India International Punjab

ਕੈਨੇਡਾ ਦੇ ਜਿਸ ਸ਼ਹਿਰ ਸਭ ਤੋਂ ਵੱਧ ਪੰਜਾਬੀ, ਉੱਥੇ ਨਸ਼ਿਆਂ ਨਾਲ ਇਕ ਸਾਲ ’ਚ 1158 ਲੋਕਾਂ ਨੇ ਤੋੜਿਆ ਦਮ, ਹਰ ਰੋਜ਼ 6 ਮੌਤਾਂ

ਬਿਉਰੋ ਰਿਪੋਰਟ – ਕੈਨੇਡਾ ਬ੍ਰਿਟਿਸ਼ ਕੋਲੰਬੀਆ ਭਾਰਤੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਪੰਜਾਬੀ ਇੱਥੇ ਵੱਡੀ ਗਿਣਤੀ ਵਿੱਚ ਰਹਿੰਦੇ ਹਨ, ਪਰ ਇੱਥੋਂ ਜਿਹੜੀ ਖ਼ਬਰ ਆ ਰਹੀ ਹੈ ਉਹ ਪਰੇਸ਼ਾਨ ਕਰਨ ਵਾਲੀ ਹੈ। ਪੰਜਾਬ ਵਾਂਗ ਇੱਥੇ ਵੀ ਨਸ਼ੇ ਨਾਲ ਹੋ ਰਹੀਆਂ ਮੌਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਨਸ਼ਿਆਂ ਦੀ ਓਵਰਡੋਜ਼ ਨਾਲ ਰੋਜ਼ਾਨਾ 6 ਮੌਤਾਂ ਹੋ ਰਹੀਆਂ ਹਨ। ਇਸ ਸਾਲ ਪਿਛਲੇ 6 ਮਹੀਨੇ ਦੇ ਅੰਦਰ 1,158 ਲੋਕਾਂ ਦੀ ਮੌਤ ਨਸ਼ੇ ਦੀ ਵਜ੍ਹਾ ਕਰਕੇ ਹੋਈ ਹੈ।

BC ਕੌਰੋਨਰਜ਼ ਸਰਵਿਸਸ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਿਕ ਮਈ ਮਹੀਨੇ ਦੇ ਅੰਦਰ 181 ਲੋਕਾਂ ਦੀ ਜਾਨ ਗਈ। ਜੂਨ ਵਿੱਚ 185 ਲੋਕਾਂ ਨੇ ਨਸ਼ੇ ਦੀ ਵਜ੍ਹਾ ਕਰਕੇ ਦਮ ਤੋੜਿਆ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 9 ਫੀਸਦੀ ਘੱਟ ਹੋਈ ਹੈ। ਪਰ ਨਸ਼ੇ ਨਾਲ ਜਾਨ ਗਵਾਉਣ ਵਾਲੀਆਂ ਔਰਤਾਂ ਦੀ ਗਿਣਤੀ ਵਧੀ ਹੈ।

ਚੀਫ ਕੌਨੋਨਰ ਜੌਹਨ ਮੈਕਨਮੀ ਨੇ ਕਿਹਾ ਨਸ਼ਿਆਂ ਦੀ ਵਜ੍ਹਾ ਕਰਕੇ ਹੋ ਰਹੀਆਂ ਮੌਤਾਂ ਕਿਸੇ ਤ੍ਰਾਸਦੀ ਤੋਂ ਘੱਟ ਨਹੀਂ ਹਨ। ਪਿਛਲੇ 2 ਮਹੀਨੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚੋਂ ਅੱਧੇ 30 ਤੋਂ 50 ਸਾਲ ਦੀ ਉਮਰ ਦੇ ਵਿਚਾਲੇ ਹੈ। ਇਸ ਸਾਲ ਹੁਣ ਤੱਕ 72 ਫੀਸਦੀ ਪੁਰਸ਼ਾਂ ਦੀ ਨਸ਼ੇ ਨਾਲ ਜਾਨ ਗਈ ਜਦਕਿ 28 ਫੀਸਦੀ ਔਰਤਾਂ ਦੀ ਜਾਨ ਗਈ।

ਹੈਰਾਨੀ ਦੀ ਗੱਲ ਇਹ ਹੈ ਕਿ ਨਸ਼ਿਆਂ ਦੀ ਓਵਰਡੋਜ਼ ਨਾਲ ਹੋਣ ਵਾਲੀ ਮੌਤ ਦੀ ਘੱਟੋ-ਘੱਟ ਉਮਰ 10 ਸਾਲ ਤੱਕ ਪਹੁੰਚ ਗਈ ਹੈ ਜਦਕਿ 60 ਦੀ ਉਮਰ ਵਾਲੇ ਲੋਕ ਵੀ ਨਸ਼ੇ ਦੇ ਘੇਰੇ ਵਿੱਚ ਹਨ।

ਬ੍ਰਿਟਿਸ਼ ਕੋਲੰਬੀਆ ਵਿੱਚ ਕਤਲ ਦੀਆਂ ਵਾਰਦਾਤਾਂ, ਸੜਕ ਹਾਦਸਿਆਂ ਅਤੇ ਕੁਦਰਤੀ ਬਿਮਾਰੀਆਂ ਤੋਂ ਵੱਧ ਮੌਤਾਂ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਹਨ। 2020 ਤੋਂ ਬਾਅਦ ਔਰਤਾਂ ਦੀ ਮੌਤ ਦਾ ਅੰਕੜਾ ਦੁਗਣਾ ਹੋ ਗਿਆ ਹੈ। 4 ਸਾਲ ਪਹਿਲਾਂ ਇੱਕ ਲੱਖ ਦੀ ਵਸੋਂ ਪਿਛੇ 13 ਔਰਤਾਂ ਦੀ ਮੌਤ ਹੋ ਰਹੀ ਸੀ ਜਦਕਿ ਇਸ ਵੇਲੇ ਇਕ ਲੱਖ ਪਿਛੇ 23 ਔਰਤਾਂ ਦੀ ਜਾਨ ਜਾ ਰਹੀ ਹੈ।