India

ਯੋਗੀ ਸਰਕਾਰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਦੀ ਜਾਇਦਾਦ ਕਰੇਗੀ ਨਿਲਾਮ

ਉੱਤਰ ਪ੍ਰਦੇਸ਼ (Uttar Pradesh) ਦੀ ਸਰਕਾਰ ਵੱਲੋਂ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ (Pervez Musharraf) ਦੀ ਜਾਇਦਾਦ ਵੇਚੀ ਜਾ ਰਹੀ ਹੈ। ਇਹ ਪੜ੍ਹ ਕੇ ਤਹਾਨੂੰ ਹੈਰਾਨੀ ਜ਼ਰੂਰ ਹੋਵੇਗੀ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਇਹ ਕਾਰਵਾਈ ਯੋਗੀ ਸਰਕਾਰ ਵੱਲੋਂ ਦੁਸ਼ਮਣ ਦੀ ਜਾਇਦਾਦ ਕਾਨੂੰਨ ਤਹਿਤ ਕੀਤੀ ਜਾ ਰਹੀ ਹੈ। ਮੁਸ਼ੱਰਫ ਦੀ ਜ਼ਮੀਨ ਬੋਲੀ ਲਗਾ ਕੇ ਵੇਚੀ ਜਾਵੇਗੀ। ਦੱਸ ਦੇਈਏ ਕਿ ਪਰਵੇਜ਼ ਮੁਸ਼ੱਰਫ ਦੀ 13 ਵਿੱਘੇ ਜ਼ਮੀਨ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿੱਚ ਹੈ। ਇਹ ਜ਼ਮੀਨ ਮੁਸ਼ੱਰਫ ਅਤੇ ਉਸ ਦੇ ਭਰਾਵਾਂ ਦੀ ਸਾਂਝੀ ਦੱਸੀ ਜਾ ਰਹੀ ਹੈ। ਇਸ ਨੂੰ 5 ਸਤੰਬਰ ਤੱਕ ਬੋਲੀ ਲਗਾ ਕੇ ਨਿਲਾਮ ਕੀਤਾ ਜਾਵੇਗਾ। 

ਭਾਰਤ ਦੀ ਵੰਡ ਤੋਂ ਪਹਿਲਾਂ ਮੁਸ਼ੱਰਫ ਦਾ ਪਰਿਵਾਰ ਬਾਗਪਤ ਦੇ ਪਿੰਡ ਕੋਟਾਨਾ ਵਿੱਚ ਰਹਿੰਦਾ ਸੀ। ਮੁਸ਼ੱਰਫ ਦੇ ਪਿਤਾ ਮੁਸ਼ੱਰਫਦੀਨ ਅਤੇ ਮਾਂ ਬੇਗਮ ਜ਼ਰੀਨ ਦੋਵੇਂ ਕੋਟਾਨਾ ਪਿੰਡ ਦੇ ਵਸਨੀਕ ਸਨ। ਜ਼ਮੀਨ ਤੋਂ ਇਲਾਵਾ ਉਨ੍ਹਾਂ ਦੀ ਇਕ ਹਵੇਲੀ ਵੀ ਹੈ ਜੋ ਹੁਣ ਖੰਡਰ ਦਾ ਰੂਪ ਧਾਰ ਚੁੱਕੀ ਹੈ। 1947 ਵਿੱਚ ਮੁਸ਼ੱਰਫ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ ਸੀ ਅਤੇ ਵੰਡ ਤੋਂ ਬਾਅਦ ਬਣਾਏ ਗਏ ਨਿਯਮਾਂ ਮੁਤਾਬਕ ਇਸ ਨੂੰ ਦੁਸ਼ਮਣ ਦੀ ਜਾਇਦਾਦ ਘੋਸ਼ਿਤ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਮੁਸ਼ੱਰਫ ਦੇ ਪਰਿਵਾਰ ਦੀ ਕੁਝ ਜਾਇਦਾਦ ਕੁਝ ਸਮੇਂ ਪਹਿਲਾਂ ਵਿਕ ਚੁੱਕੀ ਹੈ। ਇਸ ਜ਼ਮੀਨ ਨੂੰ 15 ਸਾਲ ਪਹਿਲਾਂ ਦੁਸ਼ਮਣ ਦੀ ਜਾਇਦਾਦ ਘੋਸ਼ਿਤ ਕੀਤਾ ਗਿਆ ਸੀ। 

ਇਸ ਪਰਿਵਾਰ ਦੀ ਕੁਝ ਜਾਇਦਾਦ ਖੱਦਰ ਅਤੇ ਕੁਝ ਬਾਂਗਰ ਵਿੱਚ ਵੀ ਹੈ। ਐਨੀਮੀ ਪ੍ਰਾਪਰਟੀ ਕਸਟਡੀਅਨ ਦਫਤਰ ਵੱਲੋਂ ਬਾਂਗਰ ਇਲਾਕੇ ਦੀ ਜਾਇਦਾਦ ਦੀ ਨਿਲਾਮੀ ਸ਼ੁਰੂ ਕਰ ਦਿੱਤੀ ਹੈ ਜੋ 5 ਸਤੰਬਰ ਤੱਕ ਜਾਰੀ ਰਹੇਗੀ। ਇਸ ਨਿਲਾਮੀ ਨੂੰ ਆਨਲਾਈਨ ਕੀਤਾ ਜਾਵੇਗਾ। ਇਸ ਦੀ ਬੋਲੀ 37.5 ਲੱਖ ਤੋਂ ਸ਼ੁਰੂ ਹੋਵੇਗੀ ਅਤੇ ਵੱਧ ਬੋਲੀ ਲਗਵਾਉਣ ਵਾਲੇ ਨੂੰ ਇਸ ਜ਼ਮੀਨ ਦਾ ਮਾਲਕ ਬਣਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ –    ਸ਼ਿਵਾ ਜੀ ਦੀ ਡਿੱਗੀ ਮੂਰਤੀ ਦੇ ਖਿਲਾਫ MVA ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ