India Khetibadi Punjab

ਕਿਸਾਨ ਮੋਰਚੇ ਨੂੰ ਮਿਲਿਆ ਬਲ! ਖਨੌਰੀ ਬਾਰਡਰ ’ਤੇ ਪੁੱਜੇ UP ਦੇ ਸੈਂਕੜੇ ਕਿਸਾਨ, ‘ਇਹ ਅੰਦੋਲਨ ਖ਼ਾਲਿਸਤਾਨੀਆਂ ਦਾ ਨਹੀਂ, ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਦਾ ਹੈ’

ਬਿਉਰੋ ਰਿਪੋਰਟ: ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ ਵਿੱਚ ਅੱਜ ਯੂਪੀ ਤੋਂ 30 ਗੱਡੀਆਂ ’ਤੇ ਲਗਭਗ 150 ਕਿਸਾਨ ਪਹੁੰਚੇ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਇਸ ਨਾਲ ਅੰਦੋਲਨ ਨੂੰ ਅੱਜ ਵੱਡਾ ਬਲ ਮਿਲਿਆ ਹੈ।

ਡੱਲੇਵਾਲ ਨੇ ਦੱਸਿਆ ਕਿ ਇਨ੍ਹਾਂ ਕਿਸਾਨਾਂ ਦਾ ਸੰਗਠਨ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦਾ ਹਿੱਸਾ ਬਣਿਆ ਹੈ ਜਿਸ ਨਾਲ SKM ਗ਼ਾਰ ਸਿਆਸੀ ਦਾ ਪਰਿਵਾਰ ਵੱਡਾ ਹੋਇਆ ਹੈ। ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸ਼ੁਰੂ ਤੋਂ ਹੀ ਅੰਦੋਲਨਕਾਰੀ ਕਿਸਾਨਾਂ ਦੇ ਨਾਲ ਸਨ, ਤੇ ਜਦੋਂ ਤੋਂ ਬੀਜੇਪੀ ਸਾਂਸਦ ਕੰਗਨਾ ਵੱਲੋਂ ਕਿਸਾਨਾਂ ’ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਸਨ ਤਾਂ ਇਨ੍ਹਾਂ ਨੇ ਉਸ ਦਾ ਸਮੇਂ-ਸਮੇਂ ’ਤੇ ਜਵਾਬ ਵੀ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਨਵੇਂ ਸੂਬੇ ਤੋਂ ਨਵਾਂ ਸੰਗਠਨ ਜੁੜਨ ਨਾਲ ਅੰਦੋਲਨ ਨੂੰ ਕਾਫੀ ਤਾਕਤ ਮਿਲੀ ਹੈ। ਇਹ ਉਨ੍ਹਾਂ ਲੋਕਾਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ ਜੋ ਲਗਾਤਾਰ ਅੰਦੋਲਨ ਨੂੰ ਖ਼ਾਲਿਸਤਾਨੀਆਂ ਦਾ ਦੱਸ ਰਹੇ ਸਨ। ਅੱਜ ਯੂਪੀ ਦੇ ਕਿਸਾਨ ਭਰਾਵਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਇਹ ਅੰਦੋਲਨ ਖ਼ਾਲਿਸਤਾਨੀਆਂ ਦਾ ਨਹੀਂ, ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਦਾ ਹੈ। ਇਹ ਪੂਰੇ ਦੇਸ਼ ਦੀ ਲੜਾਈ ਹੈ, MSP ਪੂਰੇ ਦੇਸ਼ ਦੇ ਕਿਸਾਨਾਂ ਨੂੰ ਚਾਹੀਦੀ ਹੈ।