Punjab

10 ਹਜ਼ਾਰ ਕਰੋੜ ਦੇ ਚੱਕਰ ’ਚ ਘਿਰੀ ਮਾਨ ਸਰਕਾਰ! ‘ਮਾਨ ਸਾਬ੍ਹ ਤੁਹਾਡੇ ਤੋਂ ਪੰਜਾਬ ਨਹੀਂ ਸੰਭਾਲਿਆ ਜਾਣਾ’

ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ ਅਕਸਰ ਪੰਜਾਬ ਦਾ ਖਜ਼ਾਨਾ ਭਰੇ ਹੋਣ ਦਾ ਦਾਅਵਾ ਕਰਦੇ ਹੋਏ ਕਾਂਗਰਸ ਤੇ ਅਕਾਲੀ ਦਲ ਨੂੰ ਘੇਰਦੇ ਹਨ। ਪਰ ਸੂਬੇ ਦੀ ਆਰਥਿਕ ਹਾਲਤ ਨੂੰ ਲੈਕੇ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਉਸ ’ਤੇ ਵਿਰੋਧੀ ਧਿਰ ਨੇ ਸੀਐੱਮ ਮਾਨ ਨੂੰ ਘੇਰਾ ਪਾ ਲਿਆ ਹੈ।

ਦਰਅਸਲ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਅੱਗੇ ਚਾਲੂ ਵਿੱਤੀ ਸਾਲ ਦੌਰਾਨ ਕਰਜ਼ੇ ਦੀ ਹੱਦ 10 ਹਜ਼ਾਰ ਕਰੋੜ ਰੁਪਏ ਤੱਕ ਵਧਾਉਣ ਦੀ ਮੰਗ ਕੀਤੀ ਹੈ। ਇਸ ਦੇ ਲਈ ਸਰਕਾਰ ਵੱਲੋਂ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ। ਇਸ ਵਿੱਤੀ ਸਾਲ ਵਿੱਚ ਵਿੱਚ ਪੰਜਾਬ ਦੀ ਕਰਜ਼ੇ ਦੀ ਹੱਦ 30,464,92 ਕਰੋੜ ਰੁਪਏ ਹੈ। ਜਿਸ ਵਿੱਚ ਜੁਲਾਈ ਤੱਕ ਸਰਕਾਰ ਨੇ 13,094 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਸ ਤੋਂ ਇਲਾਵਾ ਸਰਕਾਰ ਨੂੰ ਚਾਲੂ ਵਿੱਤੀ ਸਾਲ ’ਚ 10 ਹਜ਼ਾਰ ਕਰੋੜ ਰੁਪਏ ਦੀ ਹੋਰ ਲੋਨ ਹੱਦ ਦੀ ਲੋੜ ਹੈ।

ਵਿੱਤੀ ਸਾਲ 2023-24 ਵਿੱਚ ਸੂਬਾ ਸਰਕਾਰ ਵੱਲੋਂ ਉਧਾਰ ਲੈਣ ਦੀ ਹੱਦ 45,730 ਕਰੋੜ ਰੁਪਏ ਸੀ। ਪਿਛਲੇ ਸਾਲ ਇਕ ਵਾਰ ਕੇਂਦਰ ਸਰਕਾਰ ਨੇ ਪੰਜਾਬ ਦੀ ਕਰਜ਼ਾ ਹੱਦ 2387 ਕਰੋੜ ਰੁਪਏ ਘਟਾ ਦਿੱਤੀ ਸੀ। ਅਗਸਤ ਮਹੀਨੇ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਰਜ਼ਾ ਸੀਮਾ ਵਧਾਉਣ ਲਈ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਣ ਦੀ ਪ੍ਰਵਾਨਗੀ ਦਿੱਤੀ ਗਈ ਸੀ।

ਸੂਬਾ ਸਰਕਾਰ ਨੇ ਪੱਤਰ ਵਿੱਚ ਦਲੀਲ ਦਿੱਤੀ ਹੈ ਕਿ ਉਸ ਨੂੰ ਪਿਛਲੀਆਂ ਸਰਕਾਰਾਂ ਤੋਂ ਕਰਜ਼ਾ ਵਿਰਾਸਤ ਵਿੱਚ ਮਿਲਿਆ ਹੈ। ਜਿਸ ਨੂੰ ਵਾਪਸ ਕੀਤਾ ਜਾਣਾ ਹੈ। ਪੰਜਾਬ ਸਰਕਾਰ ਵੱਲੋਂ 69,867 ਕਰੋੜ ਰੁਪਏ ਦਾ ਕਰਜ਼ਾ ਅਦਾ ਕੀਤਾ ਜਾਣਾ ਹੈ। 23,900 ਕਰੋੜ ਰੁਪਏ ਦੀ ਰਕਮ ਸਿਰਫ਼ ਕਰਜ਼ੇ ਅਤੇ ਵਿਆਜ ਦੀ ਮੁੜ ਅਦਾਇਗੀ ਹੈ। ਹਾਲ ਹੀ ਵਿੱਚ ਵਿੱਤੀ ਸੰਕਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕਈ ਫੈਸਲੇ ਲਏ ਹਨ। ਇਸ ਵਿੱਚ 3 ਰੁਪਏ ਪ੍ਰਤੀ 7 ਕਿਲੋਵਾਟ ਬਿਜਲੀ ਸਬਸਿਡੀ ਖ਼ਤਮ ਕਰਨਾ, ਤੇਲ ਦੀਆਂ ਕੀਮਤਾਂ ਵਿੱਚ ਵਾਧਾ, ਗ੍ਰੀਨ ਟੈਕਸ ਲਗਾਉਣਾ ਸ਼ਾਮਲ ਹੈ। ਇਸ ਨਾਲ ਸਰਕਾਰ ਨੂੰ ਆਮਦਨ ਹੋਵੇਗੀ। ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਦਿੱਤੀਆਂ ਜਾਣ।

ਉੱਧਰ ਕਾਂਗਰਸ ਅਤੇ ਅਕਾਲੀ ਦਲ ਨੇ ਸੀਐੱਮ ਮਾਨ ਤੇ ਤੰਜ ਕੱਸ ਦੇ ਹੋਏ ਸਵਾਲ ਕੀਤੇ ਹਨ। ਗੁਰਦਾਸਪੁਰ ਤੋਂ ਐੱਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੀਐੱਮ ਮਾਨ ਤੇ ਤੰਜ ਕੱਸ ਦੇ ਹੋਏ ਪੁੱਛਿਆ ਭਗਵੰਤ ਮਾਨ ਸਾਬ੍ਹ ਤੁਸੀਂ ਤਾਂ ਕਰਜ਼ੇ ਦਾ ਭਾਰ ਘਟਾਉਣ ਦੀਆਂ ਗੱਲਾਂ ਕਰਦੇ ਸੀ,ਪਰ ਬਿਨਾਂ ਕਰਜ਼ਾ ਲਏ ਤੁਹਾਡੇ ਤੋਂ ਪੰਜਾਬ ਨਹੀਂ ਸੰਭਾਲਿਆ ਜਾ ਰਿਹਾ। ਪੰਜਾਬ ਨੂੰ ਕਰਜ਼ੇ ਤੌ ਬਾਹਰ ਨਹੀਂ ਕੱਢ ਸਕਦੇ ਤਾਂ ਇਸ ਉੱਤੇ ਕਰਜ਼ੇ ਦਾ ਭਾਰ ਵੀ ਨਾ ਪਾਓ। ਪੰਜਾਬੀਆਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਤੁਹਾਡੀ ਸਰਕਾਰ ਨੇ ਚੋਣਾਂ ‘ਚ ਝੂਠ ਬੋਲਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ।

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਦੇ ਵੱਲੋਂ ਕਰਜ਼ੇ ਦੀ ਹੱਦ ਵਧਾਉਣ ‘ਤੇ ਮਾਨ ਸਰਕਾਰ ਨੂੰ ਘੇਰ ਦੇ ਹੋਏ ਕਿਹਾ ਸੂਬਾ ਸਰਕਾਰ ਹਰ ਮੋਰਚੇ ਤੇ ਫੇਲ੍ਹ ਸਾਬਿਤ ਹੋਈ ਹੈ। ਭਗਵੰਤ ਮਾਨ ਸਰਕਾਰ ਨੇ ਢਾਈ ਸਾਲ ਵਿੱਚ 80 ਹਜ਼ਾਰ ਕਰੋੜ ਦਾ ਬੋਝ ਪੰਜਾਬ ਤੇ ਹੋਰ ਚੜਾ ਦਿੱਤਾ ਹੈ। ਕੁੱਲ ਮਿਲਾ ਕੇ ਨਤੀਜਾ ਇਹ ਹੈ ਕਿ ਬਦਲਾਅ ਲਿਆਉਣ ਵਾਲੀ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਈ ਹੈ।

ਕਾਂਗਰਸ ਦੇ ਇੱਕ ਹੋਰ ਸੀਨੀਅਰ ਵਿਧਾਇਕ ਪ੍ਰਗਟ ਸਿੰਘ ਨੇ ਸਰਕਾਰ ਨੂੰ ਨਸੀਹਤ ਦਿੰਦੇ ਹੋਏ ਕਿਹਾ ਤੁਹਾਨੂੰ ਕਰਜ਼ੇ ਦਾ ਬੋਝ ਘਟਾਉਣਾ ਚਾਹੀਦਾ ਸੀ ਪਰ ਉਸ ਲਿਮਟ ਵਧਾਉਣ ਦੀ ਮੰਗ ਕਰਕੇ ਹੋਰ ਕਰਜ਼ਾ ਚੜਾ ਰਹੇ ਹੋ। ਕੀ ਇਸੇ ਦਾ ਸਾਨੂੰ ਭਰੋਸਾ ਦਿੱਤਾ ਗਿਆ ਸੀ।

ਉੱਧਰ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਨਵਾਂ ਉਦਯੋਗ ਸਥਾਪਿਤ ਨਹੀਂ ਕੀਤਾ ਗਿਆ ਕੋਈ ਹਾਈਵੇ ਨਹੀਂ ਬਣਾਇਆ ਗਿਆ ਫਿਰ ਪੰਜਾਬ ਸਰਕਾਰ ਕਰਜ਼ਾ ਚੁੱਕ ਕੇ ਸਿਰਫ਼ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਨੂੰ ਪਰਮੋਟ ਕਰਨ ’ਤੇ ਖ਼ਰਚ ਕਰ ਰਹੀ ਹੈ। ਕਲੇਰ ਨੇ ਕਿਹਾ ਕਿ ਹੁਣ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਆ ਗਈਆਂ ਹਨ ਤੇ ਆਪਣੀ ਪਾਰਟੀ ਨੂੰ ਫੰਡ ਦੇਣ ਲਈ ਪੰਜਾਬ ਸਰਕਾਰ ਕਰਜ਼ਾ ਚੁੱਕ ਰਹੀ ਹੈ।