ਬਿਹਾਰ(Bihar) ਵਿੱਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਬਿਹਾਰ ਦੇ ਸੁਪੌਲ ਜ਼ਿਲ੍ਹੇ ਦੇ ਤ੍ਰਿਵੇਣੀਗੰਜ ਦੇ ਲਾਲਪੱਟੀ (Lalpatti) ਦੇ ਇਕ ਨਿੱਜੀ ਸਕੂਲ ਵਿਚ ਨਰਸਰੀ ਕਲਾਸ ਵਿੱਚ ਪੜ੍ਹਦੇ ਬੱਚੇ ਨੇ ਤੀਜੀ ਜਮਾਤ ਦੇ 10 ਸਾਲਾ ਬੱਚੇ ਨੂੰ ਗੋਲੀ ਮਾਰੀ ਹੈ। ਇਹ ਘਟਨਾ ਦੇ ਵਾਪਰਣ ਤੋਂ ਬਾਅਦ ਸਕੂਲ ਵਿੱਚ ਹੜਕੰਪ ਮੱਚ ਗਿਆ। ਇਹ ਗੋਲੀ ਵਿਦਿਆਰਥੀ ਦੀ ਖੱਬੀ ਲੱਤ ਵਿੱਚ ਲੱਗੀ ਹੈ। ਬੱਚਾ ਆਪਣੇ ਸਕੂਲ ਬੈਗ ਵਿੱਚ ਪਿਸਤੌਲ ਲੈ ਕੇ ਆਇਆ ਸੀ। ਬੱਚੇ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਸ ਨੂੰ ਤੁਰੰਤ ਉੱਪ ਮੰਡਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਦਾ ਇਲਾਜ ਕਰਦੇ ਡਾਕਟਰਾਂ ਨੇ ਦੱਸਿਆ ਕਿ ਜ਼ਖ਼ਮੀ ਬੱਚੇ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।
ਇਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚੇ ਕੋਲ ਪਿਸਤੌਲ ਕਿਵੇਂ ਆਇਆ ਹੈ। ਸਥਾਨਕ ਲੋਕਾਂ ਵੱਲੋਂ ਦੱਸਣ ਮੁਤਾਬਕ ਪਹਿਲਾਂ ਮੁਲਜ਼ਮ ਬੱਚੇ ਦਾ ਪਿਤਾ ਸਕੂਲ ਵਿੱਚ ਸੁਰੱਖਿਆ ਕਰਮੀ ਵਜੋਂ ਤਾਇਨਾਤ ਸੀ। ਜ਼ਖਮੀ ਬੱਚੇ ਦੇ ਪਰਿਵਾਰ ਨੇ ਵੀ ਪਹੁੰਚ ਕੇ ਜਾਂਚ ਦੀ ਮੰਗ ਕੀਤੀ ਹੈ। ਸਕੂਲ ਪ੍ਰਸਾਸ਼ਨ ਵੱਲੋਂ ਜਦੋਂ ਇਸ ਦੀ ਜਾਣਕਾਰੀ ਗੋਲੀ ਮਾਰਨ ਵਾਲੇ ਬੱਚੇ ਦੇ ਪਿਤਾ ਨੂੰ ਦਿੱਤੀ ਤਾਂ ਉਸ ਨੇ ਸਕੂਲ ਵਿੱਚ ਪਹੁੰਚ ਕੇ ਪ੍ਰਿੰਸੀਪਲ ਦੀ ਮੇਜ ‘ਤੇ ਪਿਸਤੌਲ ਰੱਖ ਕੇ ਆਪਣੇ ਬੱਚੇ ਨੂੰ ਨਾਲ ਲੈ ਕੇ ਸਕੂਲ ਵਿੱਚੋਂ ਫਰਾਰ ਹੋ ਗਿਆ। ਦੱਸ ਦੇਈਏ ਕਿ ਉਹ ਆਪਣੇ ਬੱਚੇ ਨੂੰ ਲੈ ਕੇ ਇੰਨੀ ਜਲਦੀ ਵਿੱਚ ਭੱਜਿਆ ਕਿ ਉਹ ਆਪਣਾ ਮੋਟਰਸਾਇਕਲ ਸਕੂਲ ਹੀ ਛੱਡ ਗਿਆ।
ਪੀੜਤ ਬੱਚੇ ਦੇ ਪਰਿਵਾਰ ਨੇ ਮੰਗ ਕਰਦਿਆਂ ਕਿਹਾ ਕਿ ਇਹ ਪਤਾ ਲਗਾਇਆ ਜਾਵੇ ਕਿ ਇਹ ਸਭ ਕਿਵੇਂ ਅਤੇ ਕਿਉਂ ਹੋਇਆ ਹੈ। ਉਹ ਇਹ ਵਿਸਵਾਸ ਨਹੀਂ ਕਰ ਰਹੇ ਕਿ ਇਕ ਇੰਨਾ ਛੋਟਾ ਬੱਚਾ ਅਜਿਹੀ ਹਰਕਤ ਕਿਵੇਂ ਕਰ ਸਕਦਾ ਹੈ। ਉਨ੍ਹਾਂ ਵੱਲੋਂ ਗੋਲੀ ਚਲਾਉਣ ਵਾਲੇ ਬੱਚੇ ਦੇ ਪਰਿਵਾਰ ਤੋਂ ਪੁੱਛ ਗਿੱਛ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ – ਪੀਵੀ ਸਿੰਧੂ ਨੇ ਲਗਾਤਾਰ ਦੂਜਾ ਮੈਚ ਜਿੱਤਿਆ! ਹੁਣ ਮੈਡਲ ਰਾਊਂਡ ਦੀ ਰੇਸ ਸ਼ੁਰੂ