Punjab

ਕਾਂਗਰਸ ਦੀ ਕੌਂਸਲਰ ਅਤੇ ਯੂਥ ਆਗੂ ਦੇ ਘਰ ਬਾਹਰ ਚੱਲੀਆਂ ਗੋਲ਼ੀਆਂ, ਵਿਦੇਸ਼ੀ ਨੰਬਰ ਤੋਂ ਕਈ ਵਾਰ ਜਾਨੋਂ ਮਾਰਨ ਦੀ ਆ ਚੁੱਕੀ ਹੈ ਧਮਕੀ

ਗੁਰਦਾਸਪੁਰ: ਗੁਰਦਾਸਪੁਰ ਦੀ ਮਹਿਲਾ ਕਾਂਗਰਸੀ ਐਮਸੀ ਸੁਨੀਤਾ ਰਾਣੀ ਦੇ ਘਰ ਦੇ ਬਾਹਰ ਗੋਲ਼ੀਆਂ ਚੱਲਣ ਦੀ ਖ਼ਬਰ ਹੈ। ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਕੌਂਸਲਰ ਸੁਨੀਤਾ ਕੁਮਾਰੀ ਦਾ ਪੁੱਤਰ ਨਕੁਲ ਮਹਾਜਨ ਯੂਥ ਕਾਂਗਰਸ ਦਾ ਆਗੂ ਹੈ ਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਪਰਿਵਾਰ ਦਾ ਕਾਫੀ ਕਰੀਬੀ ਹੈ।

ਘਰ ਉਪਰ ਗੋਲ਼ੀ ਚਲਾਉਣ ਵਾਲਾ ਨੌਜਵਾਨ ਸੀਸੀ ਟੀਵੀ ਕੈਮਰੇ ਵਿੱਚ ਵੀ ਕੈਦ ਹੋਇਆ ਹੈ ਜਿਸ ਵਿੱਚ ਨਕਾਬਪੋਸ਼ ਨੌਜਵਾਨ ਘਰ ਦੇ ਗੇਟ ’ਤੇ ਲਗਾਤਾਰ ਗੋਲੀਆਂ ਚਲਾਉਂਦਾ ਨਜ਼ਰ ਆ ਰਿਹਾ ਹੈ। ਸੂਚਨਾ ਮਿਲਣ ’ਤੇ ਪੁਲਿਸ ਟੀਮ ਤੁਰੰਤ ਮੌਕੇ ਪਹੁੰਚੀ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਗੁਰਦਾਸਪੁਰ ਦੀ ਵਾਰਡ ਨੰਬਰ 25 ਦੀ ਮਹਿਲਾ ਕਾਂਗਰਸੀ ਐਮਸੀ ਸੁਨੀਤਾ ਰਾਣੀ ਦੇ ਘਰ ਦੇ ਬਾਹਰ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ ਜੋ ਘਰ ਦੇ ਗੇਟ ਅਤੇ ਛੱਤ ਵਿੱਚ ਲੱਗੀਆਂ। ਇਸ ਦੌਰਾਨ ਮੁਹੱਲਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ।

ਮੌਕੇ ’ਤੇ ਪਹੁੰਚੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਪਾਹੜਾ ਨੇ ਕਿਹਾ ਕਿ ਐਮਸੀ ਸੁਨੀਤਾ ਰਾਣੀ ਦੇ ਬੇਟੇ ਨਕੁਲ ਮਹਾਜਨ ਨੂੰ ਵਿਦੇਸ਼ੀ ਨੰਬਰ ਤੋਂ ਕਈ ਵਾਰ ਜਾਨੋਂ ਮਾਰਨ ਦੀ ਧਮਕੀ ਵੀ ਆ ਚੁੱਕੀ ਹੈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।