Punjab Sports

CM ਮਾਨ ਨੇ ਹਾਕੀ ਖਿਡਾਰੀਆਂ ਨਾਲ ਫ਼ੋਨ ’ਤੇ ਕੀਤੀ ਗੱਲਬਾਤ! ਪੈਰਿਸ ਨਾ ਜਾ ਸਕਣ ’ਤੇ ਜਤਾਇਆ ਦੁੱਖ, ਕੀਤਾ ਖ਼ਾਸ ਵਾਅਦਾ

ਬਿਉਰੋ ਰਿਪੋਰਟ: ਮੁੱਖ ਮੰਤਰੀ ਭਗਵੰਤ ਮਾਨ ਨੇ ਓਲੰਪਿਕ ਖੇਡਣ ਲਈ ਪੈਰਿਸ ਪਹੁੰਚੀ ਭਾਰਤੀ ਹਾਕੀ ਟੀਮ ਨਾਲ ਫ਼ੋਨ ’ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਆਉਣ ਵਾਲੇ ਮੈਚਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਪੈਰਿਸ ਨਾ ਜਾ ਸਕਣ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਪਰ ਵਾਅਦਾ ਕੀਤਾ ਕਿ ਵਾਪਸੀ ’ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਉਹ ਹਵਾਈ ਅੱਡੇ ’ਤੇ ਜ਼ਰੂਰ ਪਹੁੰਚਣਗੇ।

CM ਭਗਵੰਤ ਮਾਨ ਨੇ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ। ਸੀਐਮ ਭਗਵੰਤ ਮਾਨ ਨੇ ਉਨ੍ਹਾਂ ਨਾਲ ਪਿਛਲੇ 5 ਮੈਚਾਂ ਬਾਰੇ ਗੱਲਬਾਤ ਕੀਤੀ। CM ਭਗਵੰਤ ਮਾਨ ਨੇ ਕਿਹਾ- ਬਹੁਤ ਵਧੀਆ, ਇੱਕ-ਦੋ ਵਾਰ ਅਜਿਹਾ ਹੋਇਆ ਕਿ ਅਭਿਸ਼ੇਕ ਅਤੇ ਤੁਸੀਂ ਗ਼ਲਤ ਸਮੇਂ ’ਤੇ ਬਾਹਰ ਬੈਠੇ ਸੀ। ਤੁਹਾਡੇ ਤੋਂ ਬਿਨਾਂ ਦੋ ਪੈਨਲਟੀ ਕਾਰਨਰ ਲੈਣੇ ਪਏ। ਪਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ 52 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਓਲੰਪਿਕ ਵਿੱਚ ਹਰਾਇਆ ਹੈ।

ਉਨ੍ਹਾਂ ਨੇ ਕਿਹਾ- ਮੈਂ ਵੀ ਤੁਹਾਡਾ ਮਨੋਬਲ ਵਧਾਉਣ ਲਈ ਆਉਣਾ ਚਾਹੁੰਦਾ ਸੀ, ਪਰ ਮੈਨੂੰ ਨਹੀਂ ਆਉਣ ਦਿੱਤਾ ਗਿਆ। ਸਿਆਸੀ ਮਨਜ਼ੂਰੀ ਨਹੀਂ ਦਿੱਤੀ ਗਈ। ਅਸੀਂ ਅੱਜ ਰਾਤ ਆਉਣਾ ਸੀ। ਤਾਂ ਕਿ ਅਸੀਂ ਕੱਲ੍ਹ ਦਾ ਕੁਆਰਟਰ ਫਾਈਨਲ ਦੇਖ ਸਕੀਏ, ਪਰ ਕੇਂਦਰ ਸਰਕਾਰ ਕਹਿੰਦੀ ਹੈ, ਤੁਸੀਂ ਨਹੀਂ ਜਾ ਸਕਦੇ। ਮੈਂ ਸ਼ਾਇਦ ਪਹੁੰਚ ਨਾ ਸਕਾਂ, ਪਰ ਤੁਹਾਡੇ ਨਾਲ ਹਾਂ। ਅਸੀਂ ਗੇਮ ਨੂੰ ਹਰ ਮਿੰਟ, ਹਰ ਸਕਿੰਟ ਲਾਈਵ ਦੇਖ ਰਹੇ ਹਾਂ। ਇਹ ਕਹਿੰਦਿਆ ਮੁੱਖ ਮੰਤਰੀ ਨੇ ਟੀਮ ਨੂੰ ਕੱਲ੍ਹ ਦੇ ਕੁਆਰਟਰ ਫਾਈਨਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਮੁੱਖ ਮੰਤਰੀ ਨੇ ਟੀਮ ਨਾਲ ਵਾਅਦਾ ਕੀਤਾ ਕਿ ਭਾਵੇਂ ਉਹ ਪੈਰਿਸ ਨਹੀਂ ਜਾ ਸਕੇ, ਪਰ ਉਹ ਟੀਮ ਦਾ ਸਵਾਗਤ ਕਰਨ ਲਈ ਉਨ੍ਹਾਂ ਨੂੰ ਲੈਣ ਹਵਾਈ ਅੱਡੇ ਜ਼ਰੂਰ ਆਉਣਗੇ। ਉਨ੍ਹਾਂ ਨੇ ਅਭਿਸ਼ੇਕ, ਮਨਦੀਪ, ਗੁਰਜੰਟ, ਸ਼ਮਸ਼ੇਰ, ਮੇਰੇ ਵਰਗੇ ਸਾਰਿਆਂ ਨੂੰ ਹੌਸਲਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਸਬੰਧਿਤ ਖ਼ਬਰਾਂ –
ਪੈਰਿਸ ਓਲੰਪਿਕ ‘ਚ ਜਾਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦਾ ਕੇਂਦਰ ਨਾਲ ਵਿਵਾਦ: ਵਿਦੇਸ਼ ਮੰਤਰਾਲੇ ਨੇ ਨਹੀਂ ਦਿੱਤੀ ਇਜਾਜ਼ਤ
CM ਮਾਨ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾਂ ਨੂੰ ਕੇਂਦਰ ਨੇ ਦਿੱਤਾ ਵੱਡਾ ਝਟਕਾ ! ‘ਮੋਦੀ ਸਰਕਾਰ ਦਾ ਸਿਆਸੀ ਏਜੰਡਾ’!