ਬਿਉਰੋ ਰਿਪੋਰਟ: ਕੈਨੇਡਾ ਤੋਂ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਅਲਬਰਟਾ ਸੂਬੇ ਦੇ ਸ਼ਹਿਰ ਐਡਮਿੰਟਨ ਦੇ ਡਾਊਨਟਾਊਨ ਵਿੱਚ ਇੱਕ 22 ਸਾਲਾ ਦਸਤਾਰਧਾਰੀ ਨੌਜਵਾਨ ਦਾ ਇੱਕ ਪਾਰਕਿੰਗ ਵਿੱਚ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਤਲ ਨੌਜਵਾਨ ਨੂੰ ਮਾਰਨ ਤੋਂ ਬਾਅਦ ਵੀ ਉਸ ਦੀ ਲਾਸ਼ ਦੇ ਕੋਲ ਹੀ ਖੜਾ ਰਿਹਾ।
ਨੌਜਵਾਨ ਦੀ ਪਛਾਣ ਜਸ਼ਨਦੀਪ ਸਿੰਘ ਮਾਨ ਵਜੋਂ ਹੋਈ ਹੈ ਜੋ ਪਿੰਡ ਬਡਲਾ ਜ਼ਿਲ੍ਹਾ ਮਲੇਰਕੋਟਲਾ ਦਾ ਰਹਿਣ ਵਾਲਾ ਸੀ ਤੇ ਤਕਰੀਬਨ ਅੱਠ ਮਹੀਨੇ ਪਹਿਲਾਂ ਹੀ ਪੜ੍ਹਾਈ ਕਰਨ ਲਈ ਕੈਨੇਡਾ ਪੁੱਜਾ ਸੀ।
ਜਾਣਕਾਰੀ ਮੁਤਾਬਕ ਕਾਤਲ ਨੇ ਮਾਰਨ ਲਈ ਬੌਕਸ-ਕਟਰ ਦੀ ਵਰਤੋਂ ਕੀਤੀ। ਪੁਲਿਸ ਨੇ ਇਸ ਮਾਮਲੇ ਵਿਚ 40 ਸਾਲਾ ਐਡਗਰ ਵਿਸਕਰ ਉਤੇ ਕਤਲ ਦੇ ਚਾਰਜ ਲਾਏ ਹਨ, ਜੋ ਵਾਰਦਾਤ ਤੋਂ ਬਾਅਦ ਮੌਕੇ ਉਤੇ ਹੀ ਖੜ੍ਹਾ ਰਿਹਾ। ਐਡਮਿੰਟਨ ਪੁਲਿਸ ਅਤੇ ਸ਼ਹਿਰ ਦੇ ਮੇਅਰ ਅਮਰਜੀਤ ਸਿੰਘ ਸੋਹੀ ਤੋਂ ਇਸ ਘਟਨਾ ਦੀ ਜਾਂਚ ਇੱਕ ਨਫ਼ਰਤੀ ਅਪਰਾਧ ਵਜੋਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।