‘ਦ ਖ਼ਾਲਸ ਬਿਊਰੋ :- ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਵੂਲਗੂਲਗਾ ਸਥਿਤ ਪਹਿਲੇ ਗੁਰਦੁਆਰਾ ਸਾਹਿਬ ਨੂੰ ਉੱਥੋਂ ਦੀ ਸਰਕਾਰ ਨੇ ‘ਵਿਰਾਸਤੀ ਅਸਥਾਨ’ ਦਾ ਦਰਜਾ ਦਿੱਤਾ ਹੈ। ਸਰਕਾਰ ਦੇ ਇਸ ਕਦਮ ਨਾਲ ਸਮੁੱਚੇ ਵਿਸ਼ਵ ਦੇ ਕੋਨੋ–ਕੋਨੇ ’ਚ ਵੱਸਦੇ ਸਿੱਖਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।
ਕੌਫ਼ਸ ਬੰਦਰਗਾਹ ਲਾਗੇ ਸਥਿਤ ਇਸ ਗੁਰੂਘਰ ਦੀ ਸਥਾਪਨਾ 1968 ’ਚ ਹੋਈ ਸੀ, ਅਤੇ ਉਦੋਂ ਆਸਟ੍ਰੇਲੀਆ ਦੇ ਸਥਾਨਕ ਗੋਰੇ ਨਾਗਰਿਕਾਂ ਨੇ ਇਸ ਕਾਰਜ ਵਿੱਚ ਕਾਫ਼ੀ ਮਦਦ ਕੀਤੀ ਸੀ। ਇਸ ਨੂੰ ਇਸੇ ਹਫ਼ਤੇ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਰਾਜ ਦੇ ‘ਹੈਰੀਟੇਜ ਰਜਿਸਟਰ’ ਵਿੱਚ ਸੂਚੀਬੱਧ ਕਰ ਲਿਆ ਹੈ।
‘ਇੰਡੀਅਨ ਲਿੰਕ’ ਵੱਲੋਂ ਪ੍ਰਕਾਸ਼ਿਤ ਰਜਨੀ ਆਨੰਦ ਲੂਥਰਾ ਦੀ ਰਿਪੋਰਟ ਮੁਤਾਬਕ ਵੂਲਗੂਲਗਾ ਦੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸਕ ਹੀ ਨਹੀਂ, ਸੱਭਿਆਚਾਰਕ ਮਹੱਤਵ ਵੀ ਹੈ। ਇਹ ਗੁਰੂਘਰ ਪ੍ਰਵਾਸੀ ਪੰਜਾਬੀਆਂ ਦੀ ਆਸਟ੍ਰੇਲੀਆ ’ਚ ਆ ਕੇ ਵੱਸਣ ਦੀ ਕਹਾਣੀ ਵੀ ਬਿਆਨ ਕਰਦਾ ਹੈ।
ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪਬਲਿਕ ਆਫ਼ੀਸਰ ਅਮਨਦੀਪ ਸਿੰਘ ਸਿੱਧੂ ਨੇ ਕਿਹਾ ਇਹ ਨਿਊ ਸਾਊਥ ਵੇਲਜ਼ ਰਾਜ ਤੇ ਆਸਟ੍ਰੇਲੀਆ ਵਿੱਚ ਸਿੱਖ ਕੌਮ ਦੀ ਅਦਭੁਤ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਨੂੰ ਇਹ ਦਰਜਾ ਦਿਵਾਉਣ ਲਈ ਉੱਦਮ ਸੱਤ ਵਰ੍ਹੇ ਪਹਿਲਾਂ 2013 ’ਚ ਸ਼ੁਰੂ ਕੀਤੇ ਗਏ ਸਨ।