Khetibadi Punjab

ਖੇਤੀ ਮੰਤਰੀ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਬੋਲੇ ਕਿਸਾਨ ਲੀਡਰ ਉਗਰਾਹਾਂ! ‘ਲਗਾਤਾਰ ਚੱਲੇਗਾ ਮੋਰਚਾ!’ ‘5 ਨੂੰ ਕਰਾਂਗੇ ਵੱਡਾ ਐਲਾਨ’

ਬਿਉਰੋ ਰਿਪੋਰਟ: ਚੰਡੀਗੜ੍ਹ ਦੇ ਮਟਕਾ ਚੌਂਕ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਗ ਪੱਤਰ ਸੌਂਪਣ ਤੋਂ ਬਾਅਦ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਧਰਨਾ ਹਾਲੇ ਨਹੀਂ ਚੁੱਕਿਆ ਜਾਵੇਗਾ। ਅਸੀਂ ਸਰਕਾਰ ਦੇ ਜਵਾਬ ਦਾ ਇੰਤਜ਼ਾਰ ਕਰਾਂਗੇ। ਕੱਲ੍ਹ ਮੀਟਿੰਗ ਕੀਤੀ ਜਾਵੇਗੀ। ਪਰਸੋਂ ਵਿਧਾਨ ਸਭਾ ਸੈਸ਼ਨ ’ਤੇ ਵਿਚਾਰ ਕਰਾਂਗੇ। ਮੀਟਿੰਗ ਕਰਕੇ ਜੋ ਵੀ ਫੈਸਲਾ ਹੋਵੇਗਾ ਉਹ 5 ਤਰੀਕ ਨੂੰ ਸਟੇਜ ਤੋਂ ਐਲਾਨਿਆ ਜਾਵੇਗਾ।

ਯਾਨੀ ਉਨ੍ਹਾਂ ਸਪਸ਼ਟ ਕਰ ਦਿੱਤਾ ਹੈ ਕਿ ਮੋਰਚਾ ਲੱਗਾ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੋਰਚਾ ਲਗਾਤਾਰ ਚੱਲਦਾ ਹੁੰਦਾ ਹੈ, ਇਹ ਇੱਕ ਥਾਂ ਨਹੀਂ ਲੱਗਦਾ, ਇਸ ਦਾ ਸਥਾਨ ਬਦਲ ਵੀ ਸਕਦਾ ਹੈ। ਮੋਰਚੇ ਨੂੰ ਕੋਈ ਵੀ ਦਿਸ਼ਾ ਦਿੱਤੀ ਜਾ ਸਕਦਾ ਹੈ, ਇਸ ਬਾਰੇ ਦੇਖਾਂਗੇ।

ਉਨ੍ਹਾਂ ਕਿਹਾ ਕਿ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਵਰਤਿਆ ਗਿਆ ਸ਼ਬਦ ‘ਵਕਾਲਤ’ ਬਹੁਤ ਸਕਾਰਾਤਮਕ ਹੈ। ਜੇ ਸਰਕਾਰ ਦਾ ਨੁਮਾਇੰਦਾ, ਖ਼ਾਸ ਕਰਕੇ ਖੇਤੀ ਮੰਤਰੀ ਖ਼ੁਦ ਇਹ ਗੱਲ ਕਹਿੰਦਾ ਹੈ ਕਿ ਉਹ ਕਿਸਾਨਾਂ ਦੀ ਵਕਾਲਤ ਕਰੇਗਾ ਤਾਂ ਸਾਨੂੰ ਇਸ ਦੇ ਇਲਾਵਾ ਹੋਰ ਕੀ ਚਾਹੀਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡਾ ਮੰਗ ਪੱਤਰ ਸਰਕਾਰ ਦੇ ਵਿੱਚ ਵਿਚਾਰਿਆ ਜਾਵੇ। ਨਾਲੋ ਕੋਈ ਇਸ ਦੀ ਕੋਈ ਵਕਾਲਤ ਕਿਉਂ ਨਾ ਕਰੇ, ਇਹ ਅਨਾਜ ਤੇ ਜ਼ਮੀਨਾਂ ਦਾ ਮਸਲਾ ਹੈ।

ਦੱਸ ਦੇਈਏ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਚੰਡੀਗੜ੍ਹ ਦੇ ਸੈਕਟਰ 34 ਵਿੱਚ ਪੰਜ ਰੋਜ਼ਾ ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਮੋਰਚਾ ਸ਼ੁਰੂ ਕੀਤਾ ਗਿਆ ਹੈ। ਅੱਜ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਪਹਿਲਾ ਦਿਨ ਸੀ, ਜਿਸ ਦੇ ਤਹਿਤ ਉਨ੍ਹਾਂ ਵੱਲੋਂ ਵਿਧਾਨ ਸਭਾ ਤੱਕ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਮਟਕਾ ਚੌਂਕ ਤੱਕ ਰੋਸ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ।

ਇਸ ਤੋਂ ਬਾਅਦ ਕਿਸਾਨਾਂ ਮਜ਼ਦੂਰਾਂ ਦਾ ਜਥਾ ਕਰੀਬ ਸ਼ਾਮ ਪੰਜ ਵਜੇ ਮਟਕਾ ਚੌਂਕ ਪਹੁੰਚਿਆ ਜਿੱਥੇ ਕਿਸਾਨਾਂ ਵੱਲੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ। ਜੋਗਿੰਦਰ ਸਿੰਘ ਉਗਰਾਹਾਂ ਮਾਰਚ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ ਰਾਕੇਸ਼ ਟਿਕੈਟ ਤੇ ਕਿਸਾਨਾਂ ਦੀ ਪੂਰੀ ਲੀਡਰਸ਼ਿਪ ਮੌਜੂਦ ਰਹੀ।

ਇਹਵੀ ਪੜ੍ਹੋ – ਮਟਕਾ ਚੌਂਕ ਪਹੁੰਚੇ ਖੇਤੀ ਮੰਤਰੀ ਖੁੱਡੀਆਂ! ‘ਕਿਸਾਨਾਂ ਦਾ ਵਕੀਲ ਬਣ ਕੇ ਸਰਕਾਰ ਤੱਕ ਗੱਲ ਪਹੁੰਚਾਊਂਗਾ’