ਬਿਉਰੋ ਰਿਪੋਰਟ: ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤੀ ਖਿਡਾਰੀਆਂ ਦਾ ਰਿਕਾਰਡ ਤੋੜ ਪ੍ਰਦਰਸ਼ਨ ਜਾਰੀ ਹੈ। ਖੇਡਾਂ ਦੇ 7ਵੇਂ ਦਿਨ ਭਾਰਤ ਨੂੰ ਇਸ ਵਾਰ ਵੀ 21ਵਾਂ ਤਮਗਾ ਮਿਲਿਆ ਹੈ। ਭਾਰਤ ਦੇ ਸਚਿਨ ਖਿਲਾਰੀ ਨੇ ਪੁਰਸ਼ਾਂ ਦੇ ਸ਼ਾਟ ਪੁਟ F46 ਵਰਗ ਵਿੱਚ ਦੇਸ਼ ਲਈ ਤਮਗਾ ਜਿੱਤਿਆ ਹੈ। ਉਸ ਨੇ ਏਸ਼ੀਆਈ ਰਿਕਾਰਡ ਦੇ ਨਾਲ ਚਾਂਦੀ ਦਾ ਤਗਮਾ ਜਿੱਤਿਆ ਹੈ। ਸਚਿਨ ਸਰਜੇਰਾਓ ਖਿਲਾਰੀ ਨੇ 16.32 ਮੀਟਰ ਦੀ ਸਰਵੋਤਮ ਥਰੋਅ ਨਾਲ ਜਿੱਤ ਦਰਜ ਕੀਤੀ। ਉਸ ਕੋਲ ਸੋਨ ਤਗਮਾ ਜਿੱਤਣ ਦਾ ਵੀ ਮੌਕਾ ਸੀ, ਪਰ ਉਹ ਸਿਰਫ਼ 0.06 ਮੀਟਰ ਦੇ ਫਰਕ ਨਾਲ ਖੁੰਝ ਗਿਆ।
ਸਚਿਨ ਖਿਲਾਰੀ ਦਾ ਵੱਡਾ ਕਾਰਨਾਮਾ
ਪੁਰਸ਼ਾਂ ਦੇ ਸ਼ਾਟ ਪੁਟ ਐਫ46 ਵਰਗ ਦੇ ਫਾਈਨਲ ਵਿੱਚ ਸਚਿਨ ਦੀ ਪਹਿਲੀ ਕੋਸ਼ਿਸ਼ 14.72 ਮੀਟਰ, ਦੂਜੀ ਕੋਸ਼ਿਸ਼ 16.32 ਮੀਟਰ, ਤੀਜੀ ਕੋਸ਼ਿਸ਼ 16.15 ਮੀਟਰ, ਚੌਥੀ ਕੋਸ਼ਿਸ਼ 16.31 ਮੀਟਰ, ਪੰਜਵੀਂ ਕੋਸ਼ਿਸ਼ 16.03 ਮੀਟਰ ਅਤੇ ਛੇਵੀਂ ਕੋਸ਼ਿਸ਼ 15.95 ਮੀਟਰ ਰਹੀ। 16.32 ਮੀਟਰ ਦੀ ਦੂਜੀ ਕੋਸ਼ਿਸ਼ ਇੱਕ ਨਵਾਂ ਏਸ਼ਿਆਈ ਰਿਕਾਰਡ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਵੀ ਇਹ ਰਿਕਾਰਡ ਸਚਿਨ ਦੇ ਨਾਂ ਹੀ ਸੀ। ਉਸਨੇ ਮਈ 2024 ਵਿੱਚ ਜਾਪਾਨ ਵਿੱਚ ਹੋਈ ਵਿਸ਼ਵ ਪੈਰਾ-ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਅਤੇ ਇੱਕ ਏਸ਼ਿਆਈ ਰਿਕਾਰਡ ਬਣਾਇਆ। ਉਥੇ ਹੀ ਕੈਨੇਡਾ ਦੇ ਗ੍ਰੇਗ ਸਟੀਵਰਟ ਨੇ 16.38 ਮੀਟਰ ਨਾਲ ਸੋਨ ਤਮਗਾ ਜਿੱਤਿਆ। ਮਤਲਬ ਸਚਿਨ ਸਿਰਫ 0.06 ਮੀਟਰ ਪਿੱਛੇ ਰਹਿ ਗਿਆ। ਇਸ ਦੇ ਨਾਲ ਹੀ ਇਸੇ ਈਵੈਂਟ ਵਿੱਚ ਭਾਰਤ ਦੇ ਮੁਹੰਮਦ ਯਾਸਰ ਅੱਠਵੇਂ ਅਤੇ ਰੋਹਿਤ ਕੁਮਾਰ ਨੌਵੇਂ ਸਥਾਨ ’ਤੇ ਰਹੇ।
MEDAL No. 21 for India at Paris Paralympics
Sachin Khilari wins Silver medal in F46 Shot put event. #Paralympics2024 pic.twitter.com/FIwX7yXzdb
— India_AllSports (@India_AllSports) September 4, 2024
34 ਸਾਲਾ ਸਚਿਨ ਖਿਲਾਰੀ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਨਾਲ ਸਬੰਧਤ ਹੈ। ਉਹ 30 ਸਾਲਾਂ ਵਿੱਚ ਪੈਰਾਲੰਪਿਕ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਸ਼ਾਟ ਪੁਟਰ ਬਣ ਗਿਆ ਹੈ। ਤੁਹਾਨੂੰ ਦੱਸ ਦੇਈਏ, F46 ਸ਼੍ਰੇਣੀ ਉਨ੍ਹਾਂ ਐਥਲੀਟਾਂ ਲਈ ਹੈ ਜਿਨ੍ਹਾਂ ਦੇ ਹੱਥਾਂ ਵਿੱਚ ਕਮਜ਼ੋਰੀ, ਕਮਜ਼ੋਰ ਮਾਸਪੇਸ਼ੀਆਂ ਜਾਂ ਹੱਥਾਂ ਦੀ ਹਿੱਲਜੁਲ ਦੀ ਕਮੀ ਹੈ। ਇਸ ਵਿੱਚ ਅਥਲੀਟ ਖੜ੍ਹੇ ਹੋ ਕੇ ਮੁਕਾਬਲਾ ਕਰਦੇ ਹਨ। ਸਚਿਨ ਦੀ ਗੱਲ ਕਰੀਏ ਤਾਂ ਨੌਂ ਸਾਲ ਦੀ ਉਮਰ ਵਿੱਚ ਉਹ ਇੱਕ ਸਾਈਕਲ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਸੀ, ਜਿਸ ਕਾਰਨ ਉਸ ਦਾ ਖੱਬਾ ਹੱਥ ਫਰੈਕਚਰ ਹੋ ਗਿਆ ਸੀ।