India

ਜੰਮੂ-ਕਸ਼ਮੀਰ ‘ਚ ਭਾਰੀ ਮੀਂਹ ਦਾ ਕਹਿਰ, ਬਾਂਦੀਪੁਰਾ ‘ਚ ਬੱਦਲ ਫੱਟਣ ਕਾਰਨ ਅਚਾਨਕ ਆਇਆ ਹੜ੍ਹ

ਜੰਮੂ-ਕਸ਼ਮੀਰ : ਦੇਸ਼ ਭਰ ਵਿੱਚ ਜਿੱਥੇ ਅੱਜ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ, ਉੱਥੇ ਹੀ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਬਾਂਦੀਪੁਰਾ ਵਿੱਚ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਿਆ। ਇਸ ਤੋਂ ਬਾਅਦ ਸਥਾਨਕ ਲੋਕਾਂ ‘ਚ ਦਹਿਸ਼ਤ ਫੈਲ ਗਈ। ਦੱਸ ਦੇਈਏ ਕਿ ਅੱਜ ਦੇਸ਼ ਦੇ ਕਈ ਰਾਜਾਂ ਵਿੱਚ ਬਰਸਾਤ ਜਾਰੀ ਹੈ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਬਾਂਦੀਪੁਰਾ ‘ਚ ਬੱਦਲ ਫਟ ਗਿਆ। ਜਿਸ ਕਾਰਨ ਨਦੀਆਂ-ਨਾਲਿਆਂ ਵਿੱਚ ਪਾਣੀ ਭਰ ਗਿਆ। ਹਾਲਾਂਕਿ ਇਸ ਹੜ੍ਹ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਜਾਣਕਾਰੀ ਮੁਤਾਬਕ ਪਿਛਲੇ ਕੁਝ ਘੰਟਿਆਂ ‘ਚ ਬਾਂਦੀਪੁਰਾ ਤੋਂ ਇਲਾਵਾ ਕਸ਼ਮੀਰ ਦੇ ਕੁਲਗਾਮ ਅਤੇ ਸ਼ੋਪਿਆਂ ‘ਚ ਵੀ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਹਨ। ਇਸ ਵਿੱਚ ਪਹਿਲੀ ਘਟਨਾ ਕੁਲਗਾਮ ਦੇ ਦਮਹਾਲ ਵਿੱਚ ਵਾਪਰੀ ਜਿੱਥੇ ਬੱਦਲ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਬੱਦਲ ਫਟਣ ਦੀ ਦੂਜੀ ਘਟਨਾ ਬਾਂਦੀਪੁਰਾ ਦੇ ਦਰਦਪੋਰਾ ਵਿੱਚ ਵਾਪਰੀ। ਜਿੱਥੇ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹਾਂ ਵਿੱਚ ਸੜਕਾਂ ਅਤੇ ਫੁੱਟ ਬ੍ਰਿਜ ਨੁਕਸਾਨੇ ਗਏ ਹਨ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਤੀਜੀ ਘਟਨਾ ਸ਼ੋਪਿਆਂ ਦੇ ਸੇਦੋ ਵਿੱਚ ਵਾਪਰੀ। ਜਿੱਥੇ ਬੱਦਲ ਫਟਣ ਤੋਂ ਬਾਅਦ ਕਈ ਘਰਾਂ ਵਿੱਚ ਪਾਣੀ ਵੜ ਗਿਆ।

ਇਸ ਦੌਰਾਨ ਸ੍ਰੀਨਗਰ ਮੌਸਮ ਵਿਗਿਆਨ ਕੇਂਦਰ ਨੇ ਅੱਜ ਯਾਨੀ 15 ਅਗਸਤ ਨੂੰ ਸੂਬੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਜੰਮੂ-ਕਸ਼ਮੀਰ ‘ਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਵਿੱਚ ਕਿਹਾ ਗਿਆ ਹੈ, “ਜੰਮੂ-ਕਸ਼ਮੀਰ ਵਿੱਚ 15 ਅਗਸਤ ਨੂੰ ਜ਼ਿਆਦਾਤਰ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈ ਸਕਦਾ ਹੈ। ਜਦਕਿ 16-20 ਅਗਸਤ ਦੌਰਾਨ ਘਾਟੀ ਵਿੱਚ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਮੀਂਹ ਪੈ ਸਕਦਾ ਹੈ। ਰਾਤ/ਸਵੇਰ ਵਿੱਚ ਦਰਮਿਆਨੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਦੂਜੇ ਪਾਸੇ ਪਿਛਲੇ ਹਫ਼ਤੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ। ਜਿਸ ਕਾਰਨ ਸੂਬੇ ਦੀਆਂ ਕਈ ਸੜਕਾਂ ਰੁੜ੍ਹ ਗਈਆਂ ਹਨ। ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ। ਸੂਬੇ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂਕਿ ਕੁੱਲੂ ਵਿੱਚ ਬੱਦਲ ਫਟਣ ਕਾਰਨ ਆਏ ਹੜ੍ਹ ਵਿੱਚ ਕਈ ਲੋਕ ਵਹਿ ਗਏ। ਜਿਸ ਕਾਰਨ ਕਈ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।