India

ਖੇਤੀ ਕਾਨੂੰਨ ਕਿਸੇ ਵੀ ਹਾਲ ‘ਚ ਨਹੀਂ ਲਵਾਂਗੇ ਵਾਪਸ : ਮੋਦੀ

‘ਦ ਖ਼ਾਲਸ ਬਿਊਰੋ :-ਖੇਤੀ ਕਾਨੂੰਨਾਂ ਦੇ ਪਾਏ ਪੁਆੜੇ ਮਗਰੋਂ ਮੋਦੀ ਸਰਕਾਰ ਵੱਲੋਂ ਆਪਣਾ ਪੱਖ ਸਪਸ਼ਟ ਕਰਨ ਦੀ ਕੋਸ਼ਿਸ਼ ‘ਚ ਪੰਜਾਬ ਬੀਜੇਪੀ ਦੇ ਲੀਡਰਾਂ ਦੀ ਹਾਲਤ ਔਖੀ ਬਣ ਗਈ ਹੈ। ਹੁਣ ਤੱਕ ਸਥਾਨਕ ਲੀਡਰਾਂ ਨੂੰ ਉਮੀਦ ਸੀ ਕਿ ਕੋਈ ਨਾ ਕੋਈ ਵਿੱਚ-ਵਿਚਾਲੇ ਦਾ ਰਾਹ ਨਿਕਲ ਆਏਗਾ, ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਖੇਤੀ ਕਾਨੂੰਨ ਕਿਸੇ ਵੀ ਹਾਲਤ ਵਿੱਚ ਵਾਪਸ ਨਹੀਂ ਹੋਣਗੇ।
ਮੋਦੀ ਦੇ ਇਸ ਐਲਾਨ ਮਗਰੋਂ ਕੱਲ੍ਹ 24 ਅਕਤੂਬਰ ਨੂੰ ਬੀਜੇਪੀ ਕਿਸਾਨ ਮੋਰਚਾ ਦੇ ਸੂਬਾ ਇੰਚਾਰਜ ਤੇ ਭਾਜਪਾ ਕਾਰਜਕਾਰਨੀ ਕਮੇਟੀ ਦੇ ਮੈਂਬਰ ਤਰਲੋਚਨ ਸਿੰਘ ਗਿੱਲ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ। ਇਸੇ ਤਰ੍ਹਾਂ ਮੋਗਾ ਜ਼ਿਲ੍ਹਾ ਭਾਜਪਾ ਦੇ ਜਨਰਲ ਸਕੱਤਰ ਸਰਦੂਲ ਸਿੰਘ ਕੰਗ ਤੇ ਉਪ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਵੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਬੀਜੇਪੀ ਦੇ ਕਈ ਸਥਾਨਕ ਲੀਡਰਾਂ ਨੇ ਅਸਤੀਫੇ ਦੇ ਦਿੱਤੇ ਹਨ। ਸੂਤਰਾਂ ਦਾ ਜਾਣਕਾਰੀ ਮੁਤਾਬਕ ਜੇਕਰ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਟਕਰਾਅ ਵਧਿਆ ਤਾਂ ਹੋਰ ਲੀਡਰ ਵੀ ਬੀਜੇਪੀ ਨੂੰ ਅਲਵਿਦਾ ਕਹਿਣ ਲਈ ਮਜਬੂਰ ਹੋਣਗੇ।

ਉਧਰ, ਅਕਾਲੀ ਦਲ ਨਾਲੋਂ ਤੋੜ-ਵਿਛੋੜੇ ਮਗਰੋਂ ਪੰਜਾਬ ਅੰਦਰ ਬੀਜੇਪੀ ਦੀ ਹਾਲਤ ਪਹਿਲਾਂ ਹੀ ਪਤਲੀ ਹੋ ਗਈ ਹੈ। ਬੀਜੇਪੀ ਹਾਈਕਮਾਨ ਦੇਸ਼ ਵਿੱਚ ਮੋਦੀ ਲਹਿਰ ਦਾ ਲਾਹਾ ਲੈਂਦਿਆਂ ਸਿੱਖ ਚਿਹਰਿਆਂ ਨੂੰ ਅੱਗੇ ਲਿਆ ਕੇ ਪੰਜਾਬ ਫਤਹਿ ਕਰਨ ਦੀ ਯੋਜਨਾ ਬਣਾ ਰਹੀ ਸੀ। ਹੁਣ ਜਿਹੜੇ ਸਿੱਖ ਲੀਡਰ ਪਾਰਟੀ ਨਾਲ ਚੱਲੇ ਸਨ, ਉਹ ਵੀ ਅਸਤੀਫੇ ਦੇ ਰਹੇ ਹਨ ਕਿਉਂਕਿ ਉਨ੍ਹਾਂ ਦਾ ਪਿਛੋਕੜ ਕਿਸਾਨੀ ਨਾਲ ਜੁੜਿਆ ਹੈ ਤੇ ਪਿੰਡਾਂ ‘ਚ ਕਿਸਾਨ ਤਬਕਾ ਹੀ ਉਨ੍ਹਾਂ ਦਾ ਹਮਾਇਤੀ ਹੈ।

ਇਹ ਵੀ ਅਹਿਮ ਹੈ ਕਿ ਮੋਦੀ ਸਰਕਾਰ ਦੀ ਅੜੀ ਦਾ ਖਮਿਆਜ਼ਾ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਨੂੰ ਸਹਿਣਾ ਪੈ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਬੀਜੇਪੀ ਲੀਡਰਾਂ ਦੇ ਘਰਾਂ ਬਾਹਰ ਮੋਰਚੇ ਲਾਏ ਹੋਏ ਹਨ। ਬੀਜੇਪੀ ਛੱਡਣ ਵਾਲੇ ਤਰਲੋਚਨ ਸਿੰਘ ਗਿੱਲ ਦੇ ਘਰ ਬਾਹਰ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਲਗਾਤਾਰ 13 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਸੀ। ਗਿੱਲ ਨੂੰ ਉਮੀਦ ਸੀ ਕਿ ਕੋਈ ਹੱਲ ਨਿਕਲ ਆਏਗਾ, ਪਰ ਮੋਦੀ ਦੇ ਐਲਾਨ ਨੇ ਬੀਜੇਪੀ ਲੀਡਰ ਨੂੰ ਸਖਤ ਫੈਸਲਾ ਲੈਣ ਲਈ ਮਜਬੂਰ ਕਰ ਦਿੱਤਾ।

ਗਿੱਲ ਦਾ ਕਹਿਣਾ ਹੈ ਕਿ ਉਹ ਪਾਰਟੀ ਲੀਡਰਸ਼ਿਪ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਕਹਿ ਰਹੇ ਸਨ, ਪਰ ਕਿਸੇ ਨੇ ਉਨ੍ਹਾਂ ਦੀ ਨਹੀਂ ਮੰਨੀ ਜਿਸ ਮਗਰੋਂ ਉਨ੍ਹਾਂ ਨੂੰ ਪਾਰਟੀ ਛੱਡਣ ਦਾ ਫ਼ੈਸਲਾ ਲੈਣਾ ਪਿਆ ਹੈ। ਗਿੱਲ ਮੁਤਾਬਕ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਬਾਰੇ ਦਿੱਤੇ ਗਏ ਬਿਆਨ ਮਗਰੋਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਸ ਕਰਕੇ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ।