Punjab

ਪੰਜਾਬ ’ਚ ਵੱਡਾ ਪੁਲਿਸ ਮੁਕਾਬਲਾ! ਗੈਂਗਸਟਰ ਭਗਵਾਨਪੁਰੀਆ ਦੇ ਸਾਥੀ ਨੂੰ ਮਾਰੀਆਂ 5 ਗੋਲ਼ੀਆਂ, ਹਾਲਤ ਨਾਜ਼ੁਕ

ਬਿਉਰੋ ਰਿਪੋਰਟ: ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਤੇ ਬਦਨਾਮ ਗੈਂਗਸਟਰ ਕਨੂੰ ਗੁੱਜਰ ਦਾ ਜਲੰਧਰ ਵਿੱਚ ਇੱਕ ਪੁਲਿਸ ਮੁਕਾਬਲਾ ਹੋਇਆ ਹੈ। ਇਸ ਮੁਕਾਬਲੇ ਵਿੱਚ ਦੋਵਾਂ ਪਾਸਿਆਂ ਤੋਂ ਕਰੀਬ 9 ਗੋਲ਼ੀਆਂ ਚਲਾਈਆਂ ਗਈਆਂ ਜਿਸ ਵਿੱਚ ਕਨੂੰ ਗੁੱਜਰ ਨੂੰ 5 ਦੇ ਕਰੀਬ ਗੋਲ਼ੀਆਂ ਲੱਗੀਆਂ ਹਨ। ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਮੁਕਾਬਲੇ ਦੌਰਾਨ ਪੁਲਿਸ ਨੇ ਮੌਕੇ ਤੋਂ ਮੁਲਜ਼ਮਾਂ ਕੋਲੋਂ 2 ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਗੈਂਗਸਟਰ ਕਨੂੰ ਗੁੱਜਰ ਗੈਂਗਸਟਰ ਭਗਵਾਨਪੁਰੀਆ ਲਈ ਕੰਮ ਕਰਦਾ ਸੀ।

ਜਲੰਧਰ ਸਿਟੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੇਸ ਦਰਜ ਕੀਤਾ ਸੀ। ਜਿਸ ਵਿੱਚ ਕਨੂੰ ਗੁੱਜਰ ਫਰਾਰ ਸੀ। ਸੂਚਨਾ ਦੇ ਆਧਾਰ ’ਤੇ ਅੱਜ ਸਵੇਰੇ ਥਾਣਾ ਸਿਟੀ ਦੀ ਸੀਆਈਏ ਸਟਾਫ਼ ਦੀ ਟੀਮ ਨੇ ਨਵਾਂਸ਼ਹਿਰ ਦੇ ਬਲਾਚੌਰ ਇਲਾਕੇ ਤੋਂ ਕਨੂੰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ ਪੁਲਿਸ ਹਥਿਆਰ ਬਰਾਮਦ ਕਰ ਰਹੀ ਸੀ ਤਾਂ ਮੁਲਜ਼ਮ ਨੇ ਹੱਥ ਛੁਡਵਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਜ਼ਮਾਂ ਨੇ ਬਰਾਮਦ ਹਥਿਆਰਾਂ ਨਾਲ ਪੁਲਿਸ ’ਤੇ ਗੋਲ਼ੀਆਂ ਚਲਾ ਦਿੱਤੀਆਂ।

ਬਰਾਮਦਗੀ ਦੌਰਾਨ ਮੁਲਜ਼ਮਾਂ ਨੇ ਚਲਾਈਆਂ ਗੋਲ਼ੀਆਂ

ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮਾਂ ਨੇ ਜਲੰਧਰ ਵਿੱਚ ਹਥਿਆਰ ਲੁਕਾਏ ਹੋਏ ਸਨ। ਗ੍ਰਿਫ਼ਤਾਰੀ ਤੋਂ ਬਾਅਦ ਸੀਆਈਏ ਸਟਾਫ਼ ਦੀ ਟੀਮ ਮੁਲਜ਼ਮ ਨੂੰ ਤੁਰੰਤ ਜਲੰਧਰ ਦੇ 66 ਫੁੱਟ ਰੋਡ ’ਤੇ ਲੈ ਆਈ। ਜਿੱਥੇ ਮੁਲਜ਼ਮ ਨੇ ਦੱਸਿਆ ਕਿ ਉਸ ਕੋਲ ਹਥਿਆਰ ਪਏ ਹਨ। ਜਦੋਂ ਪੁਲਿਸ ਮੁਲਜ਼ਮਾਂ ਨੂੰ ਲੈ ਕੇ ਉਥੇ ਪੁੱਜੀ ਤਾਂ ਮੁਲਜ਼ਮ ਪੁਲਿਸ ਤੋਂ ਹੱਥੋਪਾਈ ਹੋ ਗਿਆ। ਜਿਸ ਤੋਂ ਬਾਅਦ ਮੁਲਜ਼ਮ ਕੋਲੋਂ ਬਰਾਮਦ ਹਥਿਆਰ ਨਾਲ ਉਸ ਨੇ ਗੋਲ਼ੀ ਚਲਾ ਦਿੱਤੀ।

ਗੁੱਜਰ ਦੇ ਪੈਰਾਂ, ਪੇਟ ਅਤੇ ਪਿੱਠ ’ਤੇ ਲੱਗੀਆਂ ਗੋਲ਼ੀਆਂ

ਮੁਲਜ਼ਮਾਂ ਨੇ ਸੀਆਈਏ ਪੁਲਿਸ ਪਾਰਟੀ ’ਤੇ ਸਿੱਧੀ ਫਾਇਰਿੰਗ ਕੀਤੀ ਸੀ। ਖੁਸ਼ਕਿਸਮਤੀ ਇਹ ਰਹੀ ਕਿ ਪੁਲਿਸ ਪਾਰਟੀ ਨੂੰ ਕੋਈ ਗੋਲ਼ੀ ਨਹੀਂ ਲੱਗੀ। ਇਸ ਮਗਰੋਂ ਸਿਟੀ ਪੁਲਿਸ ਦੀ ਸੀਆਈਏ ਸਟਾਫ਼ ਦੀ ਟੀਮ ਨੇ ਜਵਾਬੀ ਕਾਰਵਾਈ ਕੀਤੀ। ਜਿਸ ਵਿੱਚ ਗੁੱਜਰ ਨੂੰ ਪੰਜ ਗੋਲ਼ੀਆਂ ਲੱਗੀਆਂ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀਦੇ ਪੈਰਾਂ, ਪੇਟ ਅਤੇ ਪਿੱਠ ’ਤੇ ਗੋਲੀਆਂ ਲੱਗੀਆਂ ਹਨ। ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ

ਸਿਵਲ ਹਸਪਤਾਲ ਵਿੱਚ ਹੋ ਰਿਹਾ ਇਲਾਜ

ਦੱਸ ਦੇਈਏ ਕਿ ਸੀਆਈਏ ਸਟਾਫ਼ ਦੀ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਸਿਵਲ ਹਸਪਤਾਲ ਜਲੰਧਰ ਲਿਆਂਦਾ ਸੀ। ਜਿੱਥੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਫਿਲਹਾਲ ਗੁੱਜਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਉਸ ਦਾ ਕਾਫੀ ਖੂਨ ਵਹਿ ਚੁੱਕਾ ਹੈ। ਇਹ ਮੁਕਾਬਲਾ ਸੀਆਈਏ ਸਟਾਫ਼ ਦੇ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਦੀ ਟੀਮ ਵੱਲੋਂ ਕੀਤਾ ਗਿਆ। ਜਲਦੀ ਹੀ ਪੁਲਿਸ ਵੱਲੋਂ ਮੁਕਾਬਲੇ ਸਬੰਧੀ ਸਦਰ ਥਾਣੇ ਵਿੱਚ ਵੱਖਰੀ ਐਫਆਈਆਰ ਦਰਜ ਕੀਤੀ ਜਾਵੇਗੀ।