India

ਕੁਦਰਤ ਦੀ ਮਾਰ, 3 ਜੀਆਂ ‘ਤੇ ਕਹਿਰ ਬਣ ਵਰ੍ਹਿਆ ਮੀਂਹ

ਚੰਡੀਗੜ੍ਹ-  ਮੌੜ ਮੰਡੀ ਦੇ ਵਾਰਡ ਨੰਬਰ 10 ਗਾਂਧੀ ਬਸਤੀ ਵਿਚ ਬੀਤੀ ਰਾਤ ਬਾਰਿਸ਼ ਕਾਰਨ ਇਕ ਘਰ ਦੀ ਛੱਤ ਡਿੱਗ ਗਈ। ਛੱਤ ਡਿੱਗਣ ਕਾਰਨ 3 ਜੀਆ ਮਾਂ ਸੁਨੀਤਾ ਦੇਵੀ, ਪੁੱਤ ਰਾਕੇਸ਼ ਕੁਮਾਰ ਅਤੇ ਧੀ ਮਮਤੀ ਰਾਨੀ ਦੀ ਮੌਤ ਹੋ ਗਈ। ਤਿੰਨਾਂ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਚ ਲਿਜਾਇਆ ਗਿਆ ਹੈ। ਮ੍ਰਿਤਕਾ ਸੁਨੀਤਾ ਦੇਵੀ ਦੇ ਪਤੀ ਦੀ ਇਕ ਸਾਲ ਪਹਿਲੇ ਹੀ ਮੌਤ ਹੋ ਚੁੱਕੀ ਸੀ।

8 ਮਾਰਚ ਨੂੰ ਸੰਗਰੂਰ ਚ ਵੀ ਇਕ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਸਮੇਤ ਦੋ ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਪਰਿਵਾਰ ਦੇ ਤਿੰਨ ਜੀਅ ਜ਼ਖ਼ਮੀ ਹੋ ਗਏ ਸਨ। ਸੁਨਾਮ ਰੇਲਵੇ ਸਟੇਸ਼ਨ ਦੇ ਸਾਹਮਣੇ ਇੰਦਰਾ ਬਸਤੀ ਚ ਬਲਵੀਰ ਕੁਮਾਰ ਨਾਂ ਦਾ ਇਕ ਮਜ਼ਦੂਰ ਆਪਣੇ ਪਰਿਵਾਰ ਸਮੇਤ ਇਕੋਂ ਕਮਰੇ ਚ ਰਹਿ ਰਿਹਾ ਸੀ। ਘਰ ਦੀ ਛੱਤ ਪੁਰਾਣੀ ਹੋਣ ਕਾਰਨ ਛੱਤ ਅਚਾਨਕ ਡਿੱਗ ਗਈ ਸੀ।

ਇਸ ਤੋਂ ਪਹਿਲਾਂ ਭਾਈ ਵੀਰ ਸਿੰਘ ਕਾਲੋਨੀ ਪਿੰਡ ਮੂਲੇਚੱਕ 5 ਮਾਰਚ ਨੂੰ ਰਾਤ 2 ਵਜੇ ਦੇ ਕਰੀਬ ਭਾਰੀ ਮੀਂਹ ਇਕ ਪਰਿਵਾਰ ਤੇ ਕਹਿਰ ਬਣ ਕੇ ਟੁੱਟ ਪਿਆ, ਜਿਸ ਨਾਲ ਬੱਚਿਆਂ ਸਮੇਤ 4 ਦੀ ਮੌਤ ਅਤੇ ਇਕ 6 ਸਾਲ ਦੀ ਬੱਚੀ ਜ਼ਖਮੀ ਹੋ ਗਈ ਸੀ।

ਵੀਰਵਾਰ ਰਾਤ ਨੂੰ ਅਜੇ ਕੁਮਾਰ, ਪਤਨੀ ਮਾਨਵੀ, 6 ਸਾਲਾ ਬੇਟੀ ਨੈਨਾ ਅਤੇ 2 ਜੌੜੇ 6 ਮਹੀਨਿਆਂ ਦੇ ਬੱਚੇ ਯੁਗਰਾਜ ਅਤੇ ਮੰਨਤ ਸੁੱਤੇ ਪਏ ਸਨ। ਅਚਾਨਕ ਮੀਂਹ ਚ ਘਰ ਦੀ ਕੱਚੀ ਛੱਤ ਡਿੱਗਣ ਨਾਲ ਜੌੜੇ ਬੱਚਿਆਂ ਸਮੇਤ ਮਾਤਾ-ਪਿਤਾ ਦੀ ਮੌਤ ਹੋ ਗਈ ਅਤੇ 6 ਸਾਲਾ ਬੱਚੀ ਗੰਭੀਰ ਜ਼ਖ਼ਮੀ ਹੋ ਗਈ। ਛੱਤ ਡਿੱਗਣ ਤੇ ਗੁਆਂਢੀਆਂ ਨੇ ਮ੍ਰਿਤਕ ਦੇਹਾਂ ਅਤੇ ਜ਼ਖ਼ਮੀ ਬੱਚੀ ਨੂੰ ਬਾਹਰ ਕੱਢ ਕੇ 108 ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਸੀ।