India Punjab

ਮੋਦੀ ਸਰਕਾਰ ਦੀ ਸਾੜੀ ਜਾਵੇਗੀ ਅਰਥੀ, ਇਸ ਦਿਨ ਹੋਵੇਗਾ ਟਰੈਕਟਰ ਮਾਰਚ, ਕਿਸਾਨ ਲੀਡਰਾਂ ਕੀਤਾ ਐਲਾਨ

Sarvan Singh Pandher

ਬਿਉਰੋ ਰਿਪੋਰਟ – ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਰੋਕਣ ਵਾਲੇ ਪੁਲਿਸ ਅਫਸਰਾਂ ਨੂੰ ਸਨਮਾਨਿਤ ਕਰਨ ਦਾ ਜਿਹੜਾ ਫੈਸਲਾ ਲਿਆ ਹੈ ਇਸ ਦਾ ਕਿਸਾਨਾਂ ਦੇ ਵੱਲੋਂ ਸਖਤ ਵਿਰੋਧ ਕੀਤਾ ਗਿਆ ਹੈ। ਕਿਸਾਨ ਲੀਡਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਜਿਨ੍ਹਾਂ ਪੁਲਿਸ ਅਫਸਰਾਂ ਨੇ ਕਿਸਾਨਾਂ ‘ਤੇ ਗੋਲੀਆਂ ਚਲਾ ਕੇ ਤਸ਼ੱਸ਼ਦ ਕੀਤਾ ਹੈ, ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਪੰਧੇਰ ਨੇ ਮੰਗ ਕੀਤੀ ਕਿ ਸਰਕਾਰ ਨੂੰ ਇਹ ਫੈਸਲਾ ਰੱਦ ਕਰ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ, ਜਿਸ ਦੇ ਵਿਰੋਧ ਵਜੋਂ ਕਿਸਾਨਾਂ ਵੱਲੋਂ 1 ਅਗਸਤ ਨੂੰ ਮੋਦੀ ਸਰਕਾਰ ਦੀ ਅਰਥੀ ਸਾੜਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪੰਧੇਰ ਨੇ ਕਿਹਾ ਕਿ ਇਸ ਦੇ ਨਾਲ ਹੀ 1 ਅਗਸਤ ਨੂੰ ਐਮਐਸਪੀ ਗਰੰਟੀ ਕਨੂੰਨ ਬਣਾਉਣ ਅਤੇ ਪ੍ਰਾਈਵੇਟ ਬਿੱਲ ਜੋ ਵੀ ਵਿਰੋਧੀ ਧਿਰ ਲੈ ਕੇ ਆਵੇਗੀ ਉਸ ਲਈ ਜ਼ਿਲ੍ਹਾਂ ਹੈਡ ਕੁਵਾਟਰਾਂ ਤੇ ਲੌਂਗ ਮਾਰਚ ਕੀਤਾ ਜਾਵੇਗਾ।

ਪੰਧੇਰ ਨੇ ਕਿਹਾ ਕਿ ਇਸ ਤੋਂ ਬਾਅਦ 15 ਅਗਸਤ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਣਗੇ। ਇਸ ਤੋਂ ਬਾਅਦ ਸਰਕਾਰ ਵੱਲੋਂ ਲਿਆਂਦੇ ਨਵੇਂ ਅਪਰਾਧਿਕ ਕਨੂੰਨ ਦੀਆਂ ਕਾਪੀਆਂ ਸਾੜਨ ਦਾ ਫੈਸਲਾ ਵੀ ਲਿਆ ਗਿਆ ਹੈ।

ਸਰਵਨ ਸਿੰਘ ਪੰਧੇਰ ਨੇ ਕਿਹਾ ਕਿ 31 ਅਗਸਤ ਨੂੰ ਹਰਿਆਣਾ ਦੇ ਬਾਰਡਰਾਂ ‘ਤੇ ਲੱਗੇ ਧਰਨੇ ਨੂੰ 200 ਦਿਨ ਪੂਰੇ ਹੋ ਜਾਣਗੇ। ਉਸ ਦਿਨ ਬਰਡਰਾਂ ‘ਤੇ ਲੱਖਾਂ ਕਿਸਾਨਾਂ ਮਜ਼ਦੂਰਾਂ ਦਾ ਵਿਸ਼ਾਲ ਇਕੱਠ ਕੀਤਾ ਜਾਵੇਗੀ। ਉਨ੍ਹਾਂ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਸ ਇਕੱਠ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਕਿਸਾਨ ਆਗੂ ਪੰਧੇਰ ਨੇ ਕਿਹਾ ਕਿ 1 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਵੱਡੀ ਰੈਲੀ ਕੀਤੀ ਜਾਵੇਗੀ ਅਤੇ ਫਿਰ ਹਰਿਆਣਾ ਵਿੱਚ ਦੋ ਵੱਡੀਆਂ ਮਹਾਂ ਪੰਚਾਇਤਾਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਹਿਲੀ ਰੈਲੀ 15 ਸਤੰਬਰ ਨੂੰ ਜੀਂਦ ਅਤੇ ਦੂਜੀ 22 ਸਤੰਬਰ ਨੂੰ ਪਿੱਪਲੀ ਵਿੱਚ ਕੀਤੀ ਜਾਵੇਗੀ।

ਅਸ਼ੀਸ਼ ਮਿਸ਼ਰਾ ਦੀ ਜਮਾਨਤ ਦਾ ਕੀਤਾ ਵਿਰੋਧ

ਕਿਸਾਨ ਲੀਡਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਅਸ਼ੀਸ਼ ਮਿਸ਼ਰਾ ਨੂੰ ਜੋ ਜ਼ਮਾਨਤ ਮਿਲੀ ਹੈ, ਉਹ ਉਸ ਦਾ ਵਿਰੋਧ ਕਰਦੇ ਹਨ। ਇਸ ਦੇ ਨਾਲ ਹੀ ਪੰਧੇਰ ਨੇ ਅਸ਼ੀਸ਼ ਮਿਸ਼ਰਾ ਨੂੰ ਕਿਸਾਨਾਂ ਦਾ ਕਾਤਲ ਦੱਸਦਿਆਂ ਜ਼ਮਾਨਤ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਇਸ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਇਹ ਵੀ ਪੜ੍ਹੋ –   ਮੁੱਖ ਮੰਤਰੀ ਨੂੰ ਮਿਲਿਆ ਫਾਈਨੈਸ ਕਮਿਸ਼ਨ, ਚੁੱਕੇ ਕਈ ਮੁੱਦੇ