Punjab

ਬੰਗਾ ਤੋਂ ਵਿਧਾਇਕ ਸੁੱਖੀ ਦੀਆਂ ਵਧੀਆਂ ਮੁਸ਼ਕਲਾਂ! ਦੇਣਾ ਪਊਗਾ ਅਸਤੀਫ਼ਾ!

ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ (SAD) ਨੂੰ ਛੱਡ ਕੇ ਆਮ ਆਦਮੀ ਪਾਰਟੀ (AAP) ਵਿੱਚ ਆਏ ਬੰਗਾ ਤੋਂ ਵਿਧਾਇਕ ਸੁਖਵਿੰਦਰ ਸੁੱਖੀ (SUKHVINDER SINGH SUKHI) ਦੀ ਮੈਂਬਰਸ਼ਿੱਪ ਰੱਦ ਕਰਨ ਦੀ ਸ਼ਿਕਾਇਤ ਅਕਾਲੀ ਦਲ ਨੇ ਤਾਂ ਹੁਣ ਤੱਕ ਨਹੀਂ ਕੀਤੀ ਹੈ। ਪਰ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ HC ਅਰੋੜਾ ਨੇ ਸੁਖਵਿੰਦਰ ਸੁੱਖੀ ਨੂੰ ਪਬਲਿਕ ਡਿਮਾਂਡ ਨੋਟਿਸ ਭੇਜਿਆ ਹੈ ਅਤੇ ਨਾਲ ਹੀ ਕਿਹਾ ਹੈ ਕਿ ਤੁਸੀਂ ਆਪ ਵੀ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਉ ਕਿਉਂਕਿ ਲੋਕਾਂ ਨੇ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੁਣਿਆ ਸੀ, ਪਰ ਹੁਣ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ।

ਵਕੀਲ ਨੇ ਸੁੱਖੀ ਨੂੰ ਨੋਟਿਸ ਵਿੱਚ ਕਿਹਾ ਹੈ ਕਿ ਤੁਹਾਡੇ ’ਤੇ ਦਲ ਬਦਲ ਕਾਨੂੰਨ ਲਾਗੂ ਹੁੰਦਾ ਹੈ। ਅਜਿਹੇ ਵਿੱਚ ਅਸਤੀਫ਼ਾ ਦੇਣਾ ਜ਼ਰੂਰੀ ਹੈ। ਤੁਸੀਂ ਇਕ ਅਹਿਮ ਅਹੁਦੇ ’ਤੇ ਹੋ ਸਾਰੀਆਂ ਚੀਜ਼ਾਂ ਨੂੰ ਸਮਝਦੇ ਹੋ। ਅਜਿਹੇ ਵਿੱਚ ਆਪ ਹੀ ਪਹਿਲ ਕਦਮੀ ਕਰਦੇ ਹੋਏ ਅਸਤੀਫ਼ਾ ਦੇ ਦਿਉ।

ਵਕੀਲ HC ਅਰੋੜਾ ਨੇ ਕਿਹਾ ਦਲਬਦਲ ਕਾਨੂੰਨ ਦੀ ਧਾਰਾ 102(2) ਅਤੇ 191(2) ਦੇ ਤਹਿਤ ਤੁਹਾਨੂੰ ਡਿਸਕੁਆਲੀਫਾਈ ਠਹਿਰਾਇਆ ਜਾ ਸਕਦਾ ਹੈ। ਕਿਉਂਕਿ ਸੰਵਿਧਾਨ ਦੀ 10ਵੀਂ ਧਾਰਾ ਦੇ ਮੁਤਾਬਿਕ ਤੁਹਾਨੂੰ ਵਿਧਾਨ ਸਭਾ ਦਾ ਮੈਂਬਰ ਬਣੇ ਰਹਿਣ ਲਈ ਅਯੋਗ ਕਰਾਰ ਦਿੱਤਾ ਜਾਵੇਗਾ ਕਿਉਂਕਿ ਤੁਸੀਂ ਆਪਣੇ ਆਪ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿੱਪ ਛੱਡ ਦਿੱਤੀ ਹੈ।

ਹਾਈਕੋਰਟ ਦੇ ਵਕੀਲ ਨੇ ਕਿਹਾ ਦਲਬਦਲ ਕਾਨੂੰਨ ਦੇ ਮੁਤਾਬਿਕ ਤੁਹਾਡੀ ਮੈਂਬਰਸ਼ਿੱਪ ਰੱਦ ਕਰਨ ਦੀ ਪਟੀਸ਼ਨ ਪੰਜਾਬ ਵਿਧਾਨਸਭਾ ਦੇ ਸਪੀਕਰ ਦੇ ਕੋਲ ਕੋਈ ਵੀ ਪਾ ਸਕਦਾ ਹੈ। ਭਾਵੇਂ ਉਹ ਵਿਧਾਨ ਸਭਾ ਦਾ ਮੈਂਬਰ ਹੈ ਜਾਂ ਨਹੀਂ। ਇਹ ਨਿਰਦੇਸ਼ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਦਿੱਤੇ ਸਨ। HC ਅਰੋੜਾ ਵੱਲੋਂ ਲਿਖੀ ਗਈ ਚਿੱਠੀ ਵਿੱਚ ਕੇਸ ਦਾ ਹਵਾਲਾ ਵੀ ਦਿੱਤਾ ਗਿਆ ਹੈ।

ਅਖੀਰ ਵਿੱਚ ਐੱਚਸੀ ਅਰੋੜਾ ਨੇ ਲਿਖਿਆ ਹੈ ਕਿ ਮੈਨੂੰ ਉਮੀਦ ਹੈ ਕਿ ਬੰਗਾ ਹਲਕੇ ਤੋਂ ਸਨਮਾਨਿਤ ਵਿਧਾਇਕ ਹੋਣ ਦੇ ਨਾਤੇ ਤੁਸੀਂ ਦੇਸ਼ ਦੇ ਕਾਨੂੰਨ ਦਾ ਵੀ ਪਾਲਨ ਕਰਦੇ ਹੋ ਅਤੇ ਤੁਸੀਂ ਫੌਰਨ ਆਪਣੀ ਵਿਧਾਇਕੀ ਤੋਂ ਵੀ ਅਸਤੀਫ਼ਾ ਦਿਓਗੇ।