Punjab

ਡਰੱਗ ਸਮੱਗਲਰ ਮਾਮੀ-ਭਾਣਜੇ ਦੀ ਜੋੜੀ ਗ੍ਰਿਫ਼ਤਾਰ! ਨਕਦੀ ਸਣੇ ਕਰੋੜਾਂ ਦਾ ਨਸ਼ਾ ਬਰਾਮਦ

ਬਿਉਰੋ ਰਿਪੋਰਟ – ਪੰਜਾਬ ਪੁਲਿਸ ਨੇ ਡਰੱਗ ਸਮੱਗਲਰ ਮਾਮੀ-ਭਾਣਜੇ ਦੀ ਜੋੜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਰੋਜ਼ਪੁਰ ਪੁਲਿਸ ਨੇ ਇਨ੍ਹਾਂ ਕੋਲੋ 6.65 ਕਿੱਲੋ ਹੈਰੋਇਨ ਅਤੇ 6 ਲੱਖ ਰੁਪਏ ਦੀ ਡਰੱਗ ਮਨੀ ਵੀ ਫੜੀ ਹੈ।

DGP ਗੌਰਵ ਯਾਦਵ ਨੇ ਦੱਸਿਆ ਕਿ ਫੜੀ ਗਈ ਤਸਕਰ ਮਾਮੀ ਦੀ ਪਛਾਣ ਸਿਮਰਨ ਕੌਰ ਉਰਫ਼ ਇੰਦੂ ਹੋਈ ਹੈ ਅਤੇ ਉਹ ਮੋਗਾ ਦੀ ਰਹਿਣ ਵਾਲੀ ਹੈ ਜਦਕਿ ਭਾਣਜਾ ਗੁਰਜੋਤ ਸਿੰਘ ਜੈਮਲ ਵਾਲਾ ਵੀ ਮੋਗਾ ਦਾ ਹੀ ਰਹਿਣ ਵਾਲਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ NDRF ACT ਸਮੇਤ 15 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ।

DGP ਗੌਰਵ ਯਾਦਵ ਮੁਤਾਬਿਕ ਫਿਰੋਜ਼ਪੁਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਮੁਲਜ਼ਮ ਸਿਮਰਨ ਅਤੇ ਗੁਰਜੋਤ ਸਰਹੱਦ ਪਾਰ ਤੋਂ ਡਰੋਨ ਦੇ ਜ਼ਰੀਏ ਸੁੱਟੀ ਗਈ ਨਸ਼ੇ ਦੀ ਵੱਡੀ ਖੇਪ ਹਾਸਲ ਕਰਨ ਤੋਂ ਬਾਅਦ ਇਸ ਨੂੰ ਟੋਇਟਾ ਇਨੋਵਾ ਕਾਰ ਵਿੱਚ ਡਿਲੀਵਰ ਕਰਨ ਜਾ ਰਹੇ ਹਨ।

ਇਸ ਤੋਂ ਬਾਅਦ CIA ਫਿਰੋਜ਼ਪੁਰ ਦੀ ਟੀਮਾਂ ਨੇ ਪੁਰਾਣੀ ਮੁੱਦਕੀ ਰੋਡ ’ਤੇ ਨਾਕਾ ਲਗਾ ਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। SSP ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ NDRF ACT ਦੀ ਧਾਰਾ 68F ਤਹਿਤ ਗ੍ਰਿਫ਼ਤਾਰ ਕੀਤੇ ਗਏ ਤਸਕਰਾਂ ਦੀ ਗੈਰ-ਕਾਨੂੰਨੀ ਜਾਇਦਾਦ ਨੂੰ ਜ਼ਬਤ ਕਰਨ ਲਈ ਵੀ ਕਾਰਵਾਈ ਜਲਦ ਸ਼ੁਰੂ ਕੀਤੀ ਜਾਵੇਗੀ।