Punjab Sports

ਕਬੱਡੀ ਜਗਤ ਵਿੱਚ ਸੋਗ ਦੀ ਲਹਿਰ! ਮਸ਼ਹੂਰ ਰੇਡਰ ਦੀ ਮੌਤ

ਬਿਉਰੋ ਰਿਪੋਰਟ: ਕਬੱਡੀ ਪ੍ਰੇਮੀਆਂ ਲਈ ਬਹੁਤ ਦੁਖਦਾਈ ਖ਼ਬਰ ਹੈ। ਮਸ਼ਹੂਰ ਰੇਡਰ ਅਵਤਾਰ ਬਾਜਵਾ ਦੀ ਮੌਤ ਹੋ ਗਈ ਹੈ। ਉਹ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀ ਟੈਕਨੀਕਲ ਟੀਮ ਦਾ ਅਹਿਮ ਮੈਂਬਰ ਸੀ। ਉਸ ਦੀ ਮੌਤ ਨਾਲ ਕਬੱਡੀ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਹੈ।

ਅਵਤਾਰ ਬਾਜਵਾ ਦੇਖਣ ਨੂੰ ਧੀਮਾ ਪਰ ਜਾਨ ਵਿੱਚ ਤਕੜਾ ਰੇਡਰ ਸੀ। ਉਸਦੇ ਘਰ ਦਾ ਇੱਕ ਪੂਰਾ ਕਮਰਾ ਪੂਰਾ ਟਰਾਫ਼ੀਆਂ ਤੇ ਕੱਪਾਂ ਨਾਲ ਭਰਿਆ ਪਿਆ ਹੈ। ਲੋਕ ਕਹਿੰਦੇ ਹਨ ਕਿ ਉਹ ਬੇਹੱਦ ਮਿਲਣਸਾਰ ਖਿਡਾਰੀ ਸੀ। ਉਸਨੇ ਪਹਿਲਾਂ ਬਾਬਾ ਭਾਈ ਸਾਧੂ ਜੀ ਕਬੱਡੀ ਕਲੱਬ ਰੁੜਕਾ ਲਈ ਬਤੌਰ ਧਾਵੀ ਤੱਕੜੀਆਂ ਕਬੱਡੀਆਂ ਪਾਈਆਂ ਸਨ।

ਅਵਤਾਰ ਬਾਜਵਾ ਨੇ ਪਿਛਲੇ ਤਿੰਨ ਚਾਰ ਸਾਲ ਤੋਂ ਅੱਡੀ ਦੇ ਦਰਦ ਕਾਰਨ ਕਬੱਡੀ ਖੇਡਣੀ ਛੱਡੀ ਹੋਈ ਸੀ ਪਰ ਮੇਜਰ ਲੀਗ ਦੀ ਬਦੌਲਤ ਉਹ ਲਗਾਤਾਰ ਕਬੱਡੀ ਨਾਲ ਜੁੜਿਆ ਹੋਇਆ ਸੀ। ਅਵਤਾਰ ਬਾਜਵਾ ਅਜੇ ਵੀ ਖੇਡ ਮੈਦਾਨ ’ਚ ਵਾਪਸੀ ਕਰਨਾ ਚਾਹੁੰਦਾ ਸੀ ਪਰ ਕਾਲੇ ਪੀਲੀਏ ਦੀ ਬਿਮਾਰੀ ਕਾਰਨ ਉਸਦਾ ਇਹ ਅਰਮਾਨ ਸੁਪਨਾ ਹੀ ਰਹਿ ਗਿਆ।

ਗੱਲਾਂ ਕਰਦੇ ਸਮੇਂ ਉਹ ਅਕਸਰ ਨੰਗਲਾਂ ਵਾਲੇ ਸੰਦੀਪ ਅਤੇ ਸਾਥੀਆਂ ਦਾ ਅਹਿਸਾਨ ਮੰਨਦਾ ਰਹਿੰਦਾ ਸੀ ਕਿ ਇਨ੍ਹਾਂ ਦੀ ਟੈਕਨੀਕਲ ਟੀਮ ’ਚ ਲਗਾਈ ਨੌਕਰੀ ਕਰਕੇ ਬੜਾ ਸਹਾਰਾ ਮਿਲਿਆ, ਨਹੀਂ ਤਾਂ ਕਿਸੇ ਨੇ ਪੁੱਛਣਾ ਨਹੀਂ ਸੀ।