India Punjab

ਹਰਿਆਣਾ ਦੇ ਬਰਵਾਲਾ ਵਿੱਚ ਗਰਜੇ ਸੀਐਮ ਮਾਨ! ‘ਸਰਕਾਰ ਦਿੱਲੀਓਂ ਚੱਲਦੀ ਹੈ ਤਾਂ ਕਿਸਾਨ ਦਿੱਲੀ ਹੀ ਜਾਣਗੇ’

ਬਿਉਰੋ ਰਿਪੋਰਟ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਹਰਿਆਣਾ ਵਿੱਚ ਆਪਣੀ ਪਾਰਟੀ ਦੇ ਲਈ ਚੋਣ ਪ੍ਰਚਾਰ ’ਚ ਰੁੱਝੇ ਹੋਏ ਹਨ। ਬੀਤੇ ਦਿਨੀਂ ਪਾਰਟੀ ਨੇ ਹਰਿਆਣਾ ਵਿੱਚ ਕੇਜਰੀਵਾਲ ਦੀਆਂ 5 ਗਰੰਟੀਆਂ ਜਾਰੀ ਕੀਤੀਆਂ ਸਨ। ਅੱਜ ਸੀਐਮ ਮਾਨ ਨੇ ਹਰਿਆਣਾ ਦੇ ਬਰਵਾਲਾ ਵਿੱਚ ਫੇਰ ਉਹ ਗਰੰਟੀਆਂ ਦੁਹਰਾਈਆਂ ਤੇ ਹਰਿਆਣਾ ਵਾਸੀਆਂ ਕੋਲੋਂ ਝਾੜੂ ਲਈ ਵੋਟਾਂ ਦੀ ਮੰਗ ਕੀਤੀ। ਇਸ ਬਦਲਾਅ ਰੈਲੀ ਵਿੱਚ ਹਰਿਆਣਾ ਪ੍ਰਦੇਸ਼ ਪ੍ਰਧਾਨ, ਸਾਬਕਾ ਸੰਸਦ ਮੈਂਬਰ ਸੁਸ਼ੀਲ ਗੁਪਤਾ, ਪਾਰਟੀ ਆਗੂ ਅਨੁਰਾਗ ਢਾਂਡਾ ਅਤੇ ਹੋਰ ਆਗੂ ਸ਼ਾਮਲ ਸਨ।

ਇਸ ਮੌਕੇ ਉਨ੍ਹਾਂ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ “ਹਰਿਆਣਾ ਦਾ ਲਾਲ, ਅਰਵਿੰਦ ਕੇਜਰੀਵਾਲ” ਦਾ ਨਾਅਰਾ ਦਿੱਤਾ। ਇਸ ਦੌਰਾਨ ਉਨ੍ਹਾਂ ਹਰਿਆਣਾ ਵਿੱਚ ਸੱਤਾਧਾਰੀ ਬੀਜੇਪੀ ’ਤੇ ਖੂਬ ਨਿਸ਼ਾਨੇ ਲਾਏ। ਕਿਸਾਨਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਬੀਜੇਪੀ ਨੇ ਬਾਰਡਰ ਤੇ ਸੜਕ ਤੇ ਕੰਢਿਆਲੀ ਤਾਰ ਲਾ ਦਿੱਤੀ ਕਿ ਕਿਸਾਨ ਦਿੱਲੀ ਨਾ ਜਾ ਸਕਣ। ਕਿਸਾਨ ਸ਼ਹੀਦ ਹੋ ਰਹੇ ਹਨ ਪਰ ਇਨ੍ਹਾਂ ਨੂੰ ਕੋਈ ਫ਼ਰਕ ਨਹੀਂ ਹੈ।

ਸੀਐਮ ਮਾਨ ਨੇ ਆਪਣਾ ਭਾਸਣ ਸ਼ੁਰੂ ਕਰਦਿਆਂ ਕਿਹਾ ਕਿ ਕਈ ਸਾਲ ਹੋ ਗਏ ਹਨ ਜਦੋਂ ਹਰਿਆਣਾ ਵਿਚ ਕਾਂਗਰਸ, ਭਾਜਪਾ ਅਤੇ ਹੋਰ ਪਾਰਟੀਆਂ ਰਾਜ ਕਰ ਰਹੀਆਂ ਹਨ। ਪਰ ਹੁਣ ਤੱਕ ਹਰੇਕ ਪਾਰਟੀ ਨੇ ਹਰਿਆਣਾ ਨੂੰ ਲੁੱਟਣ ਦਾ ਕੰਮ ਕੀਤਾ, ਜੇ ਬਿਮਾਰੀ ਡਾਕਟਰ ਕੋਲੋਂ ਠੀਕ ਨਾ ਹੁੰਦੀ ਹੋਵੇ ਤਾਂ ਡਾਕਟਰ ਬਦਲਣ ਲੈਣਾ ਚਾਹੀਦਾ। ਹਰਿਆਣਾ ਦੇ ਲੋਕ ਬਦਲਾਅ ਚਾਹੁੰਦੇ ਹਨ। ਪੰਜਾਬ ਤੇ ਹਰਿਆਣਾ ਇੱਕੋ-ਮਿੱਕੇ ਹਨ, ਇੱਕੋ ਪੱਤਣ ਦਾ ਪਾਣੀ ਪੀਂਦੇ ਹਨ। ਸਾਡੇ ਕੋਲ ਜ਼ਮੀਨ ਵੀ ਹੈ, ਪਾਣੀ ਵੀ ਹੈ, ਹਰ ਕੁਦਰਤੀ ਸਰੋਤ ਹੈ, ਪਰ ਸੱਚੀ ਸੁੱਚੀ ਨੀਅਤ ਵਾਲੇ ਆਗੂ ਨਹੀਂ ਹਨ।

ਸੀਐਮ ਮਾਨ ਨੇ ਕਿਾਹ ਕਿ ਪਿਛਲੇ ਆਗੂਆਂ ਨੇ ਆਪਣੇ ਘਰ ਵੇਖੇ ਤੇ ਆਪਣੇ ਰਿਸ਼ਤੇਦਾਰ ਵੇਖੇ, ਅਸੀਂ ਇਸ ਚੀਜ਼ ਨੂੰ ਬਦਲਣਾ ਚਾਹੁੰਦੇ ਹਾਂ। ਇਹ ਕਹਿੰਦਿਆਂ ਉਨ੍ਹਾਂ ਨੇ ਪੰਜਾਬ ਵਿੱਚ ਢਾਈ ਸਾਲਾਂ ਦੇ ਆਪਣੀ ਸਰਕਾਰ ਦੇ ਕਾਰਜਕਾਲ ਵਿੱਚ ਕੀਤੇ ਵਿਕਾਸ ਕਾਰਜ ਗਿਣਵਾਏ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਛੋਟੇ-ਵੱਡੇ ਭਰਾ ਹਨ। ਇਹ ਵੱਖ ਭਾਵੇਂ ਹੋ ਗਏ, ਪਰ ਇਨ੍ਹਾਂ ਦੇ ਦਿਲ ਤਾਂ ਇੱਕ ਹੀ ਹਨ।

ਉਨ੍ਹਾਂ ਹੱਥ ਜੋੜ ਕੇ ਔਰਤਾਂ ਨੂੰ ਕਿਹਾ ਕਿ ਉਹ ਰਾਜਨੀਤੀ ਵਿੱਚ ਹਿੱਸਾ ਲੈਣ, ਰੈਲੀਆਂ ਵਿੱਚ ਆਉਂ, ਦੇਖਣ ਕਿ ਕੌਣ ਕੀ ਕਹਿ ਰਿਹਾ ਹੈ, ਜੇ ਔਰਤਾਂ ਬਿਨਾ ਘਰ ਨਹੀਂ ਚੱਲ ਸਕਦਾ ਤੇ ਔਰਤਾਂ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ।

ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਨੂੰ ਬਿਜਲੀ ਦੀ ਗਰੰਟੀ ਦਿੱਤੀ ਕਿ ਬਿਜਲੀ ਤਾਂ 24 ਘੰਟੇ ਆਵੇਗੀ ਪਰ ਬਿੱਲ ਜ਼ੀਰੋ ਆਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ 90 ਫੀਸਦੀ ਘਰਾਂ ਵਿੱਚ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ। 600 ਯੂਨਿਟ ਮੁਆਫ਼ ਕੀਤੇ ਹਨ ਤੇ ਹਰ ਦੋ ਮਹੀਨਿਆਂ ਬਾਅਦ ਬਿਜਲੀ ਦਾ ਬਿੱਲ ਆਉਂਦਾ ਹੈ। ਹਰਿਆਣਾ ਵਿੱਚ ਵੀ ਪਾਰਟੀ ਇਹੀ ਮਾਡਲ ਲਾਗੂ ਕਰੇਗੀ।

ਭਗਵੰਤ ਮਾਨ ਨੇ ਹਰਿਆਣਾ ਵਾਸੀਆਂ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਮਿਸਾਲ ਪੇਸ਼ ਕੀਤੀ। ਪੰਜਾਬ ਵਿੱਚ ਵੀ ਸ਼ਾਨਦਾਰ ਸਕੂਲ ਬਣਨ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਗ਼ਰੀਬ ਘਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਅਫ਼ਸਰ ਲੱਗ ਕੇ ਘਰ ਦੀ ਗਰੀਬੀ ਦੂਰ ਕਰ ਸਕਦੇ ਹਨ।

ਸੀਐਮ ਨੇ ਬੀਜੇਪੀ ਨੂੰ ਘੇਰਦਿਆਂ ਕਿਹਾ ਕਿ ਇਨ੍ਹਾਂ ਦੇ ਚੰਦ ਉਦਯੋਗਪਤੀਆਂ ਨਾਲ ਯਾਰੀ ਹੈ ਉਨ੍ਹਾਂ ਨਾਲ ਹੀ ਉੱਠਦੇ ਬੈਠਦੇ ਹਨ ਤੇ ਉਨ੍ਹਾਂ ਦੇ ਹੀ ਵਿਆਹਾਂ ਵਿੱਚ ਜਾਂਦੇ ਹਨ। ਗ਼ਰੀਬ ਜਨਤਾ ਦਾ ਖ਼ਿਆਲ ਹੀ ਨਹੀਂ ਹੈ। ਇਨ੍ਹਾਂ ਨੂੰ ਨਹੀਂ ਪਤਾ ਕਿ ਗਰੀਬੀ ਕੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਇੱਥੇ 10 ਸਾਲ ਹੋ ਗਏ, ਕੋਈ ਨੌਕਰੀ ਨਹੀਂ ਦਿੱਤੀ ਨਾ ਕੋਈ ਸੜਕ ਬਣਾਈ।

ਬੀਜੇਪੀ ’ਤੇ ਇਲਜ਼ਮ ਲਾਇਆ ਕਿ ਇਹ ਕਹਿੰਦੇ ਹਨ ਕਿ ਉਨ੍ਹਾਂ ਕੋਲ ਪੈਸਾ ਬਹੁਤ ਹੈ, ਇਹ ਪੈਸੇ ਵੰਡਣਗੇ ਤੇ ਲੋਕਾਂ ਦੇ ਵੋਟ ਖ਼ਰੀਦ ਲੈਣਗੇ। ਜੇ ਇਹ ਲੋਕ ਪੈਸੇ ਦੇਣਗੇ ਤਾਂ ਲੋਕ ਲੈ ਲੈਣ, ਪਰ ਵੋਟ ਝਾੜੂ ਨੂੰ ਪੈ ਦੇਣ। ਇਹ ਪੈਸੇ ਲੋਕਾਂ ਦੇ ਹੀ ਹਨ।

ਬੀਜੇਪੀ ’ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ, “ਬੀਜੇਪੀ ਵਾਲਿਓ ਸੁਣ ਲਓ, ਤੁਸੀਂ ਕਹਿ ਰਹੇ 400 ਪਾਰ, ਪਰ ਇਸ ਵਰਾ ਤਾਂ ਬੇੜਾ ਪਾਰ ਵੀ ਨਹੀਂ ਹੋਇਆ, ਇੱਧਰੋਂ-ਉੱਧਰੋਂ ਸਪੋਰਟ ਲੈ ਕੇ ਕੰਮ ਚਲਾਉਣਾ ਪੈ ਰਿਹਾ ਹੈ। ਇਹ ਪਬਲਿਕ ਹੈ ਸਭ ਜਾਣਦੀ ਹੈ।”