ਸ੍ਰੀ ਅਕਾਲ ਤਖਤ ਸਾਹਿਬ ਦੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਦੇ ਫੈਸਲੇ ‘ਤੇ ਵਿਰਸਾ ਸਿੰਘ ਵਲਟੋਹਾ (Virsa Singh Valtoha) ਨੇ ਦਾ ਖਾਲਸ ਟੀ.ਵੀ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਲਈ ਸਰਵਉੱਚ ਹੈ ਅਤੇ ਅਕਾਲ ਤਖਤ ਸਾਹਿਬ ਦੇ ਫੈਸਲੇ ‘ਤੇ ਕਿਸੇ ਵੀ ਤਰ੍ਹਾਂ ਦਾ ਕਿੰਤੂ ਪਰੰਤੂ ਨਾ ਤਾਂ ਕਿਸੇ ਸਿੱਖ ਨੂੰ ਸੋਭਾ ਦਿੰਦਾ ਹੈ ਨਾਂ ਹੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਹੁਕਮ ਆਇਆ ਹੈ ਇਸ ਬਾਬਤ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਹਰ ਹੁਕਮ ਨੂੰ ਨਿਮਾਣੇ ਸਿੱਖ ਵਜੋਂ ਪ੍ਰਵਾਨ ਕਰਨਗੇ। ਵਲਟੋਹਾ ਨੇ ਕਿਹਾ ਕਿ ਸੁਖਬੀਰ ਸਿੰਘ ਅਕਾਲ ਤਖਤ ਸਾਹਿਬ ‘ਤੇ ਜਾ ਕੇ ਪੇਸ਼ ਹੋਣਗੇ ਅਤੇ ਜੋ ਵੀ ਸਜ਼ਾ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਜਾਵੇਗੀ, ਉਸ ਨੂੰ ਪ੍ਰਵਾਨ ਕੀਤਾ ਜਾਵੇਗਾ। ਸਜ਼ਾ ਭੁਗਤਣ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਹੀ ਉਨ੍ਹਾਂ ਨੂੰ ਦੋਸ਼ ਮੁਕਤ ਕੀਤਾ ਜਾਵੇਗਾ।
ਅਕਾਲੀ ਸੁਧਾਰ ਲਹਿਰ ਦੇ ਲੀਡਰਾਂ ਵੱਲੋਂ ਸੁਖਬੀਰ ਬਾਦਲ ਤੋਂ ਅਸਤੀਫਾ ਮੰਗਣ ਵਾਲਿਆਂ ‘ਤੇ ਵਲਟੋਹਾ ਨੇ ਕਿਹਾ ਕਿ ਉਹ ਸੁਖਬੀਰ ਬਾਦਲ ਨੂੰ ਲਗਾਤਾਰ ਡਾਇਰੈਕਸ਼ਨ ਦੇ ਰਹੇ ਹਨ। ਉਨ੍ਹਾਂ ਨੇ ਤਾਂ ਅਕਾਲ ਤਖਤ ਸਾਹਿਬ ਨੂੰ ਵੀ ਡਾਇਰੈਕਸ਼ਨ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜੋ ਅਕਾਲ ਤਖਤ ਸਾਹਿਬ ਨੂੰ ਵੀ ਡਾਇਰੈਕਸ਼ਨਾਂ ਦੇ ਸਕਦੇ ਹਨ ਉਨ੍ਹਾਂ ਸਾਹਮਣੇ ਸੁਖਬੀਰ ਕੀ ਚੀਜ਼ ਹੈ। ਉਨ੍ਹਾਂ ਕਿਹਾ ਕਿ ਉਹ ਸਿੱਖ ਪਰਮਪਰਾਵਾਂ ਤੋਂ ਕੋਰੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਬਾਬਾ ਫੂਲਾ ਸਿੰਘ ਨੇ ਪੇਸ਼ ਹੋਣ ਲਈ ਕਿਹਾ ਸੀ ਤਾਂ ਉਸ ਸਮੇਂ ਮਹਰਾਜਾ ਰਣਜੀਤ ਸਿੰਘ ਮਹਾਰਾਜਾ ਦੀ ਉਪਾਧੀ ਛੱਡ ਕੇ ਪੇਸ਼ ਨਹੀਂ ਹੋਏ ਸੀ। ਉਸ ਵਕਤ ਮਹਾਰਾਜਾ ਦਾ ਅਹੁਦਾ ਉਨ੍ਹਾਂ ਦੇ ਕੋਲ ਸੀ।
ਉਨ੍ਹਾਂ ਕਿਹਾ ਕਿ ਜੋ ਪੰਥਕ ਭੁੱਲ ਸੁਖਬੀਰ ਸਿੰਘ ਬਾਦਲ ਕੋਲੋ ਹੋਈ ਹੈ ਉਸ ਲਈ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਹੈ ਅਤੇ ਸੁਖਬੀਰ ਜ਼ਰੂਰ ਤਨਖਾਹ ਲਗਵਾ ਕੇ ਸਮਾਜ ਦਾ ਹਿੱਸਾ ਬਣਨਗੇ। ਉਨ੍ਹਾਂ ਕਿਹਾ ਕਿ ਭੁੱਲ ਤਾਂ ਕਿਸੇ ਕੋਲੋ ਵੀ ਹੋ ਸਕਦੀ ਹੈ ਜੇਕਰ ਕੋਈ ਸਿੱਖ ਭੁੱਲ ਨੂੰ ਸਵੀਕਾਰ ਕਰਕੇ ਗੁਰੂ ਕੋਲ ਜਾਣਾ ਚਾਹੁੰਦਾ ਹੈ ਤਾਂ ਉਹ ਚੰਗੀ ਗੱਲ ਹੈ। ਵਲਟੋਹਾ ਨੇ ਕਿਹਾ ਕਿ ਜੋ ਸਿੱਖ ਮੰਤਰੀਆਂ ਨੂੰ ਬੁਲਾਇਆ ਗਿਆ ਹੈ ਉਨ੍ਹਾਂ ਨੂੰ ਵੀ ਜ਼ਰੂਰ ਪੇਸ਼ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ – ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਖ਼ਾਸ ਨਿਰਦੇਸ਼ ਜਾਰੀ