Others

‘ਆਪ’ ਦੇ ਹੋਏ ਡਿੰਪੀ ਢਿੱਲੋਂ! ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ’ਚ ਕਰਾਇਆ ਸ਼ਾਮਲ

ਚੰਡੀਗੜ੍ਹ: ਗਿੱਦੜਬਾਹਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਜਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਛੱਡਣ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦਾ ਲੜ ਫੜ੍ਹ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਡਿੰਪੀ ਢਿੱਲੋਂ ਨੂੰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ। ਬੀਤੇ ਦਿਨੀਂ ਡਿੰਪੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਸੀ। ਚਰਚਾ ਹੈ ਕਿ ਉਨ੍ਹਾਂ ਨੂੰ ਗਿੱਦੜਬਾਹਾ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ ਜਾ ਸਕਦਾ ਹੈ।

ਵਰਕਰਾਂ ਨੂੰ ਸੰਬੋਧਨ ਕਰਦਿਆਂ ਪਿਛਲੇ ਦਿਨੀਂ ਢਿੱਲੋਂ ਨੇ ਕਿਹਾ ਸੀ ਕਿ 38 ਸਾਲ ਦਾ ਰਿਸ਼ਤਾ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਬਾਦਲ ਦੀ ਬਲੀ ਚੜ੍ਹਾ ਦਿੱਤਾ। ਦੋਵੇ ਭਰਾਵਾਂ ਦੀ ਘਿਓ-ਖਿਚੜੀ ਵਿੱਚ ਮੈਂ ਮੱਖੀ ਸੀ, ਕੱਢ ਕੇ ਬਾਹਰ ਕਰ ਦਿੱਤਾ। ਮੈਨੂੰ ਕਹਿੰਦੇ ਨੇ ਸਿਆਸਤ ਕਰਨੀ ਹੈ ਤਾਂ ਤਲਵੰਡੀ ਸਾਬੋਂ ਚਲਾ ਜਾ, ਸੀਟ ਖੋਹ ਕੇ ਕਹਿੰਦੇ ਹਨ ਕਿ ਵੇਖ ਲੈ ਸਿਆਸਤ ਕਰਨੀ ਹੈ ਜਾਂ ਨਹੀਂ। ਮੈਂ ਸੁਖਬੀਰ ਸਿੰਘ ਬਾਦਲ ’ਤੇ ਅੰਨ੍ਹਾ ਭਰੋਸਾ ਕੀਤਾ ਸੀ।

ਯਾਦ ਰਹੇ ਡਿੰਪੀ ਢਿੱਲੋਂ ਸੁਖਬੀਰ ਬਾਦਲ ਦੇ ਕਾਫੀ ਕਰੀਬ ਸਨ। ਗਿੱਦੜਬਾਹਾ ਹਲਕੇ ਵਿੱਚ 2022 ਵਿੱਚ ਜਦੋਂ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਹੁੰਝਾਫੇਰ ਜਿੱਤ ਮਿਲੀ ਸੀ ਤਾਂ ਇਹ ਹੀ ਹਲਕਾ ਅਜਿਹਾ ਸੀ ਜਿੱਥੇ ਪਾਰਟੀ ਤੀਜੇ ਨੰਬਰ ’ਤੇ ਰਹੀ ਸੀ। ਅਕਾਲੀ ਦਲ ਦੀ ਟਿਕਟ ਤੋਂ ਡਿੰਪੀ ਢਿੱਲੋਂ ਤਕਰੀਬਨ 1200 ਵੋਟਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰੇ ਸਨ ਅਜਿਹੇ ਵਿੱਚ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਲਈ ਬਿਹਤਰ ਉਮੀਦਵਾਰ ਹਨ।

ਦਰਅਸਲ ਕੁਝ ਦਿਨ ਪਹਿਲਾਂ ਗਿੱਦੜਬਾਹਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਹਲਕੇ ਵਿੱਚ ਸਮਾਗਮ ਰੱਖਿਆ ਗਿਆ ਸੀ। ਪਰ ਇਸ ਦੌਰਾਨ ਡਿੰਪੀ ਢਿੱਲੋਂ ਨੂੰ ਉਮੀਦਵਾਰ ਨਹੀਂ ਐਲਾਨਿਆ ਗਿਆ। ਇਸ ਕਾਰਨ ਉਹ ਪਾਰਟੀ ਤੋਂ ਨਾਰਾਜ਼ ਸਨ। ਜਿਸ ਕਰਕੇ ਉਨ੍ਹਾਂ ਪਾਰਟੀ ਹੀ ਛੱਡ ਦਿੱਤੀ ਅਤੇ ਅਕਾਲੀਆਂ ਦੀ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।