ਬਿਉਰੋ ਰਿਪੋਰਟ : ‘ਦ ਖਾਲਸ ਟੀਵੀ ਦੀ ਖਬਰ ਦਾ ਵੱਡਾ ਅਸਰ ਹੋਇਆ ਹੈ । ਅਸੀਂ ਤਖਤ ਹਜ਼ੂਰ ਸਾਹਿਬ ਵਿੱਚ 2016 ਤੋਂ 2019 ਦੇ ਵਿਚਾਲੇ 36 ਲੱਖ ਰੁਪਏ ਤੋਂ ਵੱਧ ਅਖੰਡ ਪਾਠ ਘੁਟਾਲੇ ਦੀ ਖ਼ਬਰ ਨਸ਼ਰ ਕੀਤੀ ਸੀ ਜਿਸ ਤੋਂ ਬਾਅਦ ਹੁਣ ਘੁਟਾਲਾ ਕਰਨ ਵਾਲੇ 3 ਹੋਰ ਮੁਲਜ਼ਮਾਂ ਨੂੰ ਹਜ਼ੂਰ ਸਾਹਿਬ ਦੇ ਪ੍ਰਸ਼ਾਸਕ ਵਿਜੇ ਸਤਬੀਰ ਸਿੰਘ ਨੇ ਬਰਖਾਸਤ ਕਰ ਦਿੱਤਾ ਗਿਆ ਹੈ । ਜਿੰਨਾਂ ਮੁਲਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ ਉਨ੍ਹਾਂ ਦਾ ਨਾਂ ਹੈ ਠਾਣ ਸਿੰਘ ਬੁੰਗਈ, ਰਵਿੰਦਰ ਸਿੰਘ ਤੇ ਧਰਮ ਸਿੰਘ ਝੀਲਦਾਰ । ਇਸ ਤੋਂ ਪਹਿਲਾਂ ਜਾਂਚ ਕਮੇਟੀ ਦੀ ਰਿਪੋਰਟ ‘ਤੇ ਸਿਰਫ਼ ਮਾਸਟਰ ਮਾਇੰਡ ਮਹੀਪਾਲ ਸਿੰਘ ਲਿਖਾਰੀ ਨੂੰ ਹੀ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਸੀ ਬਾਕੀ ਤਿੰਨ ਨੂੰ ਸਸਪੈਂਡ ਕਰਨ ਤੋਂ ਬਾਅਦ ਮੁੜ ਤੋਂ ਬਹਾਲ ਕਰ ਦਿੱਤਾ ਸੀ ।
ਸਿਰਫ਼ ਇੰਨਾਂ ਹੀ ਨਹੀਂ ਮੁਲਜ਼ਮ ਠਾਣ ਸਿੰਘ ਬੁੰਗਈ ਨੂੰ ਪ੍ਰਮੋਸ਼ਨ ਵੀ ਦਿੱਤੀ ਗਈ ਸੀ। ਇਸ ਪੂਰੇ ਮਾਮਲੇ ਵਿੱਚ ਤਖਤ ਸਾਹਿਬ ਦੇ ਬੋਰਡ ‘ਤੇ ਰਫਾ-ਦਫਾ ਕਰਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਸੀ । ਪਰ ਮੁੰਬਈ ਦੇ ਐਡਵੋਕੇਟ ਅੰਮ੍ਰਿਤਪਾਲ ਸਿੰਘ ਨੇ ਇਸ ਪੂਰੇ ਘੁਟਾਲੇ ਦੀ RTI ਤੋਂ ਜਾਣਕਾਰੀ ਹਾਸਲ ਕਰਕੇ ਹਾਈਕੋਰਟ ਵਿੱਚ ਪਟੀਸ਼ਨ ਪਾਈ ਜਿਸ ਤੋਂ ਬਾਅਦ ਅਦਾਲਤ ਦੇ ਨਿਰਦੇਸ਼ਾਂ ‘ਤੇ ਚਾਰ ਮੁਲਜ਼ਮ ਠਾਣ ਸਿੰਘ ਬੁੰਗਈ, ਰਵਿੰਦਰ ਸਿੰਘ, ਧਰਮ ਸਿੰਘ ਝੀਲਦਾਰ ਅਤੇ ਮਹੀਪਾਲ ਸਿੰਘ ਲਿਖਾਰੀ ਖਿਲਾਫ਼ FIR ਦਰਜ ਕੀਤੀ ਗਈ । ਪੁਲਿਸ ਨੇ ਇਸ ਮਾਮਲੇ ਵਿੱਚ ਸਮਾਜਸੇਵੀ ਜਗਦੀਸ਼ ਨੰਬਰਦਾਰ ਨੂੰ ਸ਼ਿਕਾਇਤਕਰਤਾ ਬਣਾਇਆ ਹੈ । ਇਸ ਦੌਰਾਨ ਐਡਵੋਟੇਟ ਅੰਮ੍ਰਿਤਪਾਲ ਸਿੰਘ ਨੇ ਤਖਤ ਹਜ਼ੂਰ ਸਾਹਿਬ ਦੇ ਜਥੇਦਾਰ ਕੁਲਵੰਤ ਸਿੰਘ ਨੂੰ ਚਿੱਠੀ ਲਿਖ ਕੇ ਜਾਂਚ ਨੂੰ ਲੈਕੇ ਕਈ ਸਵਾਲ ਵੀ ਖੜੇ ਕੀਤੇ ਸਨ ।
ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼
ਪਟੀਸ਼ਨਕਰਤਾ ਐਡਵੋਕੇਟ ਅੰਮ੍ਰਿਤਪਾਲ ਸਿੰਘ ਨੇ ਇਸ ਪੂਰੇ ਮਾਮਲੇ ਵਿੱਚ ਤਖਤ ਹਜ਼ੂਰ ਸਾਹਿਬ ਦੇ ਜਥੇਦਾਰ ਕੁਲਵੰਤ ਸਿੰਘ ਨੂੰ ਚਿੱਠੀ ਲਿਖਕੇ ਅਪੀਲ ਕੀਤੀ ਹੈ ਕਿ ਅਖੰਡ ਪਾਠਾਂ ਦੇ ਭ੍ਰਿਸ਼ਟਾਚਾਰ ਘੁਟਾਲੇ ਵਿੱਚ ਇਨਸਾਫ਼ ਯਕੀਨੀ ਬਣਾਇਆ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਸਹਿਯੋਗ ਦਿਤਾ ਜਾਵੇ। ਵਕੀਲ ਨੇ ਖਦਸ਼ਾ ਜਾਹਿਰ ਕੀਤਾ ਕਿ ਪ੍ਰਭਾਵਿਤ ਵਿਅਕਤੀਆਂ ਵੱਲੋਂ ਇਹ ਮਾਮਲਾ ਰਫਾ ਦਫਾ ਕਰਨ ਲਈ ਤੁਹਾਨੂੰ ਇਸ ਮਾਮਲੇ ਵਿੱਚ ਸ਼ਾਮਲ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ, ਤੇ ਜੇ ਮੁਲਜ਼ਮਾਂ ਨੂੰ ਬਚਾਉਣ ‘ਚ ਤੁਹਾਡੀ ਸ਼ਮੂਲੀਅਤ ਹੋਈ, ਤਾਂ ਇਹ ਤੁਹਾਡੇ ਸਤਿਕਾਰ, ਸੁਚੱਜੇ ਪਾਤਰ ਅਤੇ ਅਹੁਦੇ ਦੀ ਸਾਖ ਨੂੰ ਨੁਕਸਾਨ ਪਹੁੰਚਾਏਗੀ ਤੇ ਇਹ ਧਾਰਮਿਕ ਅਤੇ ਇਤਿਹਾਸਕ ਭੁੱਲ ਹੋਵੇਗੀ। ‘ਦ ਖਾਲਸ ਟੀਵੀ ਨਾਲ ਗੱਲ ਕਰਦੇ ਹੋਏ ਪਟੀਸ਼ਕਰਤਾ ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਸਿੱਖ ਸੰਗਤਾਂ ਦੇ ਵਿਚਾਲੇ ਇਹ ਖਬਰਾਂ ਸਨ ਕਿ ਠਾਣ ਸਿੰਘ ਬੁੰਗਈ ਜਥੇਦਾਰ ਕੁਲਵੰਤ ਸਿੰਘ ਦਾ ਰਿਸ਼ਤੇਦਾਰ ਹੈ ਇਸੇ ਲਈ ਉਨ੍ਹਾਂ ਨੂੰ ਬਚਾਉਣ ਦੀ ਖਬਰਾਂ ਸਨ ।
ਸਿਰਫ਼ ਇੰਨਾਂ ਹੀ ਐਡਵੋਟੇਕ ਅੰਮ੍ਰਿਤਪਾਲ ਨੇ ਕਿਹਾ ਸੀ ਕਿ ਇਸ ਗੰਭੀਰ ਮਾਮਲੇ ਦਾ ਜਥੇਦਾਰ ਕੁਲਵੰਤ ਸਿੰਘ ਨੂੰ ਆਪ ਹੀ ਨੋਟਿਸ ਲੈ ਕੇ ਜਾਂਚ ਕਰਵਾਉਣੀ ਚਾਹੀਦੀ ਸੀ ਪਰ ਉਨ੍ਹਾਂ ਨੇ ਚੁੱਪੀ ਧਾਰੀ ਰੱਖੀ ਉਨ੍ਹਾਂ ਦੀ ਚੁੱਪ ਵੀ ਸੰਗਤਾਂ ਦੇ ਮਨ ਵਿੱਚ ਦੁਬਿਧਾ ਪੈਦਾ ਕਰ ਰਹੀ ਸੀ ।
ਇਹ ਹੈ ਪੂਰਾ ਮਾਮਲਾ
ਤਖਤ ਸ੍ਰੀ ਹਜ਼ੂਰ ਸਾਹਿਬ ਵਿੱਚ ਹੋਏ 36 ਲੱਖ ਤੋਂ ਵੱਧ ਹੋਏ ਪਾਠ ਘੁਟਾਲੇ ਦੇ 4 ਕਿਰਦਾਰ ਹਨ, ਪਰ ਇੰਨਾਂ ਨੂੰ ਬਚਾਉਣ ਵਾਲੇ ਕਈ ਹਨ । ਇਸ ਪੂਰੇ ਮਾਮਲੇ ਨੂੰ ਬੇਪਰਦਾ ਕਰਨ ਵਾਲੇ ਮੁੰਬਈ ਦੇ ਐਡਵੋਕੇਟ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ 2016 ਤੋਂ 2019 ਵਿਚਾਲੇ ਇਹ ਪਾਠ ਘੁਟਾਲਾ ਹੋਇਆ, ਤਖਤ ਸ੍ਰੀ ਹਜ਼ੂਰ ਸਾਹਿਬ ਵਿੱਚ ਮੌਜੂਦ ਕਲਰਕ ਮਹੀਪਾਲ ਸਿੰਘ ਲਿਖਾਰੀ, ਧਰਮ ਸਿੰਘ, ਸੁਪਰਵਾਈਜ਼ਰ ਰਵਿੰਦਰ ਸਿੰਘ ਅਤੇ ਤਤਕਾਲੀ ਇੰਚਾਰਜ ਸੁਪਰਡੈਂਟ ਥਾਣ ਸਿੰਘ ਬੁਗੰਈ ‘ਤੇ ਇਲਜ਼ਾਮ ਸੀ ਕਿ ਇੰਨਾਂ ਚਾਰਾਂ ਨੇ ਮਿਲ ਕੇ ਸਿੱਖ ਸੰਗਤ ਵੱਲੋਂ ਰੱਖੇ ਜਾਣ ਵਾਲੇ ਸ੍ਰੀ ਅਖੰਡ ਪਾਠ ਦੇ ਫਰਜੀ ਫਾਰਮ ਭਰੇ ਅਤੇ ਫਰਜ਼ੀ ਬਿੱਲ ਤਿਆਰ ਕਰਕੇ 36 ਲੱਖ ਤੋਂ ਵੱਧ ਦਾ ਘੁਟਾਲਾ ਕੀਤਾ ਯਾਨਿ ਕਿ ਪਾਠਾਂ ਦੇ ਪੈਸੇ ਤਾਂ ਲਏ ਪਰ ਪਾਠ ਕੀਤੇ ਹੀ ਨਹੀਂ, ਇਹ ਸਿੱਖ ਸੰਗਤ ਨੂੰ ਫੋਨ ਕਰਕੇ ਦੱਸ ਦੇ ਸਨ ਕਿ ਉਨ੍ਹਾਂ ਦੇ ਵੱਲੋਂ ਸ੍ਰੀ ਅਖੰਡ ਪਾਠ ਦੀ ਦਰਖ਼ਾਸਤ ਦਾ ਨੰਬਰ ਆ ਗਿਆ ਹੈ ਅਤੇ ਉਨ੍ਹਾਂ ਨੂੰ ਬਕਾਇਕਦਾ ਆਰੰਭਤਾ ਅਤੇ ਸਮਾਪਤੀ ਦਾ ਹੁਕਮਨਾਮਾ ਵੀ ਫੋਨ ‘ਤੇ ਦੱਸਿਆ ਜਾਂਦਾ ਸੀ । ਪਰ ਅਸਲ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਨਾ ਆਰੰਭ ਹੁੰਦਾ ਸੀ ਤੇ ਨਾ ਹੀ ਸਮਾਪਤ ਹੁੰਦਾ ਸੀ ।
ਇਸ ਤਰ੍ਹਾਂ ਹੋਇਆ ਪੂਰਾ ਘੁਟਾਲਾ
ਸਭ ਤੋਂ ਪਹਿਲਾਂ ਜਦੋਂ ਫਰਜ਼ੀ ਅਖੰਠ ਪਾਠ ਸਾਹਿਬ ਦਾ ਮਾਮਲਾ ਸਾਹਮਣੇ ਆਇਆ ਤਾਂ ਤਖਤ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਤਤਕਾਲੀ ਮੁੱਖੀ ਭੁਪਿੰਦਰ ਸਿੰਘ ਮਿਨਹਾਸ ਨੇ ਜਾਂਚ ਕਰਵਾਈ, ਜਦੋਂ ਰਿਪੋਰਟ ਆਈ ਤਾਂ ਪਤਾ ਲੱਗਿਆ ਕਿ ਕੁੱਲ 721 ਫਰਜ਼ੀ ਪਾਠ ਰੱਖੇ ਗਏ ਤੇ 36,69,350 ਰੁਪਏ ਦਾ ਘੁਟਾਲਾ ਹੋਇਆ । ਰਿਪੋਰਟ ਵਿੱਚ ਸਾਹਮਣੇ ਕਿ ਇਸ ਪੂਰੇ ਘੁਟਾਲੇ ਦੇ ਮਾਸਟਰ ਮਾਇੰਡ ਮਹੀਪਾਲ ਸਿੰਘ ਲਿਖਾਰੀ ਨੇ ਸ੍ਰੀ ਅਖੰਡ ਸਾਹਿਬ ਦੇ ਹੋਰ ਪਾਠਾਂ ਦੇ ਫਾਰਮ ਦੇ ਨਾਲ ਫਰਜ਼ੀ ਫਾਰਮ ਅਟੈਚ ਕੀਤੇ ਸਨ, ਜਦੋਂ ਜਾਂਚ ਹੋਈ ਤਾਂ ਵੇਖਿਆ ਗਿਆ ਕਿ ਫਾਰਮ ਜ਼ਿਆਦਾ ਹਨ ਬਿੱਲ ਘੱਟ ਹਨ, ਜਦੋਂ ਹੁਕਮਨਾਮੇ ਦੀ ਡਾਇਰੀ ਚੈੱਕ ਕੀਤੀ ਗਈ ਤਾਂ ਪਤਾ ਚੱਲਿਆ ਕਿ ਹੁਕਮਨਾਮਾ ਦੇ ਹੇਠਾਂ ਫਰਜੀ ਪਾਠ ਦੇ ਫਾਰਮ ‘ਤੇ ਲਿਖੇ ਗਏ ਹੁਕਮਨਾਮੇ ਡਾਇਰੀ ਵਿੱਚ ਜੋੜੇ ਗਏ, ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠੀ ਸਿੰਘਾਂ ਦੇ ਵੀ ਹਾਜਰੀ ਰਜਿਸਟ੍ਰਰਡ ਵਿੱਚ ਫਰਜੀ ਫਾਰਮ ਲੱਗਾ ਕੇ ਬਿੱਲ ਬਣੇ ਪਰ ਉਨ੍ਹਾਂ ਦੀ ਐਂਟਰੀ ਨਹੀਂ ਸੀ ਉਸ ਤੋਂ ਸਾਫ ਸੀ ਕਿ ਪਾਠੀਆਂ ਨੂੰ ਜਿਹੜੀ ਪੇਅਮੈਂਟ ਕੀਤੀ ਗਈ ਉਸ ਵਿੱਚ ਗੜਬੜੀ ਹੋਈ ਸੀ । ਜਿਹੜੇ ਪਾਠੀ ਦਾ ਨਾਂ ਫਾਰਮ ‘ਤੇ ਸੀ ਉਹ ਆਉਂਦੇ ਹੀ ਨਹੀਂ ਸੀ, ਉਨ੍ਹਾਂ ਦੀ ਥਾਂ ‘ਤੇ ਕੋਈ ਹੋਰ ਹੁੰਦਾ ਸੀ । ਜਿੰਨੇ ਵੀ ਫਰਜ਼ੀ ਫਾਰਮ ਬਣਾਏ ਗਏ ਉਹ ਸਾਰੇ ਪਾਠ ਦਰਸ਼ਨ ਡਿਉੜੀ ‘ਤੇ ਰੱਖੇ ਗਏ, ਪਰ ਫਰਜੀ ਫਾਰਮ ਵਿੱਚ ਜਿਹੜੇ ਪਾਠੀਆਂ ਦਾ ਨਾਂ ਲਿਖਿਆ ਸੀ ਉਹ ਸਾਰੇ ਲੰਗਰ ਹਾਲ ਵਿੱਚ ਪਾਠ ਕਰਦੇ ਨਜ਼ਰ ਆ ਰਹੇ ਸੀ । ਰਜਿਸਟਰ ਵਿੱਚ ਪਾਠੀ ਸਿੰਘਾਂ ਦੇ ਨਾਂ ਵੀ ਗਲਤ ਸਨ। ਉਨ੍ਹਾਂ ਨੇ ਪਾਠ ਦੌਰਾਨ ਕਿੰਨੇ ਅੰਗ ਪੜੇ ਇਸ ਬਾਰੇ ਡਾਇਰੀ ਵਿੱਚ ਕੋਈ ਜਾਣਕਾਰੀ ਨਹੀਂ ਸੀ। ਪਾਠੀ ਸਿੰਘਾਂ ਦੇ ਹਾਜਰੀ ਰਜਿਸਟਰਡਰ ਵਿੱਚ ਨਿਗਰਾਨ ਅਤੇ ਸਬੰਧਕ ਸੁਪ੍ਰੀਡੈਂਟ ਦੇ ਹਸਤਾਖਰ ਹੋਣੇ ਚਾਹੀਦੇ ਸਨ ਪਰ ਉਹ ਵੀ ਨਹੀਂ ਸਨ ।