Punjab Religion

ਢੀਂਡਸਾ ਦਾ ਸੁਖਬੀਰ ਬਾਦਲ ’ਤੇ ਵੱਡਾ ਇਲਜ਼ਾਮ! ‘42 ਉਮੀਦਵਾਰਾਂ ਨੂੰ ਸੌਦਾ ਸਾਧ ਕੋਲ ਭੇਜਿਆ ਸੀ ਅਸ਼ੀਰਵਾਦ ਲੈਣ’

ਬਿਉਰੋ ਰਿਪੋਰਟ: ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਹੈ ਕਿ ਸੁਖਬੀਰ ਬਾਦਲ ਨੇ 42 ਉਮੀਦਵਾਰਾਂ ਨੂੰ ਅਸ਼ੀਰਵਾਦ ਲੈਣ ਲਈ ਸੌਦਾ ਸਾਧ ਕੋਲ ਡੇਰਾ ਸਿਰਸਾ ਭੇਜਿਆ ਸੀ। ਇੰਨਾ ਹੀ ਨਹੀਂ, SGPC ਦੇ ਸਾਬਕਾ ਪ੍ਰਧਾਨ ਲੌਂਗੋਵਾਲ ਡੇਰੇ ਵੀ ਗਏ ਸਨ। ਉਨ੍ਹਾਂ ਕਿਹਾ ਹੈ ਕਿ ਮੈਂ ਸਿਰਸਾ ਡੇਰੇ ਜਾਣ ਦੀ ਮੁਆਫ਼ੀ ਮੰਗ ਚੁੱਕਾ ਹਾਂ, ਹੁਣ ਸੁਖਬੀਰ ਬਾਦਲ ਦੀ ਵਾਰੀ ਹੈ, ਉਹ ਮੁਆਫ਼ੀ ਮੰਗ ਤੇ ਖ਼ਿਮਾ ਜਾਚਨਾ ਕਰਨ।

ਢੀਂਡਸਾ ਨੇ ਬਰਨਾਲਾ ਦੇ ਇਕ ਨਿੱਜੀ ਹੋਟਲ ਵਿੱਚ ਖ਼ੁਲਾਸਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ 42 ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਖ਼ੁਦ ਸਿਰਸਾ ਡੇਰੇ ਭੇਜਦਿਆਂ ਸੰਤਾਂ ਤੋਂ ਆਸ਼ੀਰਵਾਦ ਲੈ ਚੋਣ ਜਿੱਤਣ ਦਾ ਹਵਾਲਾ ਦਿੱਤਾ ਸੀ। ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 3 ਵਾਰ ਪ੍ਰਧਾਨ ਰਹੇ ਤੇ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਗੋਬਿੰਦ ਸਿੰਘ ਲੌਂਗੋਵਾਲ ਵੀ ਉਨ੍ਹਾਂ 42 ਉਮੀਦਵਾਰਾਂ ਵਿੱਚੋਂ ਇਕ ਸਨ, ਜਿਨ੍ਹਾਂ ਨੇ ਸਿਰਸਾ ਡੇਰੇ ਜਾ ਕੇ ਸੌਦਾ ਸਾਧ ਦਾ ਆਸ਼ੀਰਵਾਦ ਸੀ।

ਢੀਂਡਸਾ ਨੇ ਕਿਹਾ ਕਿ ਉਹ ਖ਼ੁਦ ਕੀਤੀ ਗਲਤੀ ਦੀ ਮੁਆਫ਼ੀ ਮੰਗ ਕੇ ਪਸ਼ਚਾਤਾਪ ਵੀ ਕਰ ਚੁੱਕੇ ਹਨ ਤੇ ਸਜ਼ਾ ਵੀ ਭੁਗਤ ਚੁੱਕੇ ਹਨ। ਹੁਣ ਸੁਖਬੀਰ ਬਾਦਲ ਦੀ ਵਾਰੀ ਹੈ, ਜਿਸ ’ਤੇ 30 ਅਗਸਤ ਨੂੰ ਅਕਾਲ ਤਖ਼ਤ ਦੇ ਜਥੇਦਾਰ ਇਤਿਹਾਸਿਕ ਫ਼ੈਸਲਾ ਸੁਣਾਉਣ। ਉਨ੍ਹਾਂ ਦੱਸਿਆ ਕਿ ਉਹ ਅਕਾਲੀ ਲੋਕ ਸੁਧਾਰ ਲਹਿਰ ਤਹਿਤ ਅਕਾਲੀ ਦਲ ਨੂੰ ਇਕੱਠਾ ਕਰ ਕੇ ਬਾਦਲਾਂ ਤੋਂ ਮੁਕਤ ਕਰਵਾਉਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 39ਵੀਂ ਬਰਸੀ ਮੌਕੇ ਅਕਾਲੀ ਦਲ ਦਾ ਹੋਇਆ ਇਕੱਠ ਵੀ ਇਹ ਸਿੱਧ ਕਰ ਦੇਵੇਗਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਰਿਮੋਟ ਬਾਦਲਾਂ ਦੇ ਹੱਥ ਤੋਂ ਖੋਹ ਕੇ ਮੁੜ ਤੋਂ ਸੁਰਜੀਤ ਹੋਏ ਅਕਾਲੀ ਦਲ ਦੇ ਹੱਥ ਵਿੱਚ ਦੇਣਗੇ। ਉਨ੍ਹਾਂ ਪੰਥਕ ਧਿਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੁਖਬੀਰ ਬਾਦਲ ਵਲੋਂ ਕੀਤੀਆਂ ਅਕਾਲੀ ਦਲ ਦੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਨਾ ਕਰਨ।