ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੀਤੇ ਦਿਨ ਪੰਜ ਸਿੰਘ ਸਾਹਿਬਾਨਾਂ ਵੱਲੋਂ ਧਾਰਮਿਕ ਸਜ਼ਾ ਸੁਣਾਉਂਦਿਆਂ ਤਨਖ਼ਾਹੀਆ ਕਰਾਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਖ਼ਿਮਾ ਜਾਚਨਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤਲਬ ਕੀਤਾ ਗਿਆ। ਇਸ ਦੇ ਤਹਿਤ ਅੱਜ ਸੁਖਬੀਰ ਬਾਦਲ ਆਪਣੇ ਸਾਥੀਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਹਨ। ਇਸ ਦੌਰਾਨ ਸੁਖਬੀਰ ਬਾਦਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੰਤਰੀ ਮੰਡਲ ਵਿੱਚ ਰਹੇ ਸ਼ਰਨਜੀਤ ਢਿੱਲੋ, ਦਲਜੀਤ ਸਿੰਘ ਚੀਮਾ ਅਤੇ ਗੁਲਜਾਰ ਸਿੰਘ ਰਣੀਕੇ ਵੀ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਹਨ।
ਤਕਰੀਬਨ ਅੱਧਾ ਘੰਟੇ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਅੰਦਰ ਰਹੇ ਸੁਖਬੀਰ ਸਿੰਘ ਬਾਦਲ ਬਿਨਾਂ ਪ੍ਰੈਸ ਨਾਲ ਗੱਲ ਕੀਤੇ ਰਵਾਨਾ ਹੋ ਗਏ। ਪਰ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਦੱਸਿਆ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਨੂੰ ਕਿਹਾ ਕਿ ਮੈਨੂੰ 30 ਅਗਸਤ ਨੂੰ ਜਿਹੜਾ ਪੰਜ ਸਿੰਘ ਸਾਹਿਬਾਨਾਂ ਵੱਲੋਂ ਹੁਕਨਾਮਾ ਜਾਰੀ ਕੀਤਾ ਗਿਆ ਸੀ ਮੈਂ ਉਸ ਦੇ ਸਾਹਮਣੇ ਸੀਸ ਨੀਵਾਂ ਕਰਕੇ ਉਸ ਨੂੰ ਪ੍ਰਵਾਨ ਕਰਦਾ ਹਾਂ। ਮੇਰੀ ਬੇਨਤੀ ਹੈ ਤੁਸੀਂ ਜਲਦ ਤੋਂ ਜਲਦ ਸਿੰਘ ਸਾਹਿਬਾਨਾਂ ਦੀ ਮੀਟਿੰਗ ਸੱਦ ਕੇ ਜਿਹੜੀ ਵੀ ਸਜ਼ਾ ਸੁਣਾਉਣੀ ਹੈ ਉਹ ਸੁਣਾਓ, ਮੈਂ ਖਿੜੇ ਮੱਥੇ ਉਸ ਨੂੰ ਪ੍ਰਵਾਨ ਕਰਾਂਗਾ।
ਦਲਜੀਤ ਸਿੰਘ ਚੀਮਾ ਨੇ ਦੱਸਿਆ ਜਿਹੜੇ ਮੰਤਰੀਆਂ ਨੂੰ ਵੀ ਲਿਖਤ ਵਿੱਚ ਸਪਸ਼ਟੀਕਰਨ ਦੇਣ ਦੇ ਆਦੇਸ਼ ਦਿੱਤੇ ਸਨ, ਉਨ੍ਹਾਂ ਵਿੱਚੋਂ ਕੁਝ ਨੇ ਸੌਂਪ ਦਿੱਤੇ ਸਨ। ਉਨ੍ਹਾਂ ਨੇ ਵੀ ਆਪਣਾ ਸਪੱਸ਼ਟੀਕਰਨ ਸੌਂਪਿਆ ਹੈ ਜਿਸ ਵਿੱਚ ਲਿਖਿਆ ਹੈ ਕਿ ਮੈਂ 2007 ਤੋਂ 2017 ਤੱਕ ਕੈਬਨਿਟ ਮੰਤਰੀ ਵੀ ਰਿਹਾ ਅਤੇ ਸਲਾਹਕਾਰ ਦੇ ਨਾਲ ਪਾਰਟੀ ਅੰਦਰ ਵੀ ਵੱਖ-ਵੱਖ ਅਹੁਦਿਆਂ ਤੇ ਰਿਹਾ ਹਾਂ। ਮੈਂ ਸੁਖਬੀਰ ਸਿੰਘ ਬਾਦਲ ਦੇ ਸਪੱਸ਼ਟੀਕਰਨ ਤੋਂ ਸਹਿਮਤ ਹਾਂ ਕਿ ਕੈਬਨਿਟ ਅਤੇ ਪਾਟਰੀ ਵਿੱਚ ਜਿਹੜਾ ਵੀ ਫੈਸਲਾ ਲਿਆ ਜਾਂਦਾ ਸੀ ਉਹ ਸਭ ਦੀ ਰਾਇ ਨਾਲ ਲਿਆ ਜਾਂਦਾ ਸੀ। ਮੈਂ ਵੀ ਉਸੇ ਦਾ ਹਿੱਸਾ ਹਾਂ ਤੁਹਾਡੇ ਵੱਲੋਂ ਵੀ ਆਦੇਸ਼ ਜਾਰੀ ਹੋਵੇਗਾ ਅਸੀਂ ਉਸ ਨੂੰ ਸਿਰ ਝੁਕਾ ਕੇ ਮੰਨਾਂਗਾ।
ਯਾਦ ਰਹੇ ਬੀਤੇ ਦਿਨ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਨੂੰ ਆਪਣਾ ਲਿਖਤੀ ਚ ਮੁਆਫੀਨਾਮਾ ਦੇਣ ਲਈ ਕਿਹਾ ਸੀ ਅਤੇ ਇਸੇ ਦੇ ਨਾਲ ਉਸ ਸਮੇਂ ਅਕਾਲੀ ਦਲ ਸਰਕਾਰ ‘ਚ ਵਜ਼ੀਰ ਰਹੇ ਮੰਤਰੀਆਂ ਨੂੰ ਵੀ ਆਪਣਾ ਸਪਸ਼ਟੀਕਰਨ 15 ਦਿਨ ਦੇ ਅੰਦਰ ਅੰਦਰ ਦਾਖਲ ਕਰਨ ਲਈ ਆਦੇਸ਼ ਜਾਰੀ ਕੀਤੇ ਹਨ।