ਬਿਉਰੋ ਰਿਪੋਰਟ – ਖੰਨਾ (KHANNA) ਵਿੱਚ ਨਸ਼ਾ ਸਮੱਗਲਰਾਂ (DRUG SMUGGLER) ਨੂੰ ਰੋਕਣ ਵਾਲੇ ਬੈਂਕ ਮੈਨੇਜਰ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੈਨੇਜਰ ਦੇ ਨਾਲ ਨਸ਼ਾ ਤਸਕਰਾਂ ਦੀ ਰੰਜਿਸ਼ ਚੱਲ ਰਹੀ ਸੀ। ਬੈਂਕ ਮੈਨੇਜਰ ਦੇ ਕਿਸੇ ਰਿਸ਼ਤੇਦਾਰ ਦੀ ਕਾਰ ਮਾਛੀਵਾੜਾ-ਲੁਧਿਆਣਾ ਰੋਡ ‘ਤੇ ਖਰਾਬ ਹੋਈ ਸੀ, ਜਦੋਂ ਉਸ ਨੂੰ ਬੁਲਾਇਆ ਗਿਆ ਤਾਂ ਉਹ ਆਪਣੇ ਤਿੰਨ ਸਾਥੀਆਂ ਦੇ ਨਾਲ ਬਾਈਕ ‘ਤੇ ਪਹੁੰਚਿਆਂ ਤਾਂ ਜਾਣ ਬੁਝ ਕੇ ਨਸ਼ਾ ਸਮੱਗਲਰਾਂ ਨੇ ਆਪਣੀ ਕਾਰ ਨਾਲ ਉਸ ਨੂੰ ਦਰੜ ਦਿੱਤਾ।
ਇਸ ਕਾਤਲਾਨਾ ਹਾਦਸੇ ਵਿੱਚ ਇਕ ਦੀ ਮੌਤ ਹੋ ਗਈ ਹੈ ਜੋ ਇਕ ਪ੍ਰਾਈਵੇਟ ਬੈਂਕ ਵਿੱਚ ਮੈਨੇਜਰ ਸੀ, ਜਦਕਿ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਬਾਈਕ ‘ਤੇ ਸਵਾਰ ਮ੍ਰਿਤਕ ਮਾਛੀਵਾੜੇ ਦਾ ਰਹਿਣ ਵਾਲਾ ਸੀ ਅਤੇ ਨਸ਼ਾ ਸਮੱਗਲਰ ਵੀ ਨਾਲ ਦੇ ਹੀ ਪਿੰਡ ਦੇ ਰਹਿਣ ਵਾਲੇ ਸਨ। ਜਿਸ ਇਲਾਕੇ ਵਿੱਚ ਮ੍ਰਿਤਕ ਰਹਿੰਦਾ ਸੀ ਉਸੇ ਇਲਾਕੇ ਵਿੱਚ ਡਰੱਗ ਦੀ ਸਪਲਾਈ ਹੁੰਦੀ ਸੀ, ਨਸ਼ੇ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤ ਨੇ ਉਨ੍ਹਾਂ ਖਿਲਾਫ ਮੁਹਿੰਮ ਛੇੜੀ ਸੀ। ਜਿਸ ਦੀ ਵਜ੍ਹਾ ਕਰਕੇ ਆਪਸੀ ਰੰਜਿਸ਼ ਵੱਧ ਗਈ ਸੀ।
ਪੁਲਿਸ ਅਕਸਰ ਨਸ਼ੇ ਦੇ ਖਿਲਾਫ ਅਵਾਜ਼ ਚੁੱਕਣ ਦੇ ਲਈ ਲੋਕਾਂ ਨੂੰ ਪ੍ਰੇਰਤ ਕਰਦੀ ਹੈ, ਪਰ ਜੇਕਰ ਸ਼ਰੇਆਮ ਅਜਿਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਤਾਂ ਲੋਕ ਕਿਵੇਂ ਅੱਗੇ ਆਉਣਗੇ, ਪਰਿਵਾਰ ਦੀ ਮੰਗ ਹੈ ਕਿ ਪੁਲਿਸ ਨੂੰ ਇਸ ਮਾਮਲੇ ਵਿੱਚ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ।