India Punjab

ਰਾਮਦੇਵ ਨੂੰ ਡਬਲ ਝਟਕਾ ! ਬੰਬੇ ਹਾਈਕੋਰਟ ਨੇ ਠੋਕਿਆ ਸਾਢੇ 4 ਕਰੋੜ ਦਾ ਜੁਰਮਾਨਾ, ਦਿੱਲੀ ਹਾਈਕੋਰਟ ਨੇ ਗਲਤੀ ਸੁਧਾਰਨ ਲਈ 3 ਦਿਨ ਦਿੱਤੇ !

ਬਿਉਰੋ ਰਿਪੋਰਟ : ਯੋਗ ਗੁਰੂ ਬਾਬਾ ਰਾਮ ਦੇਵ  (BABA RAM DEV) ਦੀ ਕੰਪਨੀ ਪਤੰਜਲੀ (PATANJLI) ਲਗਾਤਾਰ ਵਿਵਾਦਾਂ ਵਿੱਚ ਫਸ ਦੀ ਜਾ ਰਹੀ ਹੈ । ਅੱਜ ਦਿੱਲੀ ਹਾਈਕੋਰਟ ਤੋਂ ਬਾਅਦ ਹੁਣ ਬੰਬੇ ਹਾਈਕੋਰਟ ਨੇ ਵੀ ਪਤੰਜਲੀ ਖਿਲਾਫ ਵੱਡਾ ਫੈਸਲਾ ਸੁਣਾਉਂਦੇ ਹੋਏ ਸਾਢੇ 4 ਕਰੋੜ ਦਾ ਜੁਰਮਾਨਾ ਲਗਾਇਆ ਹੈ । ਇਸ ਵਿੱਚ 50 ਲੱਖ ਦਾ ਪਹਿਲਾਂ ਲਗਾਇਆ ਗਿਆ ਸੀ । ਜਸਟਿਸ RI ਛੱਗਲਾ ਨੇ ਇਹ ਜੁਰਮਾਨਾ ਮੰਗਲਮ ਆਰੇਨਿਕਸ ਲਿਮਟਿਡ ਵੱਲੋਂ ਪਤੰਜਲੀ ਖਿਲਾਫ ਕੀਤੇ ਗਏ ਕੇਸ ਵਿੱਚ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਖਿਲਾਫ ਲਗਾਇਆ ਹੈ ।

ਅਦਾਲਤ ਨੇ ਮੰਗਲਮ ਆਰਗੇਨਿਕ ਲਿਮਟਿਡ ਦੀ ਪਟੀਸ਼ਨ ‘ਤੇ ਸੁਣਵਾਈ ਦੇ ਦੌਰਾਨ ਪਤੰਜਲੀ ਨੂੰ ਆਪਣੇ ਕਪੂਰ ਉਤਪਾਦਾਂ ਦੇ ਵੇਚਣ ‘ਤੇ ਰੋਕ ਲਗਾਈ ਸੀ। ਅਦਾਲਤ ਨੇ ਇਹ ਹੁਕਮ 30 ਅਗਸਤ 2023 ਨੂੰ ਜਾਰੀ ਕੀਤੇ ਸਨ,ਪਰ ਇਸ ਦੇ ਬਾਜਜੂਦ ਪਤੰਜਲੀ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ ਜਿਸ ਦੀ ਜਾਣਕਾਰੀ ਅਦਾਲਤ ਵਿੱਚ ਦਿੱਤੀ ਗਈ । ਇਸ ਮਾਮਲੇ ਵਿੱਚ ਪਤੰਜਲੀ ਵੱਲੋਂ ਅਦਾਲਤ ਵਿੱਚ ਹਲਫਨਾਮਾ ਜਾਰੀ ਕਰਕੇ ਮੁਆਫ਼ੀ ਵੀ ਮੰਗੀ ਗਈ ਸੀ ਪਰ ਅਦਾਲਤ ਨੇ ਇਸ ਨੂੰ ਖਾਰਜ ਕਰ ਦਿੱਤਾ ।

ਹਲਫਨਾਮੇ ‘ਚ ਮੰਨਿਆ ਗਿਆ ਹੈ ਕਿ ਰੋਕ ਦੇ ਹੁਕਮਾਂ ਦੇ ਪਾਸ ਹੋਣ ਤੋਂ ਬਾਅਦ 24 ਜੂਨ ਤੱਕ ਡਿਸਟ੍ਰੀਬਿਊਟਰਾਂ ਨੂੰ 49,57,861 ਰੁਪਏ ਦੇ ਕਪੂਰ ਉਤਪਾਦਾਂ ਦੀ ਸਪਲਾਈ ਕੀਤੀ ਗਈ ਸੀ। ਇਸ ਤੋਂ ਇਲਾਵਾ 25,94,505 ਰੁਪਏ ਦੇ ਉਤਪਾਦ ਅਜੇ ਵੀ ਡਿਸਟ੍ਰੀਬਿਊਟਰਾਂ ਕੋਲ ਹਨ ਅਤੇ ਉਨ੍ਹਾਂ ਦੀ ਵਿਕਰੀ ਰੋਕ ਦਿੱਤੀ ਗਈ ਹੈ। ਇਸ ਦੇ ਉਲਟ ਮੰਗਲਮ ਆਰਗੇਨਿਕਸ ਨੇ ਦਾਅਵਾ ਕੀਤਾ ਕਿ ਪਤੰਜਲੀ ਨੇ 24 ਜੂਨ ਤੋਂ ਬਾਅਦ ਵੀ ਉਤਪਾਦ ਵੇਚੇ। ਕਪੂਰ ਉਤਪਾਦ 8 ਜੁਲਾਈ ਨੂੰ ਪਤੰਜਲੀ ਦੀ ਵੈੱਬਸਾਈਟ ‘ਤੇ ਵਿਕਰੀ ਰਹੇ ਸਨ। ਪਤੰਜਲੀ, ਮੰਗਲਮ ਆਰਗੇਨਿਕਸ ਵੱਲੋਂ ਸੌਂਪੇ ਗਏ ਹਲਫਨਾਮੇ ਵਿੱਚ ਇਸ ਜਾਣਕਾਰੀ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ।

ਅਦਾਲਤ ਨੇ ਕਿਹਾ ਕਿ ਪਤੰਜਲੀ ਨੇ ਆਪ ਮੰਨਿਆ ਹੈ ਕਿ ਉਸ ਨੇ 8 ਜੁਲਾਈ ਤੱਕ ਕਪੂਰ ਉਤਪਾਦ ਵੇਚੇ ਹਨ । ਜਦਕਿ ਹਕੀਕਤ ਇਹ ਹੈ ਕਿ ਇਹ 24 ਜੂਨ ਤੱਕ ਵੇਚੇ ਗਏ ਹਨ । ਅਦਾਲਤ ਨੇ ਪਿਛਲੀ ਸੁਣਵਾਈ ਦੌਰਾਨ ਹੀ ਪਤੰਜਲੀ ਨੂੰ ਕਿਹਾ ਸੀ ਕਿ ਤੁਸੀਂ ਮਾਣਹਾਨੀ ਦੇ ਕੇਸ ਵਿੱਚ ਮੰਗਲਮ ਆਰਗੇਨਿਕ ਲਿਮਟਿਡ ਨੂੰ 50 ਲੱਖ ਰੁਪਏ ਦਿਉ । ਹੁਣ ਜਦੋਂ ਪਤੰਜਲੀ ਨੇ ਅਦਾਲਤ ਦੇ ਹੁਕਮਾਂ ਦੀ ਪਾਲਨਾ ਨਾ ਕਰਦੇ ਹੋਏ ਪ੍ਰੋਡਕਟ ਨਹੀਂ ਹਟਾਏ ਤਾਂ ਅਦਾਲਤ ਨੇ ਪਤੰਜਲੀ ਨੂੰ 4 ਕਰੋੜ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਤੁਸੀਂ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ । ਯਾਨੀ ਕੁੱਲ ਮਿਲਾਕੇ ਪਤੰਜਲੀ ਤੇ ਸਾਢੇ 4 ਕਰੋੜ ਦਾ ਜੁਰਮਾਨਾ ਲੱਗਿਆ ਹੈ । ਇਸ ਤੋਂ ਪਹਿਲਾਂ ਦਿੱਲੀ ਹਾਈਕੋਰਟ ਨੇ ਵੀ ਪਤੰਜਲੀ ਖਿਲਾਫ ਵੱਡਾ ਹੁਕਮ ਸੁਣਾਇਆ ਹੈ ।

ਦਿੱਲੀ ਹਾਈਕੋਰਟ ਨੇ ਪਤੰਜਲੀ ਅਤੇ ਬਾਬਾ ਰਾਮਦੇਵ ਖਿਲਾਫ ਡਾਕਟਰਾਂ ਦੀ ਕਈ ਐਸੋਸੀਏਸ਼ਨ ਵੱਲੋਂ ਦਾਖਲ ਕੀਤੀ ਗਈ ਪਟੀਸ਼ਨਾਂ ‘ਤੇ ਸੋਮਵਾਰ ਨੂੰ ਫੈਸਲਾ ਸੁਣਾਇਆ ਹੈ । ਜਸਟਿਸ ਅਨੂਪ ਭੰਭਾਨੀ ਦੀ ਬੈਂਚ ਨੇ ਬਾਬਾ ਰਾਮ ਦੇਵ ਨੂੰ ਆਦੇਸ਼ ਦਿੱਤਾ ਹੈ ਕਿ ਉਹ 3 ਦਿਨਾਂ ਦੇ ਅੰਦਰ ਟਿੱਪਣੀਆਂ ਵਾਪਸ ਲੈਣ । ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪਤੰਜਲੀ ਆਯੁਰਵੇਦ ਦੀ ਕੋਰੋਨਿਲ ਸਿਰਫ ਇਮਯੂਨਿਟੀ ਬੂਸਟਰ ਨਹੀਂ ਹੈ ਬਲਕਿ ਕੋਵਿਡ -19 ਨੂੰ ਠੀਕ ਕਰਦੀ ਹੈ ।

ਅਦਾਲਤ ਨੇ ਕਿਹਾ ਮੈਂ ਪਤੰਜਲੀ,ਬਾਬਾ ਰਾਮਦੇਵ ਅਤੇ ਉਸ ਦੇ ਪ੍ਰਮੋਟਰਾਂ ਨੂੰ 3 ਦਿਨਾਂ ਦੇ ਅੰਦਰ ਕੁਝ ਟਵੀਟ ਹਟਾਉਣ ਦੇ ਨਿਰਦੇਸ਼ ਦਿੰਦਾ ਹਾਂ ਜੇਕਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤਾਂ ਸੋਸ਼ਲ ਮੀਡੀਆ ਮੀਡੀਏਟਰ ਇੰਨਾਂ ਟਵੀਟ ਨੂੰ ਹਟਾ ਦੇਵੇਗਾ।