Punjab

ਪੰਜਾਬ ਦੀਆਂ 4 ਜ਼ਿਮਨੀ ਚੋਣਾਂ ਦਾ ਅੱਜ ਐਲਾਨ ! 3 ‘ਤੇ ਕਾਂਗਰਸ ਮਜ਼ਬੂਤ,1 ‘ਤੇ ਆਪ,2 ‘ਤੇ ਅਕਾਲੀ ਦਲ !

ਬਿਉਰੋ ਰਿਪੋਰਟ – ਭਾਰਤੀ ਚੋਣ ਕਮਿਸ਼ਨ 4 ਸੂਬੇ ਜੰਮੂ-ਕਸ਼ਮੀਰ,ਝਾਰਖੰਡ,ਮਹਾਰਾਸ਼ਟਰ ਅਤੇ ਹਰਿਆਣਾ ਦੇ ਨਾਲ ਅੱਜ ਪੰਜਾਬ ਦੀਆਂ 4 ਵਿਧਾਨਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਦਾ ਵੀ ਐਲਾਨ ਕਰ ਸਕਦਾ ਹੈ । ਲੋਕਸਭਾ ਚੋਣਾਂ ਦੌਰਾਨ ਕਾਂਗਰਸ ਅਤੇ ਆਪ ਦੇ 4 ਵਿਧਾਇਕ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਸਨ ਇਸੇ ਲਈ ਚਾਰ ਵਿਧਾਨਸਭਾ ਸੀਟਾਂ ‘ਤੇ ਜ਼ਿਮਨੀ ਚੋਣ ਦੀ ਨੌਬਤ ਆਈ ਹੈ।

ਜਿੰਨਾਂ 4 ਵਿਧਾਨਸਭਾ ਸੀਟਾਂ ‘ਤੇ ਚੋਣ ਹੋਣ ਜਾ ਰਹੀ ਹੈ ਉਨ੍ਹਾਂ ਵਿੱਚ 2022 ਦੇ ਵਿਧਾਨਸਭਾ ਦੇ ਨਤੀਜਿਆਂ ਮੁਤਾਬਿਕ 3 ‘ਤੇ ਕਾਂਗਰਸ ਦੀ ਜਿੱਤ ਹੋਈ ਜਦਕਿ ਇਕ ਸੀਟ ‘ਤੇ ਆਮ ਆਦਮੀ ਪਾਰਟੀ ਨੇ ਚੋਣ ਜਿੱਤੀ ਸੀ। ਚੱਬੇਵਾਲ,ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਵਿਧਾਨਸਭਾ ਸੀਟ ਕਾਂਗਰਸ ਨੇ 2022 ਵਿੱਚ ਜਿੱਤੀ ਸੀ ਅਤੇ ਬਰਨਾਲਾ ਸੀਟ ‘ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ ਸੀ । ਇਸ ਲਿਹਾਜ਼ ਨਾਲ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਕਾਂਗਰਸ ਦੀ ਸਾਖ ਦਾਅ ‘ਤੇ ਹੈ । ਸਿਰਫ਼ ਇੰਨਾਂ ਹੀ ਨਹੀਂ ਕਾਂਗਰਸ ਦੀਆਂ ਜਿੰਨਾਂ ਤਿੰਨ ਸੀਟਾਂ ‘ਤੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਉਹ ਕਾਂਗਰਸ ਦਾ ਗੜ੍ਹ ਹੈ ਅਤੇ 2022 ਵਿੱਚ ਆਪ ਦੀ ਸਿਆਸੀ ਹਨੇਰੀ ਦੇ ਬਾਵਜਦੂ ਪਾਰਟੀ ਦੇ ਦਿੱਗਜ ਆਗੂਆਂ ਨੇ ਜਿੱਤੀ ਸੀ।

ਡੇਰਾ ਬਾਬਾ ਨਾਨਕ ਸੀਟ ਸੁਖਜਿੰਦਰ ਸਿੰਘ ਰੰਧਾਵਾ ਦੇ 2022 ਵਿੱਚ ਜਿੱਤੀ ਸੀ ਭਾਵੇ ਜਿੱਤ ਦਾ ਅੰਤਰ ਘੱਟ ਹੀ ਸੀ । ਪਰ ਲਗਾਤਾਰ ਦੂਜੀ ਵਾਰ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਸੀ, ਹੁਣ 2024 ਵਿੱਚ ਗੁਰਦਾਸਪੁਰ ਤੋਂ ਲੋਕਸਭਾ ਮੈਂਬਰ ਬਣਨ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਹੈ ਕਿ ਰੰਧਾਵਾ ਦੀ ਪਤਨੀ ਇਸ ਸੀਟ ‘ਤੇ ਚੋਣ ਲੜ ਸਕਦੇ ਹਨ ਕਿਉਂਕਿ ਉਹ ਹਲਕੇ ਵਿੱਚ ਕਾਫੀ ਐਕਟਿਵ ਹਨ, ਪੁੱਤਰ ਵੀ ਦਾਅਵੇਦਾਰੀ ਪੇਸ਼ ਕਰ ਸਕਦਾ ਹੈ । ਆਮ ਆਦਮੀ ਪਾਰਟੀ ਇਸ ਸੀਟ ‘ਤੇ 2022 ਵਿੱਚ ਕਾਫੀ ਕਮਜ਼ੋਰ ਸੀ,ਅਕਾਲੀ ਦਲ ਦੇ ਰਵੀਕਰਨ ਸਿੰਘ ਕਾਹਲੋਂ ਦੂਜੇ ਨੰਬਰ ‘ਤੇ ਰਹੇ ਸੀ । ਪਰ ਹੁਣ ਉਹ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ,ਬੀਜੇਪੀ ਉਨ੍ਹਾਂ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ ਪਰ ਅਕਾਲੀ ਦਲ ਨੂੰ ਨਵਾਂ ਉਮੀਦਵਾਰ ਲੱਭਣਾ ਹੋਵੇਗਾ।

ਇਸ ਤੋਂ ਇਲਾਵਾ ਗਿੱਦੜਬਾਹਾ ਸੀਟ ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਗਾਤਾਰ ਤੀਜੀ ਵਾਰ ਜਿੱਤੀ ਹਾਲਾਂਕਿ 2022 ਵਿੱਚ ਜਿੱਤ ਦਾ ਅੰਤਰ ਤਕਰੀਬਨ 2000 ਹਜ਼ਾਰ ਵੋਟਾਂ ਦਾ ਹੀ ਸੀ । ਵੜਿੰਗ ਹੁਣ ਲੁਧਿਆਣਾ ਤੋਂ ਲੋਕਸਭਾ ਮੈਂਬਰ ਹਨ ਇਸ ਸੀਟ ‘ਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਦੀ ਦਾਅਵੇਦਾਰੀ ਮਜ਼ਬੂਤ ਹੈ । ਅਕਾਲੀ ਦਲ ਵੱਲੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਦਾਅਵੇਦਾਰੀ ਪੇਸ਼ ਕਰ ਸਕਦੇ ਹਨ 2022 ਵਿੱਚ ਵੀ ਉਹ ਹੀ ਉਮੀਦਵਾਰ ਸਨ ਅਤੇ ਸੁਖਬੀਰ ਸਿੰਘ ਬਾਦਲ ਦੇ ਸਭ ਤੋਂ ਭਰੋਸੇਮੰਦ ਹਨ,ਇੱਥੇ ਬੀਜੇਪੀ ਮਨਪ੍ਰੀਤ ਬਾਦਲ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ,ਮਨਪ੍ਰੀਤ ਨੇ ਆਪਣਾ ਸਿਆਸੀ ਕੈਰੀਅਰ ਇੱਥੋ ਹੀ ਸ਼ੁਰੂ ਕੀਤਾ ਸੀ ਅਤੇ 2007 ਤੱਕ ਲਗਾਤਾਰ ਤਿੰਨ ਵਾਰ ਅਕਾਲੀ ਦਲ ਦੀ ਟਿਕਟ ‘ਤੇ ਜਿੱਤੇ ਸਨ । ਆਮ ਆਦਮੀ ਪਾਰਟੀ ਨੂੰ ਉਮੀਦਵਾਰ ਦੀ ਤਲਾਸ਼ ਹੋਵੇਗੀ।

ਚੱਬੇਵਾਲ ਵਿਧਾਨਸਭਾ ਸੀਟ ‘ਤੇ ਕਾਂਗਰਸ ਦੇ ਲਈ ਮੁਸ਼ਕਿਲ ਖੜੀ ਹੋ ਗਈ ਹੈ, ਕਾਂਗਰਸ ਦੇ 2 ਵਾਰ ਦੇ ਵਿਧਾਇਰ ਰਾਜਕੁਮਾਰ ਚੱਬੇਵਾਲ ਹੁਣ ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਤੋਂ ਐੱਮਪੀ ਬਣ ਗਏ ਹਨ । ਇਸ ਲਿਹਾਜ਼ ਨਾਲ ਚੱਬੇਵਾਲ ਵਿੱਚ AAP ਦੀ ਸਥਿਤੀ ਮਨਜ਼ਬੂਤ ਹੋ ਗਈ ਹੈ। ਚੱਬੇਵਾਲ ਦੇ ਕਿਸੇ ਪਰਿਵਾਰ ਮੈਂਬਰ ਨੂੰ ਇਹ ਸੀਟ ਮਿਲ ਸਕਦੀ ਹੈ,ਅਕਾਲੀ ਦਲ ਸਾਬਕਾ ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ ‘ਤੇ ਦਾਅ ਖੇਡ ਸਕਦੀ ਹੈ । ਕਾਂਗਰਸ ਬੀਜੇਪੀ ਨੂੰ ਨਵੇਂ ਉਮੀਦਵਾਰ ਦੀ ਤਲਾਸ਼ ਹੋਵੇਗੀ।

ਬਰਨਾਲਾ ਸੀਟ ਆਮ ਆਦਮੀ ਪਾਰਟੀ ਦਾ ਪਿਛਲੇ 2 ਚੋਣਾਂ ਤੋਂ ਗੜ੍ਹ ਬਣ ਗਈ ਹੈ, ਇੱਥੋ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਹੁਣ ਸੰਗਰੂਰ ਤੋਂ ਲੋਕਸਭਾ ਦੇ ਮੈਂਬਰ ਬਣ ਗਏ ਹਨ । ਆਮ ਆਦਮੀ ਪਾਰਟੀ ਲੋਕਸਭਾ ਚੋਣਾਂ ਦੌਰਾਨ ਕਾਂਗਰਸ ਤੋਂ ਆਪ ਵਿੱਚ ਆਏ ਦਲਬੀਰ ਸਿੰਘ ਗੋਲਡੀ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ,ਖਬਰਾਂ ਹਨ ਇਸੇ ਸ਼ਰਤ ‘ਤੇ ਹੀ ਗੋਲਡੀ ਆਏ ਸਨ। ਹਾਲਾਂਕਿ 2017 ਅਤੇ 2022 ਵਿੱਚ ਉਹ ਧੁਰੀ ਤੋਂ ਚੋਣ ਲ਼ੜੇ ਸਨ । ਅਕਾਲੀ ਦਲ ਅਤੇ ਕਾਂਗਰਸ ਲਈ ਇੱਥੋਂ ਕਿਸੇ ਨਵੇਂ ਚਹਿਰੇ ਦੀ ਤਲਾਸ਼ ਹੋਵੇਗੀ । ਹਾਲਾਂਕਿ ਬੀਜੇਪੀ ਕੋਲ ਕਾਂਗਰਸ ਤੋਂ ਬੀਜੇਪੀ ਵਿੱਚ ਆਏ 3 ਵਾਰ ਦੇ MLA ਕੇਵਲ ਸਿੰਘ ਢਿੱਲੋਂ ਉਮੀਦਵਾਰ ਹਨ,ਉਹ ਪਾਰਟੀ ਦੇ ਲਈ ਚੰਗਾ ਚਹਿਰਾ ਹੋ ਸਕਦੇ ਹਨ।

ਕੁੱਲ ਮਿਲਾਕੇ 4 ਵਿਧਾਨਸਭਾ ਦੀਆਂ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਲਈ 2022 ਵਿੱਚ ਜਿੱਤੀਆਂ 3 ਸੀਟਾਂ ‘ਤੇ ਮੁੜ ਤੋਂ ਕਬਜ਼ਾ ਕਰਨ ਦੀ ਚੁਣੌਤੀ ਹੋਵੇਗੀ ਤਾਂ ਆਪ ਲਈ ਜਲੰਧਰ ਵੈਸਟ ਦਾ ਨਤੀਜਾ ਦੌਰਾ ਕੇ ਚਾਰਾਂ ‘ਤੇ ਕਬਜ਼ਾ ਕਰਕੇ ਲੋਕਸਭਾ ਚੋਣਾਂ ਵਿੱਚ ਮਿਲੀ ਹਾਰ ਦਾ ਦਰਦ ਘੱਟ ਕਰਨ ਦਾ ਮੌਕਾ ਹੋਵੇਗਾ । 4 ਵਿੱਚੋ 2 ਸੀਟਾਂ ਅਜਿਹੀਆਂ ਹਨ ਜਿੱਥੇ ਅਕਾਲੀ ਦਲ 2022 ਵਿੱਚ ਸਿਰਫ਼ ਕੁਝ ਵੋਟਾਂ ਦੇ ਫਰਕ ਨਾਲ ਦੂਜੇ ਨੰਬਰ ‘ਤੇ ਰਹੀ ਸੀ ਜੇਕਰ ਅਕਾਲੀ ਦਲ ਇਹ ਦੋਵੇ ਸੀਟਾਂ ਜਿੱਤ ਲੈਂਦੀ ਹੈ ਤਾਂ 100 ਦੇ ਇਤਿਹਾਸ ਦੇ ਸਭ ਮਾੜੇ ਦੌਰ ਅਤੇ ਬਗਾਵਤ ਤੋਂ ਜੂਝ ਰਹੀ ਪਾਰਟੀ ਲਈ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਹੋਵੇਗੀ । ਬੀਜੇਪੀ ਲਈ ਗਵਾਉਣ ਲਈ ਕੁਝ ਨਹੀਂ ਕਮਾਉਣ ਲਈ ਬਹੁਤ ਕੁਝ ਹੈ । ਜੇਕਰ ਲੋਕਸਭਾ ਦਾ ਪ੍ਰਦਰਸ਼ਨ ਚਾਰਾਂ ਵਿਧਾਨਸਭਾ ਦੇ ਪਾਰਟੀ ਦੌਰਾਉਂਦੀ ਹੈ ਤਾਂ ਵੋਟ ਸ਼ੇਅਰ ਚੰਗਾ ਖਿੱਚ ਲੈਂਦੀ ਹੈ ਤਾਂ ਪਾਰਟੀ ਦਾ ਮਨੋਬਲ ਸਤਵੇਂ ਅਸਮਾਨ ‘ਤੇ ਪਹੁੰਚ ਜਾਵੇਗਾ ।