India

ਸਿਆਸਤ ’ਚ ਆਉਣਗੇ ਵਿਨੇਸ਼ ਫੋਗਾਟ ਤੇ ਬਜਰੰਗ ਪੁਨੀਆ! ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ! ਕਾਂਗਰਸ ਵੱਲੋਂ ਟਿਕਟਾਂ ਦੀ ਪੇਸ਼ਕਸ਼

ਨਵੀਂ ਦਿੱਲੀ: ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੁਨੀਆ ਦੀ ਹਰਿਆਣਾ ਦੀ ਸਿਆਸਤ ਵਿੱਚ ਐਂਟਰੀ ਹੋ ਸਕਦੀ ਹੈ। ਇਸ ਸਬੰਧੀ ਪਹਿਲਾਂ ਹੀ ਚਰਚਾਵਾਂ ਚੱਲ ਰਹੀਆਂ ਸਨ ਕਿ ਹੁਣ ਇਸੇ ਵਿਚਾਲੇ ਦੋਵਾਂ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਸੰਕੇਤ ਮਿਲ ਰਹੇ ਹਨ ਕਿ ਇਹ ਦੋਵੇਂ ਚੋਣ ਲੜ ਸਕਦੇ ਹਨ। ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਉਹ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੂੰ ਮਿਲਣ ਵੀ ਗਏ ਹਨ।

ਕਾਂਗਰਸ ਦੇ ਸੂਤਰਾਂ ਮੁਤਾਬਕ ਪਾਰਟੀ ਨੇ ਵਿਨੇਸ਼ ਨੂੰ 3 ਸੀਟਾਂ ਅਤੇ ਬਜਰੰਗ ਨੂੰ 2 ਸੀਟਾਂ ਤੋਂ ਚੋਣ ਲੜਨ ਦਾ ਵਿਕਲਪ ਦਿੱਤਾ ਹੈ। ਹਾਲਾਂਕਿ ਕਾਂਗਰਸ ਦੇ ਸੂਬਾ ਇੰਚਾਰਜ ਦੀਪਕ ਬਾਰੀਆ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਚੋਣ ਲੜਨ ਦਾ ਫੈਸਲਾ ਵਿਨੇਸ਼ ਫੋਗਾਟ ਦਾ ਹੀ ਹੋਵੇਗਾ। ਇਸ ਸਬੰਧੀ ਸਥਿਤੀ ਬੁੱਧਵਾਰ, ਯਾਨੀ ਅੱਜ ਸਪੱਸ਼ਟ ਹੋ ਜਾਵੇਗੀ।

ਉੱਧਰ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਇਨ੍ਹਾਂ ਦੋਵਾਂ ਨੂੰ ਵਿਧਾਨ ਸਭਾ ਚੋਣਾਂ ’ਚ ਉਮੀਦਵਾਰ ਬਣਾ ਕੇ ਭਾਜਪਾ ਵਿਰੁੱਧ ਪਹਿਲਵਾਨ ਲਹਿਰ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਨੂੰ ਬਜਰੰਗ ਪੁਨੀਆ ਦੇ ਚੋਣ ਲੜਨ ਦੇ ਸਕਾਰਾਤਮਕ ਸੰਕੇਤ ਮਿਲੇ ਹਨ, ਪਰ ਮਾਮਲਾ ਵਿਨੇਸ਼ ਦੇ ਫੈਸਲੇ ’ਤੇ ਟਿੱਕਿਆ ਹੋਇਆ ਹੈ।

ਵਿਨੇਸ਼ ਨੂੰ 3 ਤੇ ਬਜਰੰਗ ਨੂੰ 2 ਸੀਟਾਂ ਦੇ ਵਿਕਲਪ ਦੀ ਪੇਸ਼ਕਸ਼

ਕਾਂਗਰਸ ਸੂਤਰਾਂ ਮੁਤਾਬਕ ਵਿਨੇਸ਼ ਫੋਗਾਟ ਨੂੰ ਜੋ 3 ਸੀਟਾਂ ਦੀ ਪੇਸ਼ਕਸ਼ ਕੀਤੀ ਗਈ ਹੈ, ਉਨ੍ਹਾਂ ’ਚੋ ਪਹਿਲੀਆਂ 2 ਸੀਟਾਂ ਚਰਖੀ ਦਾਦਰੀ ਤੇ ਬਾਡੜਾ ਹਨ। ਜੇ ਵਿਨੇਸ਼ ਦਾਦਰੀ ਲਈ ਸਹਿਮਤ ਹੋ ਜਾਂਦੀ ਹੈ, ਤਾਂ ਉਸ ਨੂੰ ਆਪਣੀ ਚਚੇਰੀ ਭੈਣ ਦੰਗਲ ਗਰਲ ਬਬੀਤਾ ਫੋਗਾਟ ਨਾਲ ਮੁਕਾਬਲਾ ਕਰਨਾ ਪੈ ਸਕਦਾ ਹੈ।

ਉੱਧਰ ਬਜਰੰਗ ਪੂਨੀਆ ਨੂੰ ਵੀ ਦੋ ਸੀਟਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਬਜਰੰਗ ਸੋਨੀਪਤ ਤੋਂ ਚੋਣ ਲੜਨ ਦੇ ਚਾਹਵਾਨ ਹਨ ਪਰ ਇੱਥੋਂ ਕਾਂਗਰਸ ਮੌਜੂਦਾ ਵਿਧਾਇਕ ਸੁਰਿੰਦਰ ਪੰਵਾਰ ਨੂੰ ਟਿਕਟ ਦੇਣਾ ਚਾਹੁੰਦੀ ਹੈ। ਪੰਵਾਰ ਇਸ ਸਮੇਂ ਈਡੀ ਮਾਮਲੇ ਵਿੱਚ ਜੇਲ੍ਹ ਵਿੱਚ ਹੈ। ਜੇਕਰ ਉਹ ਚੋਣ ਨਹੀਂ ਲੜਦੇ ਤਾਂ ਉਨ੍ਹਾਂ ਦੇ ਪੁੱਤਰ ਜਾਂ ਨੂੰਹ ਨੂੰ ਟਿਕਟ ਮਿਲ ਸਕਦੀ ਹੈ। ਉਨ੍ਹਾਂ ਦੀ ਟਿਕਟ ਰੱਦ ਕਰ ਕੇ ਕਾਂਗਰਸ ਇਹ ਸੰਕੇਤ ਨਹੀਂ ਦੇਣਾ ਚਾਹੁੰਦੀ ਕਿ ਪਾਰਟੀ ਨੇ ਮੁਸੀਬਤ ਦੇ ਸਮੇਂ ਆਗੂ ਦਾ ਸਾਥ ਛੱਡ ਦਿੱਤਾ।

ਬਜਰੰਗ ਨੇ ਝੱਜਰ ਦੀ ਬਦਲੀ ਸੀਟ ’ਤੇ ਵੀ ਦਿਲਚਸਪੀ ਦਿਖਾਈ ਹੈ ਪਰ ਇੱਥੋਂ ਕਾਂਗਰਸ ਨੇ ਮੌਜੂਦਾ ਵਿਧਾਇਕ ਕੁਲਦੀਪ ਵਤਸ ਦੀ ਟਿਕਟ ਫਾਈਨਲ ਕਰ ਦਿੱਤੀ ਹੈ। ਵਟਸ ਇੱਕ ਵੱਡਾ ਬ੍ਰਾਹਮਣ ਚਿਹਰਾ ਹੈ, ਇਸ ਲਈ ਕਾਂਗਰਸ ਉਸਦੀ ਟਿਕਟ ਕੱਟ ਕੇ ਬ੍ਰਾਹਮਣ ਵੋਟ ਬੈਂਕ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ। ਕਾਂਗਰਸ ਵੱਲੋਂ ਬਜਰੰਗ ਨੂੰ ਬਹਾਦਰਗੜ੍ਹ ਅਤੇ ਭਿਵਾਨੀ ਦਾ ਵਿਕਲਪ ਦਿੱਤਾ ਗਿਆ ਹੈ। ਇਹ ਦੋਵੇਂ ਜਾਟ ਸੀਟਾਂ ਹਨ।