India

8 ਮਹੀਨਿਆਂ ’ਚ ਢਹਿ-ਢੇਰੀ ਹੋਇਆ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਬੁੱਤ, PM ਮੋਦੀ ਨੇ ਕੀਤਾ ਸੀ ਉਦਘਾਟਨ, ਸ਼ਿਵ ਪ੍ਰੇਮੀਆਂ ’ਚ ਨਾਰਾਜ਼ਗੀ

ਬਿਉਰੋ ਰਿਪੋਰਟ: ਸਿੰਧੂਦੁਰਗ ਜ਼ਿਲ੍ਹੇ ਵਿੱਚ ਮਾਲਵਾਨ ਦੇ ਰਾਜਕੋਟ ਕਿਲ੍ਹੇ ਵਿੱਚ ਬਣਿਆ ਛਤਰਪਤੀ ਸ਼ਿਵਾਜੀ ਮਹਾਰਾਜ ਦਾ 35 ਫੁੱਟ ਦਾ ਸਮਾਰਕ ਢਹਿ ਗਿਆ ਹੈ। ਯਾਦ ਰਹੇ ਪਿਛਲੇ ਸਾਲ 4 ਦਸੰਬਰ 2023 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਬੁੱਤ ਦਾ ਉਦਘਾਟਨ ਕੀਤਾ ਸੀ। ਸਮਾਰਕ ਦੇ ਢਹਿ ਜਾਣ ਤੋਂ ਬਾਅਦ ਸ਼ਿਵ ਪ੍ਰੇਮੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਸ ਮਾਮਲੇ ’ਚ ਊਧਵ ਧੜੇ ਦੇ ਵਿਧਾਇਕ ਵੈਭਵ ਨਾਇਕ ਨੇ ਇਲਜ਼ਾਮ ਲਾਇਆ ਹੈ ਕਿ ਸਮਾਰਕ ਦਾ ਕੰਮ ਚੰਗੀ ਗੁਣਵੱਤਾ ਦਾ ਨਾ ਹੋਣ ਕਾਰਨ ਇਹ ਸਮਾਰਕ ਡਿੱਗਿਆ ਹੈ। ਭਾਰੀ ਮੀਂਹ ਅਤੇ ਤੂਫ਼ਾਨ ਕਾਰਨ ਇਹ ਸਮਾਰਕ ਢਹਿ ਗਿਆ। ਇਹ ਸਮਾਰਕ ਦੁਪਹਿਰ 1 ਵਜੇ ਦੇ ਕਰੀਬ ਢਹਿ ਗਿਆ। ਸਮਾਰਕ ਦੇ ਡਿੱਗਣ ਦੀ ਸੂਚਨਾ ਮਿਲਦੇ ਹੀ ਸ਼ਿਵ ਪ੍ਰੇਮੀ ਸਮਾਰਕ ਦੇ ਨੇੜੇ ਪਹੁੰਚ ਰਹੇ ਹਨ।

ਵੈਭਵ ਨਾਇਕ ਨੇ ਮੌਕੇ ’ਤੇ ਪਹੁੰਚ ਕੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਸਮਾਰਕ ਦਾ ਅੱਠ ਮਹੀਨਿਆਂ ਦੇ ਅੰਦਰ ਢਹਿ ਜਾਣਾ ਦੁੱਖ ਦੀ ਗੱਲ ਹੈ ਅਤੇ ਉਹ ਇਸ ਦਾ ਵਿਰੋਧ ਕਰਦੇ ਹਨ। ਛਤਰਪਤੀ ਸ਼ਿਵਾਜੀ ਮਹਾਰਾਜ ਮਹਾਰਾਸ਼ਟਰ ਦੀ ਪਛਾਣ ਹਨ। ਜਿਸ ਕਾਰਨ ਉਨ੍ਹਾਂ ਮੰਗ ਕੀਤੀ ਹੈ ਕਿ ਘਟੀਆ ਕੁਆਲਿਟੀ ਦਾ ਕੰਮ ਕਰਨ ਵਾਲੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਿਵ ਪ੍ਰੇਮੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਵੀ ਕੀਤੀ ਹੈ।

Image

ਦੇਈਏ ਕਿ ਪਿਛਲੇ ਸਾਲ 4 ਦਸੰਬਰ ਨੂੰ ਜਲ ਸੈਨਾ ਦਿਵਸ ਦੇ ਮੌਕੇ ’ਤੇ ਰਾਜਕੋਟ ’ਚ ਜਲ ਸੈਨਾ ਵੱਲੋਂ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਸਮਾਰਕ ਲਗਾਇਆ ਗਿਆ ਸੀ। ਇਸ ਦਾ ਉਦਘਾਟਨ ਪੀਐਮ ਮੋਦੀ ਨੇ ਕੀਤਾ ਸੀ। ਇਹ ਸਮਾਰਕ ਸ਼ਿਵ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਅਤੇ ਤੇਜ਼ ਹਨੇਰੀ ਚੱਲ ਰਹੀ ਹੈ। ਇਸ ਦੌਰਾਨ ਅੱਜ ਬਾਅਦ ਦੁਪਹਿਰ ਵੀ ਤੇਜ਼ ਹਨੇਰੀ ਕਾਰਨ ਇਹ ਸਮਾਰਕ ਟੁੱਟ ਕੇ ਡਿੱਗ ਪਿਆ।

ਇਸ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਵੱਡੀ ਗਿਣਤੀ ਵਿਚ ਪੁਲਿਸ ਵੀ ਮੌਕੇ ’ਤੇ ਮੌਜੂਦ ਹੈ।

Image