India

ਮੀਂਹ ਤੋਂ ਬਾਅਦ ਅੱਜ ਦਿੱਲੀ ‘ਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਰਹਿਣਗੇ ਬੰਦ

ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਭਾਰੀ ਮੀਂਹ ਤੋਂ ਬਾਅਦ, ਦਿੱਲੀ ਦੇ ਸਿੱਖਿਆ ਮੰਤਰੀ ਆਤਿਸ਼ੀ ਨੇ ਐਲਾਨ ਕੀਤਾ ਹੈ ਕਿ ਸ਼ਹਿਰ ਦੇ ਸਾਰੇ ਸਕੂਲ ਅੱਜ (1 ਅਗਸਤ) ਨੂੰ ਬੰਦ ਰਹਿਣਗੇ। ਆਤਿਸ਼ੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਕ ਪੋਸਟ ‘ਚ ਕਿਹਾ 31 ਜੁਲਾਈ ਨੂੰ ਭਾਰੀ ਬਰਸਾਤ ਅਤੇ 1 ਅਗਸਤ ਨੂੰ ਵੀ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕਾਰਨ 1 ਅਗਸਤ ਨੂੰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ।

ਸਮਾਚਾਰ ਏਜੰਸੀ ਪੀ.ਟੀ.ਆਈ. ਮੁਤਾਬਕ ਬੁੱਧਵਾਰ ਰਾਤ ਨੂੰ ਦਿੱਲੀ ‘ਚ ਭਾਰੀ ਮੀਂਹ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਨਿਊਜ਼ ਏਜੰਸੀ ਏਐਨਆਈ ਮੁਤਾਬਕ ਦਿੱਲੀ ਦੇ ਦਰਿਆਗੰਜ ਇਲਾਕੇ ਵਿੱਚ ਮੀਂਹ ਕਾਰਨ ਇੱਕ ਨਿੱਜੀ ਸਕੂਲ ਦੀ ਕੰਧ ਵੀ ਡਿੱਗ ਗਈ।

ਦਿੱਲੀ ‘ਚ ਭਾਰੀ ਮੀਂਹ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਹੈ- ਦਿੱਲੀ ‘ਚ ਬੁੱਧਵਾਰ ਸ਼ਾਮ ਤੋਂ ਹੋ ਰਹੀ ਭਾਰੀ ਬਾਰਿਸ਼ ਅਤੇ ਵੀਰਵਾਰ ਨੂੰ ਵੀ ਭਾਰੀ ਬਾਰਿਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਦਿੱਲੀ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 1 ਅਗਸਤ ਨੂੰ ਬੰਦ ਰਹਿਣਗੇ। ਭਾਰੀ ਬਾਰਿਸ਼ ਕਾਰਨ ਦਿੱਲੀ ‘ਚ ਵੀ ਕਈ ਥਾਵਾਂ ‘ਤੇ ਪਾਣੀ ਭਰ ਗਿਆ ਹੈ।

ਦੱਸ ਦਈਏ ਕਿ ਬੁੱਧਵਾਰ ਸ਼ਾਮ ਨੂੰ ਭਾਰੀ ਬਾਰਿਸ਼ ਕਾਰਨ ਦਿੱਲੀ ‘ਚ ਕਈ ਥਾਵਾਂ ‘ਤੇ ਪਾਣੀ ਭਰ ਗਿਆ। ਲੋਕ ਘੰਟਿਆਂਬੱਧੀ ਟ੍ਰੈਫਿਕ ਜਾਮ ਵਿੱਚ ਫਸੇ ਰਹੇ। ਦਿੱਲੀ ਦੇ ਕਈ ਇਲਾਕੇ ਕਮਰ ਡੂੰਘੇ ਪਾਣੀ ਨਾਲ ਭਰ ਗਏ। ਵਾਹਨਾਂ ਦੀ ਆਵਾਜਾਈ ਬੰਦ ਹੋਣ ਕਾਰਨ ਦੋਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ, ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਸੁਰੱਖਿਅਤ ਰੱਖਣ ਅਤੇ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ।