Punjab

ਮਹਿਲਾ ਇੰਸਪੈਕਟਰ ਵੱਲੋਂ ਹਰਜੋਤ ਬੈਂਸ ਤੇ IPS ਪਤਨੀ ’ਤੇ 100 ਕਰੋੜ ਦੇ ਠੱਗਾਂ ਨੂੰ ਬਚਾਉਣ ਦਾ ਇਲਜ਼ਾਮ! ਮੰਤਰੀ ਨੇ ਮਾਣਹਾਣੀ ਦੇ ਕੇਸ ਦੀ ਦਿੱਤੀ ਚਿਤਾਵਨੀ

ਬਿਉਰੋ ਰਿਪੋਰਟ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ (Minister Harjot Singh Bains) ਤੇ ਉਨ੍ਹਾਂ ਦੀ IPS ਪਤਨੀ ਜੋਤੀ ਯਾਦਵ (IPS JYOTI YADAV) ’ਤੇ 100 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਬਚਾਉਣ ਦਾ ਇਲਜ਼ਾਮ ਲੱਗਿਆ ਹੈ। ਇਹ ਇਲਜ਼ਾਮ ਕਿਸੇ ਹੋਰ ਨੇ ਨਹੀਂ ਬਲਕਿ ਮਹਿਲਾ ਇੰਸਪੈਕਟਰ ਅਮਨਜੋਤ ਕੌਰ (Inspector Amanjot Kaur) ਨੇ ਡੀਜੀਪੀ ਪੰਜਾਬ ਨੂੰ ਲਿਖੇ ਪੱਤਰ ਵਿੱਚ ਲਗਾਏ ਹਨ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਸਾਈਬਰ ਸੈੱਲ ਨੂੰ ਸੌਂਪਣ ਦੀ ਮੰਗ ਕੀਤੀ ਹੈ।

ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੰਸਪੈਕਟਰ ਦਾ ਪੱਤਰ ਜਾਰੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਮਾਮਲੇ ਦੀ ਜੁਡੀਸ਼ਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਵਿਸਲ ਬਲੋਹਰ ਕੋਈ ਆਮ ਨਹੀਂ ਬਲਕਿ ਪੰਜਾਬ ਪੁਲਿਸ ਦੀ ਇੰਸਪੈਕਟਰ ਹੈ। ਜਿਸ ਨੇ ਹਰਜੋਤ ਬੈਂਸ ਅਤੇ ਉਸ ਦੀ ਪਤਨੀ ’ਤੇ 100 ਕਰੋੜ ਦੀ ਧੋਖਾਧੜੀ ਦਾ ਇਲਜ਼ਾਮ ਲਗਾਏ ਹਨ। ਜੇਕਰ ਮੁੱਖ ਮੰਤਰੀ ਭਗਵੰਤ ਮਾਨ ਜਾਂਚ ਦੇ ਹੁਕਮ ਨਹੀਂ ਦਿੰਦੇ ਤਾਂ ਮੰਨ ਲਿਆ ਜਾਵੇਗਾ ਕਿ ਸਰਕਾਰ ਇਸ ’ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮਾਮਲੇ ਵਿੱਚ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਸ ਬਾਰੇ ਤੁਹਾਨੂੰ ਦੱਸਾਂਗੇ ਪਹਿਲਾਂ ਪੂਰਾ ਮਾਮਲਾ ਸਮਝ ਲੈਂਦੇ ਹਾਂ।

ਕੀ ਹੈ ਪੂਰਾ ਮਾਮਲਾ?

ਇੰਸਪੈਕਟਰ ਅਮਨਜੋਤ ਕੌਰ ਜਨਵਰੀ ਵਿੱਚ ਜ਼ਿਲ੍ਹਾ ਸਾਈਬਰ ਸੈੱਲ ਦੀ ਇੰਚਾਰਜ ਵਜੋਂ ਤਾਇਨਾਤ ਸੀ ਅਤੇ ਹੁਣ ਉਹ ਪੁਲਿਸ ਲਾਈਨਜ਼ ਵਿੱਚ ਤਾਇਨਾਤ ਹੈ। 9 ਜਨਵਰੀ ਨੂੰ, ਜਦੋਂ ਜ਼ਿਲ੍ਹਾ ਸਾਈਬਰ ਸੈੱਲ ਦੀ ਇੰਚਾਰਜ ਵਜੋਂ ਤਾਇਨਾਤ ਇੰਸਪੈਕਟਰ ਅਮਨਜੋਤ ਕੌਰ ਨੇ ਸੈਕਟਰ 108 ਦੇ ਇਕ ਘਰ ਤੋਂ ਕਥਿਤ ਤੌਰ ’ਤੇ ਚਲਾਏ ਜਾ ਰਹੇ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਤਾਂ ਕਥਿਤ ਕਾਲ ਸੈਂਟਰ ਦੇ ਮਾਲਕਾਂ ਵਰਿੰਦਰ ਰਾਜ ਕਪੂਰੀਆ, ਸੰਕੇਤ, ਸੋਨੂੰ, ਰਜਤ ਕਪੂਰ ਅਤੇ ਨਿਖਿਲ ਕਪਿਲ ਵਿਰੁੱਧ ਸੂਚਨਾ ਤਕਨਾਲੋਜੀ ਐਕਟ ਅਤੇ ਭਾਰਤੀ ਦੰਡਾਵਲੀ, ਆਈਪੀਸੀ ਦੀਆਂ ਸਬੰਧਿਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।

ਇੰਸਪੈਕਟਰ ਅਮਨਜੋਤ ਕੌਰ ਨੇ ਦੱਸਿਆ ਕਿ ਮੌਕੇ ਦੇ ਮੌਜੂਦ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਇਸ ਸਾਇਬਰ ਸੈਂਟਰ ਦੇ ਜ਼ਰੀਏ ਵਿਦੇਸ਼ੀ ਲੋਕਾਂ ਨਾਲ ਠੱਗੀ ਮਾਰਦੇ ਹਨ। ਇਸ ਦੇ ਲਈ ਮੁਲਜ਼ਮ ਵਿਜੇ ਰਾਜ ਕਪੂਰੀਆਂ ਉਨ੍ਹਾਂ ਨੂੰ ਤਨਖਾਹ ਦੇ ਨਾਲ ਇਨਸੈਂਟਿਵ ਵੀ ਦਿੰਦੇ ਸਨ। ਅਮਨਜੋਤ ਨੇ ਕਿਹਾ ਬਿਲਡਿੰਗ ਵਿੱਚ ਸੀਸੀਟੀਵੀ ਕੈਮਰੇ ਲੱਗੇ ਸਨ, ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਸਰਵਰ ਨੂੰ ਬੰਦ ਕਰ ਦਿੱਤਾ ਗਿਆ ਸੀ।

ਅਮਨਜੋਤ ਕੌਰ ਵੱਲੋਂ ਮੌਕੇ ਤੋਂ ਵਰਿੰਦਰਰਾਜ ਕਪੂਰੀਆ ਅਤੇ ਸੰਕੇਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਡੀਜੀਪੀ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਇਸਪੈਕਟਰ ਦਾਅਵਾ ਕੀਤਾ ਹੈ ਕਿ ਕਾਲ ਸੈਂਟਰ ਦੇ ਮਾਲਕ ਦੇ ਮੰਤਰੀ ਹਰਜੋਤ ਬੈਂਸ ਨਾਲ ਡੂੰਘੇ ਸਬੰਧ ਹਨ। ਦੋਵੇਂ ਨੰਗਲ ਦੇ ਰਹਿਣ ਵਾਲੇ ਹਨ ਅਤੇ ਬੈਂਸ ਨੇ ਕਥਿਤ ਤੌਰ ’ਤੇ ਉਸ ਤੋਂ ਵੱਡੇ ਪਾਰਟੀ ਫੰਡ ਲਏ। ਇਸ ਤੋਂ ਵੀ ਮਾੜੀ ਗੱਲ, ਉਸਨੇ ਇਲਜ਼ਮ ਲਾਇਆ ਕਿ ਬੈਂਸ ਦੀ ਪਤਨੀ ਐਸਪੀ ਜੋਤੀ ਯਾਦਵ ਜਾਂਚ ਵਿੱਚ ਰੁਕਾਵਟ ਪਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਬਚਾ ਰਹੀ ਹੈ। ਉਹ ਦਾਅਵਾ ਕਰਦੀ ਹੈ ਕਿ ਜੋਤੀ ਯਾਦਵ ਨੇ ਉਸ ’ਤੇ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਹੈ।

ਇੰਸਪੈਕਟਰ ਨੇ ਇਲਜ਼ਾਮ ਲਗਾਇਆ ਕਿ ਪਲਕ ਦੇਵ ਦੇ ਜ਼ਰੀਏ ਉਸ ਦੇ ਖਿਲਾਫ ਝੂਠੇ ਕੇਸ ਵਿੱਚ 25 ਲੱਖ ਦੀ ਰਿਸ਼ਵਤ ਮੰਗਣ ਦਾ ਮਾਮਲਾ ਪਾਇਆ ਗਿਆ। ਇੰਸਪੈਕਟਰ ਅਮਨਜੋਤ ਕੌਰ ਨੇ ਮੁਹਾਲੀ ਦੇ ਇਕ ਜੱਜ ’ਤੇ ਵੀ ਘਪਲੇਬਾਜ਼ਾਂ ਤੋਂ ਮਕਾਨ ਲੈਣ ਅਤੇ ਫਿਰ ਉਸਦੇ ਖਿਲਾਫ ਝੂਠੀ FIR ਦਰਜ ਕਰਨ ਦਾ ਇਲਜ਼ਾਮ ਲਗਾਇਆ ਹੈ। ਆਪਣੇ ਸ਼ਿਕਾਇਤ ਪੱਤਰ ਵਿੱਚ ਉਸਨੇ ਜੱਜ ਦਾ ਨਾਂ ਅਤੇ ਮੁਹਾਲੀ ਵਾਲੇ ਘਰ ਦਾ ਪਤਾ ਵੀ ਦਿੱਤਾ ਹੈ। ਜ਼ਿਲ੍ਹਾ ਅਦਾਲਤ ਨੇ ਅਪ੍ਰੈਲ ਵਿੱਚ ਇੰਸਪੈਕਟਰ ਅਮਨਜੋਤ ਕੌਰ ਖਿਲਾਫ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ।

ਦੱਸ ਦੇਈਏ ਇਸ ਚਿੱਠੀ ਦਾ ਖ਼ੁਲਾਸਾ ਸੋਸ਼ਲ ਐਕਟੀਵਿਸਟ ਮਾਨਿਕ ਗੋਇਲ ਵੱਲੋਂ ਸੋਸ਼ਲ ਮੀਡੀਆ ਸਾਈਟ ਐਕਸ ’ਤੇ ਕੀਤਾ ਗਿਆ ਸੀ ਜਿਸ ਨੂੰ ਕਾਂਗਰਸ ਆਗੂ ਸੁਖਪਾਲ ਖਹਿਰਾ ਨੇ ਆਪਣੇ ਐਕਸ ਹੈਂਡਲ ’ਤੇ ਸ਼ੇਅਰ ਕੀਤਾ ਹੈ।

ਮਾਨਿਕ ਗੋਇਲ ਨੇ ਲਿਖਿਆ ਹੈ ਕਿ ਪੰਜਾਬ ’ਚ ਸੱਤਾ ਦੇ ਗਲਿਆਰਿਆਂ ਨੂੰ ਹਿਲਾ ਕੇ ਰੱਖ ਦੇਣ ਵਾਲੀ ਧਮਾਕੇਦਾਰ ਸ਼ਿਕਾਇਤ ਸਾਹਮਣੇ ਆਈ ਹੈ। ਸਾਈਬਰ ਕ੍ਰਾਈਮ ਵਿੱਚ ਸੇਵਾ ਨਿਭਾਅ ਰਹੀ ਇੰਸਪੈਕਟਰ ਅਮਨਜੋਤ ਕੌਰ ਨੇ 100 ਕਰੋੜ ਦੇ ਵੱਡੇ ਸਾਈਬਰ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਜਿਸ ਦਾ ਦਾਅਵਾ ਹੈ ਕਿ ‘ਆਪ’ ਮੰਤਰੀ ਹਰਜੋਤ ਬੈਂਸ ਅਤੇ ਉਨ੍ਹਾਂ ਦੀ ਪਤਨੀ ਐੱਸਪੀ ਜੋਤੀ ਯਾਦਵ ਨਾਲ ਸਿੱਧੇ ਸਬੰਧ ਹਨ।

ਇਸ ਮਾਮਲੇ ’ਤੇ ਕੀ ਬੋਲੇ ਹਰਜੋਤ ਬੈਂਸ

ਇੰਸਪੈਕਟਰ ਅਮਨਜੋਤ ਕੌਰ ਦੀ ਚਿੱਠੀ ਸਾਹਮਣੇ ਆਉਣ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਸੋਸ਼ਲ ਮੀਡੀਆ ਪੋਸਟ ਰਾਹੀਂ ਸਪਸ਼ਟ ਕੀਤਾ ਹੈ ਕਿ ਮੇਰੇ ਅਤੇ ਮੇਰੀ ਪਤਨੀ ’ਤੇ ਲੱਗੇ ਇਲਜ਼ਾਮ ਬੇਬੁਨਿਆਦ ਹਨ। ਮੇਰੀ ਪਤਨੀ ਇੱਕ ਬੇਦਾਗ ਰਿਕਾਰਡ ਵਾਲੀ ਮਿਸਾਲੀ ਆਈਪੀਐਸ ਅਧਿਕਾਰੀ ਹੈ ਤੇ ਉਸ ’ਤੇ ਇਹ ਬੇਬੁਨਿਆਦ ਇਲਜ਼ਾਮ ਇੱਕ ਦਾਗੀ ਅਧਿਕਾਰੀ ਵੱਲੋਂ ਲਾਏ ਗਏ ਹਨ।

ਬੈਂਸ ਨੇ ਕਿਹਾ ਹੈ ਕਿ ਅਸੀਂ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਾਂਗੇ। ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹੋਣ ਦੇ ਨਾਤੇ, ਇਮਾਨਦਾਰੀ ਮੇਰਾ ਧਰਮ ਹੈ। ਮੈਨੂੰ ਮੇਰੀ ਪਤਨੀ ’ਤੇ ਮਾਣ ਹੈ, ਜੋ ਪੇਸ਼ੇਵਰਤਾ ਅਤੇ ਇਮਾਨਦਾਰੀ ਨੂੰ ਦਰਸਾਉਂਦੀ ਹੈ। ਅਸੀਂ ਸੱਚਾਈ ਸਾਹਮਣੇ ਲਿਆਉਣ ਲਈ ਕਿਸੇ ਵੀ ਜਾਂਚ ਦਾ ਸਵਾਗਤ ਕਰਦੇ ਹਾਂ।