India Sports

ਓਲੰਪਿਕ ਹਾਕੀ ’ਚ ਅਰਜਨਟੀਨਾ ਖ਼ਿਲਾਫ਼ ਹਾਰਦੀ -ਹਾਰਦੀ ਬਚੀ ਟੀਮ ਇੰਡੀਆ! ਕਪਤਾਨ ਨੇ 2 ਮਿੰਟ ਪਹਿਲਾਂ ਕੀਤਾ ਗੋਲ

ਬਿਉਰੋ ਰਿਪੋਰਟ – ਓਲੰਪਿਕ ਵਿੱਚ ਆਪਣੇ ਦੂਜੇ ਹਾਕੀ ਮੈਚ ਵਿੱਚ ਭਾਰਤ ਅਰਜਨਟੀਨਾ ਤੋਂ ਹਾਰਦਾ-ਹਾਰਦਾ ਬਚ ਗਿਆ। ਦੋਵਾਂ ਦੇ ਵਿਚਾਲੇ ਮੈਚ 1-1 ਦੀ ਬਰਾਬਰੀ ਨਾਲ ਡ੍ਰਾਅ ਹੋਇਆ। ਮੈਚ ਖ਼ਤਮ ਹੋਣ ਤੋਂ ਪੋਣੇ 2 ਮਿੰਟ ਪਹਿਲਾਂ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨੇਲਟੀ ਕਾਰਨਰ ਤੋਂ ਗੋਲ ਕਰਕੇ ਟੀਮ ਇੰਡੀਆ ਦੀ ਬਰਾਬਰੀ ਤੇ ਖੜਾ ਕਰ ਦਿੱਤਾ।

ਇਸ ਤੋਂ ਪਹਿਲਾਂ ਟੀਮ ਇੰਡੀਆ ਨੂੰ ਇੱਕ ਤੋਂ ਬਾਅਦ ਇੱਕ 4 ਵਾਰ ਪੈਨੇਲਟੀ ਕਾਰਨਰ ਮਿਲੇ ਪਰ ਟੀਮ ਗੋਲ ਵਿੱਚ ਤਬਦੀਲ ਕਰਨ ਵਿੱਚ ਸਫ਼ਲ ਨਹੀਂ ਹੋ ਸਕੀ। ਜਦੋਂ 58 ਮਿੰਟ ਦਾ ਖੇਡ ਹੋ ਚੁੱਕਿਆ ਸੀ ਤਾਂ 5ਵੇਂ ਪੈਨੇਲਟੀ ਕਾਰਨ ਵਿੱਚ ਭਾਰਤ ਨੂੰ ਸਫਲਤਾ ਮਿਲੀ। ਅਰਜਨਟੀਨਾ ਵਿਚਾਲੇ ਮੈਚ ਡ੍ਰਾਅ ਹੋਣ ਤੋਂ ਬਾਅਦ ਦੋਵਾਂ ਟੀਮਾਂ ਨੂੰ 1-1 ਪੁਆਇੰਟ ਮਿਲ ਗਿਆ। ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਦੇ ਨਾਲ ਹਰਾਇਆ ਸੀ।

ਭਾਰਤ ਦਾ ਅਗਲਾ ਮੁਕਾਬਲਾ ਕੱਲ੍ਹ ਆਇਰਲੈਂਡ ਨਾਲ ਹੋਵੇਗਾ, ਅੱਜ ਆਸਟ੍ਰੇਲੀਆ ਖ਼ਿਲਾਫ਼ ਆਇਰਲੈਂਡ ਭਾਵੇਂ ਮੈਚ ਹਾਰ ਗਈ ਪਰ ਜਿਸ ਤਰ੍ਹਾਂ ਦਾ ਮੁਕਾਬਲਾ ਰਿਹਾ, ਉਸ ਤੋਂ ਬਾਅਦ ਟੀਮ ਇੰਡੀਆ ਦੀ ਆਇਰਲੈਂਡ ਨਾਲ ਟੱਕਰ ਅਸਾਨ ਨਹੀਂ ਹੋਵੇਗੀ।

ਆਇਰਲੈਂਡ ਤੋਂ ਬਾਅਦ ਟੀਮ ਇੰਡੀਆ ਦਾ ਅਗਲਾ ਮੁਕਾਬਲਾ 1 ਅਗਸਤ ਨੂੰ ਬੈਲਜੀਅਮ ਨਾਲ ਹੋਵੇਗਾ ਜਦਕਿ 2 ਅਗਸਤ ਨੂੰ ਵਰਲਡ ਚੈਂਪੀਅਨ ਆਸਟ੍ਰੇਲੀਆ ਨਾਲ ਸਭ ਤੋਂ ਵੱਡਾ ਮੁਕਾਬਲਾ ਹੋਵੇਗਾ।