Punjab Religion Technology

ਸਿੱਖਾਂ ਖ਼ਿਲਾਫ਼ ਨਫ਼ਰਤੀ ਪ੍ਰਚਾਰ ਦਾ ਮੁਕਾਬਲਾ ਕਰਨ ਵਾਲਾ X ਖ਼ਾਤਾ ਕੀਤਾ ਸਸਪੈਂਡ, ਵਿਰੋਧ ਹੋਣ ’ਤੇ ਕੀਤਾ ਮੁੜ ਚਾਲੂ

ਬਿਉਰੋ ਰਿਪੋਰਟ: ਸਿੱਖ ਕੌਮ, ਇਸ ਦੀਆਂ ਮੁੱਖ ਸੰਸਥਾਵਾਂ ਅਤੇ ਸਿਧਾਂਤਾਂ ਵਿਰੁੱਧ ਨਫ਼ਰਤ ਭਰੇ ਪ੍ਰਚਾਰ ਦਾ ਮੁਕਾਬਲਾ ਅਤੇ ਪਰਦਾਫਾਸ਼ ਕਰਨ ਵਾਲਾ ਸੋਸ਼ਲ ਮੀਡੀਆ ਖ਼ਾਤਾ ‘ਟਰੈਕਿੰਗ ਹੇਟ ਅਗੇਂਸਟ ਸਿੱਖਜ਼’ ਨੂੰ ਕੱਲ੍ਹ ਸਸਪੈਂਡ, ਯਨੀ ਬੈਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ SGPC ਸਮੇਤ ਪ੍ਰਮੁੱਖ ਸਿੱਖ ਜਥੇਬੰਦੀਆਂ, ਆਗੂਆਂ ਤੇ ਸਿੱਖ ਸੰਗਤਾਂ ਵੱਲੋਂ ਇਸ ਦਾ ਸਖ਼ਤ ਵਿਰੋਧ ਕਰਨ ਬਾਅਦ ਇਸ ਨੂੰ ਮੁੜ ਤੋਂ ਚਾਲੂ ਕਰ ਦਿੱਤਾ ਗਿਆ ਹੈ। 

ਪੇਜ ਦੇ ਸਸਪੈਂਡ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰਿਤ X ਖ਼ਾਤੇ ਤੋਂ X ਦੇ ਮਾਲਕ ਐਲੋਨ ਮਸਕ ਨੂੰ ਇੱਕ ਪੋਸਟ ਲਿਖ ਕਿ ਇਸ ਦਾ ਸਖ਼ਤ ਵਿਰੋਧ ਕਰਦਿਆਂ ਐਕਸ ਦੇ ਮਾਲਕ ਐਲੋਨ ’ਤੇ ਇਲਜ਼ਾਮ ਲਾਇਆ ਕਿ ਘੱਟ ਗਿਣਤੀ ਸਿੱਖਾਂ ਦੀ ਆਵਾਜ਼ ਬਣਨ ਵਾਲੇ ਇਸ ਪੇਜ ਨੂੰ ਬੰਦ ਕਰਕੇ ਉਨ੍ਹਾਂ ਸਿੱਖਾਂ ਦੀ ਅਜ਼ਾਦੀ ਦੀ ਆਵਾਜ਼ ਨੂੰ ਦਬਾਇਆ ਅਤੇ ਖਾਮੋਸ਼ ਕਰ ਦਿੱਤਾ ਹੈ। 

ਕਮੇਟੀ ਨੇ ਐਲੋਨ ਨੂੰ ਕਿਹਾ ਕਿ ਤੁਸੀਂ ਸਿੱਖਾਂ ਵਿਰੁੱਧ ਨਫ਼ਰਤ ਦੇ ਪ੍ਰਚਾਰ ਨੂੰ ਖੁੱਲ੍ਹਾ ਹੱਥ ਦਿੱਤਾ ਹੈ। ਇਸ ਦੌਰਾਨ, ਜੋ ਹੱਥਕੰਡੇ ਸਿੱਖਾਂ ਵਿਰੁੱਧ ਘਿਣਾਉਣੀ ਅਤੇ ਨਫ਼ਰਤ ਭਰੀ ਮੁਹਿੰਮ ਚਲਾ ਰਹੇ ਹਨ, ਉਹ ਤੁਹਾਡੀ ਸਰਪ੍ਰਸਤੀ ਹੇਠ ਬਿਨਾਂ ਕਿਸੇ ਡਰ ਦੇ ਚੱਲ ਰਹੇ ਹਨ। ਇੱਥੋਂ ਤੱਕ ਕਿ ਭਾਰਤ ਸਰਕਾਰ ਅਤੇ ਪੰਜਾਬ ਦੀ ਸੂਬਾ ਸਰਕਾਰ ਘੱਟ ਗਿਣਤੀ ਕੌਮਾਂ ਵਿਰੁੱਧ ਇਸ ਨਫ਼ਰਤ ਭਰੀ ਮੁਹਿੰਮ ’ਤੇ ਸਖ਼ਤੀ ਨਾਲ ਰੋਕ ਨਹੀਂ ਲਾ ਸਕੀ ਤੇ ਨਾ ਹੀ ਕੋਈ ਮਿਸਾਲੀ ਕਾਨੂੰਨੀ ਕਾਰਵਾਈ ਕਰ ਸਕੀ ਹੈ।

SGPC ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਪੰਜਾਬ ਰਾਜ ਪੁਲਿਸ ਨੂੰ ਕਈ ਅਧਿਕਾਰਤ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ ਪਰ ਇਹ ਨਫ਼ਰਤ ਭਰੇ ਅਤੇ ਜਾਅਲੀ ਹੈਂਡਲ ਚਲਾਉਣ ਵਾਲੇ ਮੁਲਜ਼ਮਾਂ ਦਾ ਪਤਾ ਨਹੀਂ ਲਾਇਆ ਜਾ ਸਕਿਆ। 

ਇਸ ਤਰ੍ਹਾਂ ਦੀਆਂ ਤਮਾਮ ਪੋਸਟਾਂ ਨੂੰ ਵੇਖਦਿਆਂ ਕੰਪਨੀ ਨੇ ਇਹ ਪੇਜ ਮੁੜ ਤੋਂ ਬਹਾਲ ਕਰ ਦਿੱਤਾ ਹੈ ਜਿਸ ਤੋਂ ਬਾਅਦ ਪੇਜ ਦੇ ਐਡਮਿਨਜ਼ ਨੇ ਸਭ ਦਾ ਧੰਨਵਾਦ ਕੀਤਾ ਹੈ। 

ਇਸ ਤੋਂ ਬਾਅਦ ਪੇਜ ਤੋਂ ਇਹ ਬਿਆਨ ਵੀ ਜਾਰੀ ਕੀਤਾ ਗਿਆ ਹੈ ਕਿ X ਕੰਪਨੀ ਨੇ ਪੇਜ ਦੇ ਐਡਮਿਨਜ਼ ਨੂੰ ਪੇਜ ਸਸਪੈਂਡ ਕਰਨ ਤੋਂ ਪਹਿਲਾਂ ਕੋਈ ਈਮੇਲ ਜਾਂ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਪੇਜ ਦੇ ਬਹਾਲ ਹੋ ਜਾਣ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਦਿੱਤੀ  ਗਈ ਹੈ। ਪੇਜ ਵੱਲੋਂ ਕੰਪਨੀ ਦੇ ਮਾਲਕ ਐਲੋਨ ਮਸਕ ਨੂੰ ਤਾੜਨਾ ਕੀਤੀ ਗਈ ਹੈ ਕਿ ਜੇਕਰ ਤੁਸੀਂ ਪਾਰਦਰਸ਼ਤਾ ਅਤੇ ਸੁਤੰਤਰ ਭਾਸ਼ਣ ਨੂੰ ਬਰਕਰਾਰ ਨਹੀਂ ਰੱਖ ਸਕਦੇ ਤਾਂ ਉਨ੍ਹਾਂ ਦਾ ਪ੍ਰਚਾਰ ਵੀ ਨਾ ਕਰੋ।