Punjab

ਪੰਜਾਬ ਵਿਧਾਨ ਸਭਾ ਵਿੱਚ ਇਨ੍ਹਾਂ ਲੀਡਰਾਂ ਨੇ ਚੁੱਕੇ ਇਹ ਮੁੱਦੇ

ਬਿਊਰੋ ਰਿਪੋਰਟ –  ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਵਿੱਚ ਮੁੱਖ ਮੰਤਰੀ ਸਮੇਤ ਕਈ ਹੋਰ ਵਿਧਾਨ ਸਭਾ ਦੇ ਮੈਂਬਰਾਂ ਨੇ ਕਈ ਮੁੱਦੇ ਚੁੱਕੇ ਹਨ। ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਲੀਡਰ ਪਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਲਈ ਕੈਮਰਿਆਂ ਨੂੰ ਲੈ ਕੇ ਕੋਈ ਨਿਯਮ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਰਾਜ ਸਭਾ ਅਤੇ ਲੋਕ ਸਭਾ ਦੇ ਵੀ ਮੈਂਬਰ ਰਹੇ ਹਨ ਉੱਥੇ ਸਾਰੇ ਨਿਯਮ ਹਨ। ਉਨਾਂ ਸਪੀਕਰ ਨੂੰ ਕਿਹਾ ਕਿ 9 ਅਗਸਤ ਨੰ ਚੀਫ ਜਸਟਿਸ ਨੇ ਤਹਾਨੂੰ ਇਕ ਬੇਨਤੀ ਭੇਜੀ ਹੈ। ਉਸ ਵਿੱਚ ਕਿਹਾ ਹੈ ਕਿ ਸਾਰਿਆਂ ਨੂੰ ਬਰਾਬਰ ਦਾ ਮੌਕਾ ਜ਼ਰੂਰ ਦਿੱਤਾ ਜਾਵੇ। ਉਨ੍ਹਾਂ ਸਪਕੀਰ ਨੂੰ ਕਿਹਾ ਕਿ ਉਹ ਸਾਰਿਆਂ ਨੂੰ ਇਸੇ ਸੈਸ਼ਨ ਤੋਂ ਬਰਾਬਰੀ ਦਾ ਹੱਕ ਦਿਵਾਉਣ।

ਇਸ ਤੋਂ ਇਲਾਵਾ ਪਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਸੈਸ਼ਨ ਦੇ ਸਮੇਂ ਨੂੰ ਲੰਬਾ ਕਰਨ ਦੀਆਂ ਗੱਲਾਂ ਯਾਦ ਕਰਵਾਇਆਂ। ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਵਿਚ ਸੀ ਤਾਂ ਇਹ ਸੈਸ਼ਨ ਦੇ ਸਮੇਂ ‘ਤੇ ਸਵਾਲ ਚੁੱਕਦੇ ਸਨ ਪਰ ਹੁਣ ਦਾ ਸੈਸ਼ਨ ਸਿਰਫ 3 ਦਿਨ ਦਾ ਰੱਖਿਆ ਹੈ। ਉਨ੍ਹਾਂ ਕਿਹਾ ਕਿ 8 ਤੋਂ 9 ਦਿਨ ਇਸ ਸੈਸ਼ਨ ਨੂੰ ਵਧਾਇਆ ਜਾਣਾ ਚਾਹੀਦਾ ਹੈ ਤਾਂ ਕਿ ਹਰ ਮੈਂਬਰ ਆਪਣੇ ਗੱਲ ਸਦਨ ਵਿੱਚ ਰੱਖ ਸਕੇ। ਬਾਜਵਾ ਨੇ ਕਿਹਾ ਕਿ ਕਿਸਾਨ ਬਾਰਡਰਾਂ ‘ਤੇ ਬੈਠੇ ਹਨ ਅਤੇ ਖਾਦਾ ਨਕਲੀ ਮਿਲ ਰਹੀਆਂ ਹਨ ਅਤੇ ਬਰਗਾੜੀ ਮਾਮਲੇ ਵਿੱਚ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਕੋਈ ਵੀ ਚਰਚਾ ਨਹੀਂ ਹੋਈ ਹੈ। ਬਾਜਵੇ ਨੇ ਮੁੱਖ ਮੰਤਰੀ ਨੂੰ ਘੇਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਮੁੱਖੀ ਦੀ ਢਾਈ ਸਾਲ ਤੋਂ ਪਰੌਸੀਕਿਊਸਨ ਦੀ ਫਾਇਲ ਮੁੱਖ ਮੰਤਰੀ ਦਫਤਰ ਵਿਚ ਪਈ ਹੈ ਪਰ ਉਸ ਨੂੰ ਅਜੇ ਤੱਕ ਮਨਜੂਰੀ ਨਹੀਂ ਦਿੱਤੀ ਗਈ ਹੈ।  ਬਾਜਵਾ ਨੇ ਕਿਹਾ ਕਿ ਜੇਕਰ ਸਿੱਖ ਸਟੇਟ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਤਾਂ ਬੇਅਦਬੀ ਵਿੱਚ ਸ਼ਾਮਲ ਲੋਕਾਂ ਨੂੰ ਅਸੀਂ ਸਜ਼ਾ ਨਹੀਂ ਦੇ ਸਕਦੇ ਤਾਂ ਅਸੀਂ ਕਿਸ ਸਰਕਾਰ ਦੀ ਗੱਲ ਕਰ ਰਹੇ ਹਾਂ। ਇਸ ਮੌਕੇ ਉਨ੍ਹਾਂ ਨੇ ਜੇਲ੍ਹ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਬਠਿੰਡਾ ਦੇ ਜੇਲ੍ਹ ਸੁਪਰਡੈਟ ਨੇ ਪਰੇਸ਼ਾਨ ਹੋ ਕੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ  ਜੇਲ੍ਹਾਂ ਨੂੰ ਗੈਂਗਸਟਰ ਚਲਾ ਰਹੇ ਹਨ ਅਤੇ ਪੁਲਿਸ ਅਫਸਰਾਂ ਨੇ ਲਾਰੈਂਸ ਬਿਸਨੋਈ ਦੀ ਇੰਟਰਵਿਊ ਕਰਵਾਈ ਹੈ। ਇਸ ਤਰ੍ਹਾਂ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨੂੰ ਇਨਸਾਫ ਕਿਵੇਂ ਦਵਾ ਸਕਦੇ ਹਾਂ. ਉਨ੍ਹਾਂ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਸਮੇਤ ਕਈ ਹੋਰ ਮੰਤਰੀਆਂ ਨੂੰ ਚਿੱਠੀਆ ਲਿਖੀਆਂ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ। 

ਸੁਖਪਾਲ ਸਿੰਘ ਖਹਿਰਾ ਨੇ ਵੀ ਸੈਸ਼ਨ ਦੇ ਸਮੇਂ ‘ਤੇ ਸਵਾਲ ਚੁੱਕਦੀਆਂ ਕਿਹਾ ਕਿ ਆਮ ਆਮਦੀ ਪਾਰਟੀ ਦੇ ਕਈ ਲੀਡਰਾਂ ਨੇ ਕਾਂਗਰਸ ਸਰਕਾਰ ਸਮੇਂ ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਸੀ। 2021 ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੁਦ Winter Session ਨੂੰ 15 ਦਿਨਾ ਤੱਕ ਕਰਨ ਦੀ ਮੰਗ ਕੀਤੀ ਸੀ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬੇਅਦਬੀ ਦਾ ਮਸਲਾ ਪਿਛਲੇ ਢਾਈ ਸਾਲ ਤੋਂ ਜਿਉਂ ਦਾ ਤਿਉ ਲਟਕ ਰਿਹਾ ਹੈ ਅਤੇ ਲੁਧਿਆਣਾ ਦਾ ਬੁੱਢਾ ਨਾਲੇ ਦੀ ਸਮੱਸਿਆ ਪਹਿਲਾਂ ਵਾਂਗ ਹੀ ਬਣੀ ਹੋਈ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਇਕ ਗੁਰਪ੍ਰੀਤ ਗੋਗੀ ਨੇ ਉਦਘਾਟਨ ਨੂੰ ਤੋੜ ਕੇ ਵਿਰੋਧ ਜਤਾਇਆ ਸੀ ਪਰ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਨਾਲ ਕੈਂਸਰ ਦੀ ਬਿਮਾਰੀ ਲਗਾਤਾਰ ਵਧ ਰਹੀ ਹੈ। ਇਸ ਤੋਂ ਇਲਾਵਾ ਡਰੱਗ ਨੇ ਸੂਬੇ ਵਿੱਚ ਹਾਹਾਕਾਰ ਮਚਾਈ ਹੋਈ ਹੈ ਪਰ ਇਸ ‘ਤੇ ਵੀ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। 

ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਢਾਈ ਸਾਲ ਬੀਤਣ ਦੇ ਬਾਵਜੂਦ ਰਾਮ ਰਹੀਮ ਖਿਲਾਫ ਫਾਈਲ ‘ਤੇ ਸਾਈਨ ਕਿਉ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਮੇਰੇ ਹਲਕੇ ਵਿੱਚ ਕੋਈ ਦਰਿਆ ਵੀ ਨਹੀਂ ਵਗਦਾ ਪਰ ਫਿਰ ਵੀ ਨਜਾਇਜ ਮਾਈਨਿੰਗ ਹੋ ਰਹੀ ਹੈ। ਪਰਗਟ ਸਿੰਘ ਨੇ ਕਿਹਾ ਕਿ ਮੇਰੇ ਹਲਕੇ ਵਿੱਚ 70 ਫੁੱਟ ਤੱਕ ਨਜਾਇਜ ਮਾਈਨਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖੁਦ ਜਾ ਕੇ ਜਲੰਧਰ ਵਿੱਚ ਰਹਿ ਰਹੇ ਹਨ ਪਰ ਫਿਰ ਵੀ ਅਜਿਹਾ ਲਗਾਤਾਰ ਹੋ ਰਿਹਾ ਹੈ। ਮਾਈਨਿੰਗ ਕਰਨ ਵਾਲਿਆਂ ਨੂੰ ਕੋਈ ਵੀ ਨਹੀਂ ਪੁੱਛ ਰਿਹਾ। ਪੁਲਿਸ ਵੱਲੋਂ ਮਿਲ ਕੇ ਮਾਈਨਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਸਮਾਂ ਲੰਘ ਜਾਂਦਾ ਹੈ ਅਤੇ ਸਰਕਾਰ ਨੂੰ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇਹ ਭਰੋਸਾ ਬਣ ਚੁੱਕਾ ਹੈ ਕਿ ਸਾਰੇ ਸਿਆਸਤਦਾਨ ਇਕੋ ਹੀ ਹਨ। ਉਨ੍ਹਾ ਮੁੱਖ ਮੰਤਰੀ ਨੂੰ ਕਿਹਾ ਕਿ ਕਿਸੇ ਦਿਨ ਜਾ ਕੇ ਦੇਖਣਾ ਕਿ ਕਿਵੇ ਵਾਤਾਵਰਨ ਦੀਆਂ ਧੱਜੀਆਂ ਉਡ ਰਹੀਆਂ ਹਨ। 

 

ਮੁੱਖ ਮੰਤਰੀ ਨੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਾਤਾਵਰਨ ਪ੍ਰਤੀ ਬਹੁਤ ਸੰਜੀਦਾ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਸਰਕਾਰ ਦਰੱਖਤਾਂ ਦੀ ਅਤੇ ਪਾਣੀਆਂ ਦੀ ਗੱਲ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੁਰਾਣੀ ਕੱਸੀਆਂ ਅਤੇ ਖਾਲ ਲੱਭ ਕੇ ਲੋਕਾਂ ਨੰ ਪਾਣੀ ਦਿੱਤਾ ਹੈ। ਸਾਡੀ ਸਰਕਾਰ ਨੇ 70 ਤੋਂ 75% ਨਹਿਰੀ ਪਾਣੀ ਲੋਕਾਂ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਹੁੰ ਚੁੱਕਣ ਵਾਲੇ ਦਿਨ ਤੱਕ ਸਿਰਫ 21 ਫੀਸਦੀ ਨਹਿਰੀ ਪਾਣੀ ਹੀ ਲੋਕਾਂ ਨੂੰ ਦਿੱਤਾ ਜਾ ਰਿਹਾ ਸੀ ਪਰ ਹੁਣ 75% ਹੋ ਗਈ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਬੁੱਢੇ ਨਾਲੇ ਬਾਰੇ ਸੈਂਟਰ ਸਰਕਾਰ ਨਾਲ ਇਕ ਬਹੁਤ ਵੱਡੀ ਸਕੀਮ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸੇਖਾਵਤ ਆਏ ਸਨ ਤਾਂ ਉਨ੍ਹਾਂ ਕਿਹਾ ਕਿ ਇਸ ਨੂੰ ਸਹੀ ਕਰਨਾ ਚਾਹੀਦਾ ਹੈ ਪਰ ਕੇਂਦਰ ਸਰਕਾਰ ਸਿਵਾਏ ਪ੍ਰੈਸ ਕਾਨਫਰੰਸ ਤੋਂ ਕੁਝ ਨਹੀਂ ਕਰਦੀ। ਮੁੱਖ ਮੰਤਰੀ ਨੇ ਕਿਹਾ ਕਿ ਉਹ 2008 ਤੋਂ ਦੇਖ ਰਹੇ ਹਨ ਕਿ ਬੁੱਢਾ ਨਾਲ ਲੋਕਾਂ ਨੂੰ ਕਿਵੇਂ ਪਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਇਸ ਨਾਲ ਸਿਰਫ ਲੁਧਿਆਣਾ ਸਗੋਂ ਫਾਜ਼ਿਲਕਾ ਦੇ ਵੀ ਕਈ ਪਿੰਡ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਜਦੋਂ ਦਰਿਆ ਪਾਕਿਸਤਾਨ ਦੇ ਕਸੂਰ ਕੋਲ ਜਾਂਦਾ ਹੈ ਤਾਂ ਪਾਕਿਸਤਾਨ ਦੀਆਂ ਫੈਕਟਰੀਆਂ ਇਸ ਨੂੰ ਹੋਰ ਗੰਦਾ ਕਰ ਦਿੰਦਿਆਂ ਹਨ ਅਤੇ ਜਿਸ ਨਾਲ ਫਾਜਿਲਕਾ ਦੇ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਇਸ ਕਰਕੇ ਗੰਦਾ ਪਾਣੀ ਧਰਤੀ ਹੇਠਾਂ ਚਲਾ ਗਿਆ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਹ ਰਾਜਨੀਤੀ ਵਿੱਚ ਨਹੀਂ ਸਨ ਉਦੋਂ ਵੀ ਉਹ ਗੰਦੇ ਪਾਣੀ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਜਾ ਕੇ ਡੂੰਘੇ ਨਲਕੇ ਲਗਵਾਉਂਦੇ ਸਨ। ਉਨ੍ਹਾਂ ਕਿਹਾ ਕਿ ਉਸ ਸਮੇਂ ਇਹ ਪਿੰਡ ਜਲਾਲਾਬਾਦ ਹਲਕੇ ਵਿੱਚ ਆਉਂਦੇ ਸਨ ਜਿਸ ਦਾ ਵਿਧਾਇਕ ਸੁਖਬੀਰ ਸਿੰਘ ਬਾਦਲ ਸੀ ਅਤੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅਸੀ ਹੁਣ ਉਥੇ ਹੁਣ ਡੂੰਘੇ ਬੋਰ ਕਰਵਾ ਰਹੇ ਹਾਂ।

ਹਲਕਾ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕਦੀਆਂ ਕਿਹਾ ਕਿ ਮਾੜੇ ਅਨਸਰਾਂ ਖਿਲਾਫ ਸਖਤੀ ਕੀਤੀ ਜਾਵੇ। ਉਨ੍ਹਾਂ ਇਕ BDPO/SPO ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਉਸ ਦੀ ਤਾਕਤ ਬਹੁਤ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਧਾਨ ਸਭਾ ਵੱਲੋਂ ਬਣਾਈਆਂ ਕਮੇਟੀਆ ਵਿੱਚ ਜਾਇਆ ਜਾਦਾਂ ਹੈ ਤਾਂ ਇਹ ਅਧਿਕਾਰੀ ਬਾਹਰ ਆ ਕੇ ਕਹਿੰਦਾ ਹੈ ਕਿ ਅਜਿਹੀਆਂ ਕਮੇਟੀਆਂ ਦੇ ਪੱਲੇ ਕੀ ਹੈ। ਵਿਧਾਇਕ ਪਾਹੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਅਧਿਕਾਰੀ ਖਿਲਾਫ 60 ਲੱਖ ਦੇ ਗਬਨ ਦੇ 9.50 ਲੱਖ ਪੈਸੇ ਪਾਏ ਸੀ ਪਰ ਉਹ ਫਿਰ ਹੁਣ ਗੁਰਦਾਸਪੁਰ ਵਿੱਚ ਤਾਇਨਾਤ ਹੈ। ਉਸ ਅਧਿਕਾਰੀ ਕੋਲ ਤਾਕਤ ਬਹੁਤ ਹੈ। ਉਨ੍ਹਾਂ ਕਿਹਾ ਜਿਸ ਅਧਿਕਾਰੀ ਨੂੰ ਸਰਕਾਰ ਨੇ  ਵੀ ਪੈਸੇ ਪਾਏ ਹੋਣ ਉਸ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। 

ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਭਾਈ ਜੈਤੈ ਜੀ ਦਾ 5 ਸਤੰਬਰ ਨੂੰ ਜਨਮ ਦਿਹਾੜਾ ਆ ਰਿਹਾ ਹੈ। ਉਨ੍ਹਾਂ ਨੇ 5 ਸਤੰਬਰ ਨੂੰ ਸੂਬੇ ਵਿੱਚ ਸਰਕਾਰ ਛੁੱਟੀ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਇਕ ਚੇਅਰ ਸਥਾਪਤ ਕਰਨ ਦੀ ਮੰਗ ਕੀਤੀ ਹੈ। 

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਪੁਲਿਸ ਵਿੱਚ ਕਈ ਮਗਰਮੱਛ ਹਨ ਜੋ ਭ੍ਰਿਸ਼ਟਾਚਾਰ ਕਰਦੇ ਹਨ। ਇਨ੍ਹਾਂ ਨਾਲ ਨਜਿੱਠਣ ਲਈ ਇਕ ਟਰਾਂਸਫਰ ਪਾਲਸੀ ਹੋਣੀ ਚਾਹੀਦੀ, ਜਿਸ ਨਾਲ ਅਜਿਹੇ ਭ੍ਰਿਸ਼ਟ ਅਫਸਰਾਂ ਨੂੰ ਕੁਝ ਸਮੇਂ ਵਿੱਚ ਬਦਲ ਦਿਤਾ ਜਾਵੇ, ਜਿਸ ਨਾਲ ਇਨ੍ਹਾਂ ਦਾ ਮਾੜੇ ਅਨਸਰਾਂ ਨਾਲ ਲਿੰਕ ਤੋੜ ਦਿਤਾ। ਉਨ੍ਹਾਂ ਕਿਹਾ ਕਿ ਭਾਵੇ ਕਿ ਦੇਸ਼ ਵਿੱਚ ਕਈ ਸਰਕਾਰਾਂ ਹਨ ਪਰ ਸਰਕਾਰ ਚਲਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਮਾਫੀਆਂ ਦਾ ਹੁੰਦਾ ਹੈ। ਹਰ ਸਿਸਟਮ ਨੂੰ ਕੰਟਰੋਲ ਮਾਫੀਆ ਹੀ ਕਰਦਾ ਹੈ। 

ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਵਿੱਚ ਕਈ ਕਾਲੀਆਂ ਭੇਡਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਰ ਥਾਣੇ ਵਿੱਚ ਦੋ ਤੋਂ ਤਿੰਨ ਪੁਲਿਸ ਮੁਲਾਜ਼ਮ ਨਸ਼ੇ ਦੇ ਆਦੀ ਹਨ। ਅਜਿਹੇ ਪੁਲਿਸ ਅਫਸਰਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਪੁਲਿਸ ਅਧਿਕਾਰੀ ਮਾੜੇ ਨਹੀਂ ਹਨ ਪਰ ਕੁਝ ਪੁਲਿਸ ਅਧਿਕਾਰੀਆਂ ਦੇ ਮਾੜੇ ਅਨਸਰਾਂ ਨਾਲ ਸਬੰਧ ਹੋਣ ਕਾਰਨ ਭ੍ਰਿਸ਼ਟਾਚਾਰ ਹੋ ਰਿਹਾ ਹੈ।

 

ਇਹ ਵੀ ਪੜ੍ਹੋ –   ਆਮ ਆਦਮੀ ਪਾਰਟੀ ਨੇ ਕੰਗਣਾ ਖਿਲਾਫ ਕੀਤੀ ਪ੍ਰੈਸ ਕਾਨਫਰੰਸ