ਬਿਉਰੋ ਰਿਪੋਰਟ – ਕਿਸਾਨਾਂ ’ਤੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਪੰਜਾਬ ਬੀਜੇਪੀ ਦੇ ਪ੍ਰਧਾਨ ਜੇ ਪੀ ਨੱਢਾ ਨੇ ਮੰਡੀ ਤੋਂ MP ਕੰਗਨਾ ਰਣੌਤ ਨੂੰ ਤਲਬ ਕੀਤਾ ਹੈ। ਕੁਝ ਹੀ ਦੇਰ ਵਿੱਚ ਕੰਗਨਾ ਜੇ ਪੀ ਨੱਢਾ ਦੇ ਨਾਲ ਮੁਲਾਕਾਤ ਕਰੇਗੀ। ਹਾਲਾਂਕਿ ਬੀਤੇ ਦਿਨ ਬੀਜੇਪੀ ਨੇ ਕੰਗਨਾ ਨੂੰ ਨਸੀਹਤ ਦਿੱਤੀ ਸੀ ਕਿ ਉਹ ਪਾਰਟੀ ਲਾਈਨ ਤੋਂ ਵੱਖ ਕੋਈ ਵੀ ਬਿਆਨ ਨਾ ਦੇਵੇ।
ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਪਾਰਟੀ ਵੱਲੋਂ ਕੰਗਨਾ ਰਣੌਤ ਨੂੰ ਪਾਰਟੀ ਦੇ ਨੀਤੀਗਤ ਮੁੱਦਿਆਂ ’ਤੇ ਬੋਲਣ ਦੀ ਨਾ ਤਾਂ ਇਜਾਜ਼ਤ ਹੈ ਅਤੇ ਨਾ ਹੀ ਅਧਿਕਾਰ ਹੈ। ਪਰ ਕਿਸਾਨ ਆਗੂਆਂ ਵੱਲੋਂ ਮੰਗ ਕੀਤੀ ਗਈ ਸੀ ਕਿਉਂਕਿ ਕੰਗਨਾ ਦੇ ਬਿਆਨ ਤੋਂ ਬੀਜੇਪੀ ਵੀ ਸਹਿਮਤ ਨਹੀਂ ਹੈ, ਇਸ ਲਈ ਪਾਰਟੀ ਨੂੰ ਅਨੁਸ਼ਾਸਨਿਕ ਕਾਰਵਾਈ ਕਰਕੇ ਕੰਗਨਾ ਤੋਂ ਮੁਆਫ਼ੀ ਮੰਗਵਾਉਣੀ ਚਾਹੀਦੀ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕੰਗਨਾ ਦੀ ਨਵੀਂ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਪੰਜਾਬ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ। ਇੱਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ’ਚ ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਜ਼ਬਰ ਜਨਾਹ ਦਾ ਬਿਆਨ ਦਿੰਦੇ ਹੋਏ ਇਸ ਨੂੰ ਬੰਗਲਾਦੇਸ਼ ਦੀ ਘਟਨਾ ਨਾਲ ਜੋੜਿਆ ਸੀ। ਕੰਗਨਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਭਾਰਤ ਵਿੱਚ ਚੀਨ ਅਤੇ ਅਮਰੀਕਾ ਵਰਗੀਆਂ ਵਿਦੇਸ਼ੀ ਸ਼ਕਤੀਆਂ ਕੰਮ ਕਰਦੀਆਂ ਹਨ।
ਮੋਦੀ ਸਰਕਾਰ ਵਾਰ-ਵਾਰ ਆਪਣੀ ਵਿਦੇਸ਼ ਨੀਤੀ ਨੂੰ ਪਿੱਠ ਥਾਪੜਦੀ ਹੈ। ਅਜਿਹੇ ਵਿੱਚ ਕੰਗਨਾ ਦਾ ਇਹ ਬਿਆਨ ਕਿ ਭਾਰਤ ਵਿੱਚ ਚੀਨ ਅਤੇ ਅਮਰੀਕਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਬੀਜੇਪੀ ਨੂੰ ਘੇਰਨ ਵਾਲਾ ਸੀ। ਕਾਂਗਰਸ ਨੇ ਪੁੱਛਿਆ ਸੀ ਕਿ ਵਿਦੇਸ਼ ਮੰਤਰੀ ਜੈ ਸ਼ੰਕਰ ਇਸ ’ਤੇ ਜਵਾਬ ਦੇਣ ਕਿਉਂਕਿ ਕੰਗਨਾ ਦਾ ਇਲਜ਼ਾਮ ਬਹੁਤ ਹੀ ਗੰਭੀਰ ਹੈ।