ਕਿ ਦੇਸ਼ ਦਾ ਨਹੀਂ ਬਲਕਿ ਆਪਣਾ ਅਕਸ ਖਰਾਬ ਕਰ ਰਹੇ ਹਨ। ਪੁਰੀ ਨੇ ਕਿਹਾ ਕਿ ਰਾਹੁਲ ਦੇਸ਼ ਬਾਹਰ ਲੋਕਾਂ ਨੂੰ ਭਾਰਤ ਦੇ ਖ਼ਿਲਾਫ਼ ਭੜਕਾਅ ਰਹੇ ਹਨ।

ਰਾਹੁਲ ਗਾਂਧੀ ਦਾ ਬਿਆਨ

ਦੱਸ ਦਈਏ ਕਿ ਅਮਰੀਕਾ ‘ਚ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਭਾਰਤ ਦੀ ਧਾਰਮਿਕ ਅਜ਼ਾਦੀ ‘ਤੇ ਗੱਲ ਕਰਦਿਆਂ ਕਿਹਾ ਕਿ ਭਾਰਤ ‘ਚ ਇਸ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਕਿ ਕੀ ਕਿਸੇ ਸਿੱਖ ਨੂੰ ਦਸਤਾਰ ਅਤੇ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ, ਕੀ ਕੋਈ ਸਿੱਖ ਗੁਰਦੁਆਰੇ ‘ਚ ਜਾ ਸਕਦਾ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕਿਸ ਬਾਰੇ ਹੈ। ਲੜਾਈ ਰਾਜਨੀਤੀ ਦੀ ਨਹੀਂ ਹੈ। ਇਸ ਤਰ੍ਹਾਂ ਦੀ ਲੜਾਈ ਸਿਰਫ਼ ਸਿੱਖਾਂ ਦੀ ਨਹੀਂ, ਸਗੋਂ ਸਾਰੇ ਧਰਮਾਂ ਦੀ ਹੈ। ਮੈਂ ਦੇਖਦਾ ਹਾਂ ਕਿ ਤਾਮਿਲਨਾਡੂ, ਪੰਜਾਬ, ਹਰਿਆਣਾ, ਤੇਲੰਗਾਨਾ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਕੇਰਲ ਵਰਗੇ ਕਈ ਥਾਵਾਂ ਤੋਂ ਲੋਕਾਂ ਦੀ ਭੀੜ ਹੈ।

ਰਾਹੁਲ ਗਾਂਧੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਭਾਰਤ ਵਿਚ ਸਿਆਸਤ ਵਿਚ ਲੜਾਈ ਇਸ ਗੱਲ ਦੀ ਹੈ ਕਿ ਕੀ ਸਿੱਖਾਂ ਨੂੰ ਭਾਰਤ ਵਿਚ ਦਸਤਾਰ ਸਜਾਉਣ ਤੇ ਕੜਾ ਧਾਰਣ ਕਰਨ ਦੀ ਆਗਿਆ ਹੈ ? ਕੀ ਉਹ ਗੁਰੂ ਘਰ ਜਾ ਸਕਦੇ ਹਨ ?