ਬਿਉਰੋ ਰਿਪੋਰਟ – ਸ੍ਰੀ ਅਕਾਲ ਤਖ਼ਤ ਸਾਹਿਬ (SRI AKAL TAKHAT) ’ਤੇ ਅਕਾਲੀ ਦਲ (AKALI DAL) ਦੇ 10 ਸਾਲ ਲਗਾਤਾਰ ਰਾਜ ਵਿੱਚ ਰਹੇ 4 ਹੋਰ ਮੰਤਰੀਆਂ ਨੇ ਆਪਣਾ ਸਪੱਸ਼ਟੀਕਰਨ ਦੇ ਦਿੱਤਾ ਹੈ। ਇਨ੍ਹਾਂ ਵਿੱਚ 2 ਅਕਾਲੀ ਦਲ ਦੇ ਮੌਜੂਦਾ ਆਗੂ ਹਨ ਜਦਕਿ 2 ਬਾਗੀ ਧੜੇ ਦੇ ਆਗੂ ਹਨ। ਅਕਾਲੀ ਦਲ ਦੇ ਆਗੂ ਅਤੇ ਸਾਬਕਾ ਜੇਲ੍ਹ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਸਾਬਕਾ ਵਿੱਤ ਮੰਤਰੀ ਡਾਕਟਰ ਉਪਿੰਦਰਜੀਤ ਕੌਰ ਨੇ ਆਪਣਾ ਜਵਾਬ ਜਥੇਦਾਰ ਸਾਹਿਬ ਨੂੰ ਸੌਂਪ ਦਿੱਤਾ ਹੈ। ਗਾਬੜੀਆਂ ਨੇ ਮਿਲ ਕੇ ਜਵਾਬ ਸੌਪਿਆ ਜਦਕਿ ਬੀਬੀ ਉਪਿੰਦਰਜੀਤ ਕੌਰ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਕਿਸੇ ਹੋਰ ਦੇ ਹੱਥ ਜਵਾਬ ਭੇਜਿਆ ਹੈ।
ਬਾਗੀ ਧੜੇ ਵੱਲੋਂ ਸਿਕੰਦਰ ਸਿੰਘ ਮਲੂਕਾ ਨੇ ਜਵਾਬ ਦਿੱਤਾ। ਉਨ੍ਹਾਂ ਕਿਹਾ ਜਿਹੜੇ ਫੈਸਲਿਆਂ ਦੀ ਵਜ੍ਹਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਾਨੂੰ ਸੱਦਿਆ ਹੈ ਉਹ ਕਦੇ ਵੀ ਨਾ ਕੈਬਨਿਟ ਵਿੱਚ ਵਿਚਾਰੇ ਗਏ ਨਾ ਹੀ ਕੋਰ ਕਮੇਟੀ ਵਿੱਚ ਇਨ੍ਹਾਂ ਮੁਦਿਆਂ ਨੂੰ ਰੱਖਿਆ ਗਿਆ ਹੈ। ਅਸੀਂ ਆਪਣੇ ਸਪੱਸ਼ਟੀਕਰਨ ਵਿੱਚ ਇਹ ਹੀ ਚੀਜ਼ ਰੱਖੀ ਹੈ। ਮਲੂਕਾ ਨੇ ਉਮੀਦ ਜਤਾਈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੁਝ ਅਜਿਹਾ ਫੈਸਲਾ ਹੋਵੇਗਾ ਜਿਸ ਨਾਲ ਅਕਾਲੀ ਦਲ ਵਿੱਚ ਏਕਾ ਹੋਵੇਗਾ ਅਤੇ ਪਾਰਟੀ ਮਜ਼ਬੂਤ ਹੋਵੇਗੀ।
ਉੱਧਰ 2012 ਤੋਂ 2014 ਵਿੱਚ ਬਾਦਲ ਸਰਕਾਰ ਵਿੱਚ ਮੰਤਰੀ ਰਹੇ ਸਰਵਣ ਸਿੰਘ ਫਿਲੌਰ ਨੇ ਸਾਫ਼ ਕੀਤਾ ਕਿ ਸਾਡੇ ਨਾਲ ਕਦੇ ਵੀ ਡੇਰੇ ਨਾਲ ਜੁੜੇ ਕਿਸੇ ਵੀ ਮੁੱਦੇ ’ਤੇ ਰਾਏ ਨਹੀਂ ਮੰਗੀ ਗਈ ਹੈ। ਉਨ੍ਹਾਂ ਨੇ ਕਿਹਾ ਸੁਖਬੀਰ ਸਿੰਘ ਬਾਦਲ ਨੇ ਆਪ ਹੀ ਮੰਨ ਲਿਆ ਹੈ ਕਿ ਸਾਨੂੰ ਇਸ ਵਿੱਚ ਕਹਿਣ ਦੀ ਕੀ ਜ਼ਰੂਰਤ ਹੈ।
ਹੁਣ ਤੱਕ ਅਕਾਲੀ ਦਲ ਦੀ ਸਰਕਾਰ ਵਿੱਚ ਰਹੇ 13 ਸਾਬਕਾ ਕੈਬਨਿਟ ਮੰਤਰੀਆਂ ਵੱਲੋਂ ਆਪਣਾ ਸਪੱਸ਼ਟੀਕਰਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਗਿਆ ਹੈ। ਜਿਨ੍ਹਾਂ ਵਿੱਚ ਸੁਖਬੀਰ ਸਿੰਘ ਬਾਦਲ, ਗੁਲਜ਼ਾਰ ਸਿੰਘ ਰਣੀਕੇ, ਦਲਜੀਤ ਸਿੰਘ ਚੀਮਾ, ਮਹੇਸ਼ ਇੰਦਰ ਸਿੰਘ ਗਰੇਵਾਲ, ਬਿਕਰਮ ਸਿੰਘ ਮਜੀਠੀਆ, ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਸੋਹਣ ਸਿੰਘ ਠੰਡਲ, ਮਨਪ੍ਰੀਤ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ, ਸਰਵਣ ਸਿੰਘ ਫਿਲੌਰ, ਹੀਰਾ ਸਿੰਘ ਗਾਬੜੀਆ ਅਤੇ ਡਾ.ਉਪਿੰਦਰਜੀਤ ਕੌਰ ਸ਼ਾਮਲ ਹਨ।
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 30 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਸੀ ਅਤੇ 2007 ਤੋਂ 2017 ਦੇ ਵਿਚਾਲੇ ਕੈਬਨਿਟ ਮੰਤਰੀ ਰਹੇ ਆਗੂਆਂ ਨੂੰ ਸਪੱਸ਼ਟੀਕਰਨ ਦੇਣ ਦੇ ਨਿਰਦੇਸ਼ ਦਿੱਤੇ ਸਨ। ਸੁਖਬੀਰ ਸਿੰਘ ਬਾਦਲ ਨੇ 31 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਆਪਣਾ ਜਵਾਬ ਦਿੰਦੇ ਹੋਏ ਸਿੰਘ ਸਾਹਿਬਾਨਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਜਲਦ ਮੀਟਿੰਗ ਬੁਲਾਕੇ ਉਨ੍ਹਾਂ ਦੇ ਜਵਾਬ ‘ਤੇ ਫੈਸਲਾ ਲੈਣਾ।