International

ਪਾਕਿਸਤਾਨ ‘ਚ ਮੀਂਹ ਨੇ ਲਾਹੌਰ ‘ਚ ਡੁਬੋਏ ਘਰ, ਤਿੰਨ ਲੋਕਾਂ ਦੀ ਹੋਈ ਮੌਤ

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲਾਹੌਰ ‘ਚ ਵੀਰਵਾਰ ਨੂੰ ਮਾਨਸੂਨ ਦੌਰਾਨ ਇਕ ਦਿਨ ‘ਚ ਸਭ ਤੋਂ ਜ਼ਿਆਦਾ ਬਾਰਿਸ਼ ਦਾ 44 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਇਸ ਕਾਰਨ ਸੜਕਾਂ, ਘਰਾਂ ਅਤੇ ਇੱਥੋਂ ਤੱਕ ਕਿ ਸਰਕਾਰੀ ਹਸਪਤਾਲਾਂ ਵਿੱਚ ਪਾਣੀ ਭਰ ਗਿਆ। ਭਾਰੀ ਮੀਂਹ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ‘ਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਮੰਗਲਾ ‘ਚ ਜੇਹਲਮ ਨਦੀ ‘ਚ ਹੜ੍ਹ ਆਉਣ ਦੀ ਚਿਤਾਵਨੀ ਵੀ ਦਿੱਤੀ ਹੈ।

ਪਾਕਿਸਤਾਨ ਦੇ ਮੌਸਮ ਵਿਭਾਗ (ਪੀਐਮਡੀ) ਨੇ ਕਿਹਾ, “ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਮਾਨਸੂਨ ਅੱਗੇ ਵਧਣ ਕਾਰਨ 1 ਤੋਂ 6 ਅਗਸਤ ਤੱਕ ਦੇਸ਼ ਦੇ ਉਪਰਲੇ ਹਿੱਸਿਆਂ ਵਿੱਚ ਰੁਕ-ਰੁਕ ਕੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।” ਅਧਿਕਾਰੀਆਂ ਨੇ ਦੱਸਿਆ ਕਿ ਬਾਰਿਸ਼ ਕਾਰਨ ਸੜਕਾਂ, ਘਰ ਅਤੇ ਇੱਥੋਂ ਤੱਕ ਕਿ ਸਰਕਾਰੀ ਹਸਪਤਾਲ ਵੀ ਪਾਣੀ ਵਿੱਚ ਡੁੱਬ ਗਏ, ਲਾਹੌਰ ਵਿੱਚ ਬਿਜਲੀ ਸਪਲਾਈ ਵਿੱਚ ਵਿਘਨ ਪਿਆ। ਸ਼ਹਿਰ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।

ਭਾਰੀ ਬਾਰਿਸ਼ ਕਾਰਨ ਲਾਹੌਰ ‘ਚ ਫਲਾਈਟਸ ਵੀ ਕਈ ਘੰਟੇ ਰੁਕੀਆਂ ਰਹੀਆਂ। ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਸਬੰਧਤ ਅਧਿਕਾਰੀਆਂ ਨੂੰ ਮੀਂਹ ਨਾਲ ਡੁੱਬ ਰਹੇ ਇਲਾਕਿਆਂ ਵਿੱਚੋਂ ਪਾਣੀ ਦੀ ਨਿਕਾਸੀ ਲਈ 24 ਘੰਟੇ ਇਲਾਕੇ ਵਿਚ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਪੀਡੀਐਮਏ ਨੇ ਕਿਹਾ ਕਿ ਮਾਨਸੂਨ ਦੀ ਬਾਰਸ਼ ਕਾਰਨ ਨਦੀਆਂ, ਡੈਮਾਂ ਅਤੇ ਝਰਨੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ।