Punjab

ਸੋਕੇ ਵਰਗੇ ਬਣੇ ਹਾਲਤਾਂ ਤੋਂ ਪੀੜਤ ਕਿਸਾਨਾਂ ਦੇ ਹੱਕ ‘ਚ ਆਏ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਕੇਂਦਰ ਤੋਂ ਮਦਦ ਲਈ ਕੀਤੀ ਅਪੀਲ

ਮੁਹਾਲੀ :  ਸੂਬੇ ਵਿੱਚ ਕਈ ਥਾਵਾਂ ‘ਤੇ ਘੱਟ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਮੀਂਹ ਚੰਗੀ ਤਰ੍ਹਾਂ ਨਾ ਪੈਣ ਕਾਰਨ ਕਿਸਾਨ ਬੁਰੀ ਤਰਾਂ ਸੋਕੇ ਵਰਗੇ ਬਣੇ ਹਾਲਤਾਂ ਤੋਂ ਪੀੜਤ ਹਨ।

ਇਸੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪੰਜਾਬ ਦੇ ਕਿਸਾਨਾਂ ਦੇ ਬਣੇ ਹਲਾਤਾਂ ਤੇ ਚਿੰਤਾ ਜਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ, ਮੌਸਮ ਵਿੱਚ ਆਈ ਤਬਦੀਲੀ ਕਾਰਨ ਘੱਟ ਹੋਈ ਬਾਰਿਸ਼ ਕਾਰਨ ਮਾਲਵਾ ਖੇਤਰ ਦੇ ਛੇ ਜਿਲੇ ਬੁਰੀ ਤਰਾਂ ਸੋਕੇ ਦੀ ਕਗਾਰ ਵੱਲ ਵਧ ਰਹੇ ਹਨ। ਬਠਿੰਡਾ, ਬਰਨਾਲਾ, ਸੰਗਰੂਰ ਫਰੀਦਕੋਟ ਮੋਗਾ ਅਤੇ ਮਾਨਸਾ ਦੇ ਕਿਸਾਨ ਬੁਰੀ ਤਰਾਂ ਸੋਕੇ ਵਰਗੇ ਬਣੇ ਹਾਲਤਾਂ ਤੋਂ ਪੀੜਤ ਹਨ। ਇਸ ਸਾਲ ਔਸਤਨ ਬਰਸਾਤ ਦੇ ਮੁਕਾਬਲੇ ਪੰਜਾਹ ਫੀਸਦ ਤੋ ਘੱਟ ਬਰਸਾਤ ਹੋਣ ਕਾਰਨ ਝੋਨੇ ਹੇਠ ਰਕਬਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

ਵਡਾਲਾ ਨੇ ਕਿਹਾ ਕਿ ਪੰਜਾਬ ਅੰਦਰ ਇਸ ਵਾਰ ਕਰੀਬ 45 ਲੱਖ ਹੈਕਟੇਅਰ ਰਕਬਾ ਝੋਨੇ ਹੇਠ ਹੈ। ਜਿਸ ਦੀ ਸਿੰਚਾਈ ਲਈ ਪਾਣੀ ਦੀ ਵਧੇਰੇ ਲੋੜ ਰਹਿੰਦੀ ਹੈ ਪਰ ਬਾਰਿਸ਼ ਘੱਟ ਪੈਣ ਦੇ ਚਲਦੇ ਕਿਸਾਨਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਪਾਵਰਕੌਮ ਤੋਂ ਇਸ ਵੇਲੇ ਸੂਬੇ ਅੰਦਰ ਬਿਜਲੀ ਦੀ ਮੰਗ ਦੇ ਵੇਰਵੇ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਵਾਰ ਬਿਜਲੀ ਦੀ ਮੰਗ 16000 ਮੈਗਾਵਾਟ ਤੱਕ ਜਾ ਚੁੱਕੀ ਹੈ। ਪੇਂਡੂ ਹਲਕਿਆਂ ਵਿੱਚ ਲਗਾਤਾਰ ਇਸ ਦੀ ਮੰਗ ਪੂਰੀ ਕਰਨ ਨੂੰ ਲੈਕੇ ਹਾਹਾਕਾਰ ਮਚੀ ਹੋਈ ਹੈ ਤੇ ਕਿਸਾਨ ਸੜਕਾਂ ਤੇ ਆਉਣ ਲਈ ਮਜਬੂਰ ਹਨ।

ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋ ਤੁਰੰਤ ਪ੍ਰਭਾਵ ਨਾਲ ਇਸ ਸੰਕਟ ਨਾਲ ਨਜਿੱਠਣ ਲਈ ਰੋਜਾਨਾਂ ਨਿਰਵਿਘਨ ਘੱਟੋ-ਘੱਟ 8 ਘੰਟੇ ਬਿਜਲੀ ਅਤੇ ਟੇਲਾਂ ਤੱਕ ਵੱਧ ਤੋਂ ਵੱਧ ਪਾਣੀ ਪਹੁੰਚਾਉਣ ਦੀ ਅਪੀਲ ਕੀਤੀ । ਇਸ ਦੇ ਨਾਲ ਹੀ ਮੁੱਖ ਮੰਤਰੀ ਨੂੰ ਕਿਹਾ ਕਿ ਪੰਜਾਬ ਦੇ ਤਾਜਾ ਹਲਾਤਾਂ ਲਈ ਓਹ ਖੁੱਦ ਪ੍ਰਬੰਧ ਕਰਨ ਜਾਂ ਕੇਂਦਰ ਤੋ ਮੁਆਵਜੇ ਦੀ ਮੰਗ ਕਰਨ ਤਾਂ ਜੋ ਕਿਸਾਨਾਂ ਤੇ ਮਹਿੰਗੇ ਡੀਜ਼ਲ ਦੀ ਪੈ ਰਹੀ ਮਾਰ ਦੀ ਭਰਪਾਈ ਕੀਤੀ ਜਾ ਸਕੇ।

ਦੱਸ ਦਈਏ ਕਿ ਫ਼ਸਲਾਂ ਨੂੰ ਭਾਵੇਂ ਜ਼ਮੀਨਦੋਜ਼ ਅਤੇ ਨਹਿਰੀ ਪਾਣੀ ਮਿਲ ਰਿਹਾ ਹੈ ਪਰ ਉਸ ਵਿੱਚ ਮੀਂਹ ਦੇ ਪਾਣੀ ਵਰਗੀ ਬਰਕਤ ਨਹੀਂ।