Punjab

ਰਵਨੀਤ ਬਿੱਟੂ ਨੇ ਲਈ ਭਾਜਪਾ ਆਗੂ ਅਸ਼ਵਨੀ ਸ਼ਰਮਾ ‘ਤੇ ਹਮਲਾ ਕਰਨ ਦੀ ਜ਼ਿੰਮੇਵਾਰੀ

‘ਦ ਖ਼ਾਲਸ ਬਿਊਰੋ:- ਲੋਕ ਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਖ਼ਿਲਾਫ਼ ਖੇਤੀਬਾੜੀ ਕਾਨੂੰਨਾਂ ਸਬੰਧੀ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ’ਚ ਨਿੱਤਰਦਿਆਂ ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ’ਤੇ ਹਮਲਾ ਕਰਨ ਦੀ ਜ਼ਿੰਮੇਵਾਰੀ ਲਈ। ਇਨ੍ਹਾਂ ਕਿਹਾ ਕਿ ਕਿਸਾਨਾਂ ’ਤੇ ਪਰਚਾ ਦਰਜ ਕਰਨ ਦੀ ਬਜਾਏ ਉਨ੍ਹਾਂ ’ਤੇ ਕਾਨੂੰਨੀ ਕਾਰਵਾਈ ਕਰਵਾਈ ਜਾਵੇ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਤੋਂ ਇਲਾਵਾ ਹਰੇਕ ਵਰਗ ’ਚ ਇਹ ਖੇਤੀਬਾੜੀ ਬਿੱਲ ਪਾਸ ਹੋਣ ਕਾਰਨ ਰੋਸ ਹੈ।  ਇੱਕ ਪਾਸੇ ਤਾਂ ਕਿਸਾਨ ਆਪਣੇ ਹੱਕਾਂ ਲਈ ਸਾਰਾ ਦਿਨ, ਸਾਰੀ ਰਾਤ ਰੇਲ ਪਟੜੀਆਂ, ਸੜਕਾਂ ’ਤੇ ਧਰਨਾ ਲਗਾ ਰਹੇ ਹਨ ਅਤੇ ਦੂਜੇ ਪਾਸੇ ਭਾਜਪਾ ਆਗੂ ਉਨ੍ਹਾਂ ਕੋਲੋਂ ਹੂਟਰ ਮਾਰ ਕੇ ਕਿਸਾਨਾਂ ਦੇ ਹੱਕ ’ਚ ਖੜ੍ਹਨ ਦੀ ਬਜਾਏ ਉਨ੍ਹਾਂ ਨੂੰ ਮੂੰਹ ਚਿੜਾ ਕੇ ਲੰਘ ਰਹੇ ਹਨ। ਜੇਕਰ ਅੱਗੇ ਤੋਂ ਵੀ ਕੋਈ ਭਾਜਪਾ ਆਗੂ ਅਜਿਹੀ ਘਟੀਆ ਹਰਕਤ ਕਰੇਗਾ ਤੇ ਉਸ ਉੱਪਰ ਹਮਲਾ ਹੋਇਆ ਤਾਂ ਉਸ ਲਈ ਵੀ ਜ਼ਿੰਮੇਵਾਰ ਰਵਨੀਤ ਸਿੰਘ ਬਿੱਟੂ ਹੋਵੇਗਾ। ਕੇਂਦਰੀ ਸਰਕਾਰ ’ਚ ਹਰਦੀਪ ਸਿੰਘ ਪੁਰੀ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਪੰਜਾਬ ਦਾ ਸਿੱਖ ਕਹਾਉਂਦਾ ਹੈ ਪਰ ਉਸਨੇ ਪੰਜਾਬ ਦੇ ਹਿੱਤਾਂ ਤੇ ਕਿਸਾਨਾਂ ਲਈ ਇੱਕ ਵਾਰ ਵੀ ਅਵਾਜ਼ ਬੁਲੰਦ ਨਹੀਂ ਕੀਤੀ।

ਸਾਬਕਾ ਮੰਤਰੀ ਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਸਿੱਧੂ ਦਾ ਕਾਂਗਰਸ ’ਚ ਦਮ ਘੁੱਟਦਾ ਹੈ ਤਾਂ ਉਹ ਪਾਰਟੀ ਛੱਡ ਕੇ ਚਲਾ ਜਾਵੇ। ਨਵਜੋਤ ਸਿੱਧੂ ਇੱਕ ਬਹੁਤ ਵੱਡਾ ਲੀਡਰ ਹੈ। ਪਹਿਲਾਂ ਉਸ ਨੇ ਭਾਜਪਾ ਨੂੰ ਅਜ਼ਮਾਇਆ ਅਤੇ ਫਿਰ ਕਾਂਗਰਸ ਨੂੰ, ਜੇਕਰ ਇੱਥੇ ਵੀ ਪੁੱਛਗਿੱਛ ਨਹੀਂ ਹੋ ਰਹੀ ਤਾਂ ਉਹ ਕਿਸੇ ਹੋਰ ਪਾਰਟੀ ’ਚ ਜਾ ਕੇ ਆਪਣੀ ਕਿਸਮਤ ਅਜ਼ਮਾ ਸਕਦੇ ਹਨ।