ਬਿਉਰੋ ਰਿਪੋਰਟ – ਚੋਣ ਪ੍ਰਚਾਰ ਦੇ ਦੌਰਾਨ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਡੋਨਾਲਡ ਟਰੰਪ ’ਤੇ ਹਮਲੇ ਤੋਂ ਬਾਅਦ ਪਾਰਟੀ ਦੀ ਮੈਂਬਰ ਹਰਮੀਤ ਕੌਰ ਢਿੱਲੋਂ ਦੇ ਵੱਲੋਂ ਉਨ੍ਹਾਂ ਦੀ ਸਲਾਮਤੀ ਲਈ ਸਿੱਖ ਮਰਿਆਦਾ ਮੁਤਾਬਿਕ ਅਰਦਾਸ ਕੀਤੀ ਗਈ ਸੀ। ਇਸ ਅਰਦਾਸ ਪਾਰਟੀ ਦੇ ਇੱਕ ਪ੍ਰੋਗਰਾਮ ਵਿੱਚ ਜਨਤਕ ਤੌਰ ’ਤੇ ਕੀਤੀ ਗਈ ਸੀ। ਜਿਸ ਤੋਂ ਬਾਅਦ ਹਰਮੀਤ ਨੂੰ ਆਪਣੀ ਹੀ ਪਾਰਟੀ ਦੇ ਵਰਕਰਾਂ ਅਤੇ ਹਮਾਇਤੀਆਂ ਵੱਲੋਂ ਟ੍ਰੋਲ ਕੀਤਾ ਜਾ ਰਿਹਾ ਸੀ। ਉਨ੍ਹਾਂ ਖ਼ਿਲਾਫ਼ ਨਸਲੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ। ਇਸ ’ਤੇ ਹੁਣ ਅਮਰੀਕੀ ਕਾਂਗਰਸ ਦੇ ਭਾਰਤੀ ਮੂਲ ਦੇ ਮੈਂਬਰ ਰਾਜਾ ਕ੍ਰਿਸ਼ਣਮੂਰਤੀ ਨੇ ਟ੍ਰੋਲ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ।
ਕ੍ਰਿਸ਼ਣਮੂਰਤੀ ਨੇ ਗੁਰਮੀਤ ਕੌਰ ਢਿੱਲੋਂ ਖ਼ਿਲਾਫ਼ ਨਸਲੀ ਟਿੱਪਣੀ ਕਰਨ ਵਾਲਿਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਸਾਡੇ ਦੇਸ਼ ਵਿੱਚ ਧਰਮ ਦੇ ਅਧਾਰ ’ਤੇ ਵਖਰੇਵਾਂ ਕਰਨ ਦੀ ਕੋਈ ਥਾਂ ਨਹੀਂ ਹੈ। ਜਦੋਂ ਅਜਿਹਾ ਹੁੰਦਾ ਹੈ ਤਾਂ ਡੈਮੋਕਰੇਟਸ ਅਤੇ ਰਿਪਬਲਿਕਨ ਨੂੰ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਨੀ ਚਾਹੀਦੀ ਹੈ।
ਅਮਰੀਕੀ ਕਾਂਗਰਸ ਦੇ ਮੈਂਬਰ ਨੇ ਕਿਹਾ ਹਰਮੀਤ ਕੌਰ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਮੈਂਬਰ ਹੈ,ਅਜਿਹੇ ਵਿੱਚ ਪਾਰਟੀ ਦੇ ਵਰਕਰਾਂ ਵੱਲੋਂ ਵੀ ਅਜਿਹੀ ਟਿੱਪਣੀ ਕਰਨਾ ਸਹੀ ਨਹੀਂ ਹੈ। ਅਮਰੀਕਾ ਦੇ ਲੋਕ ਅਜਿਹੇ ਵਤੀਰੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਅਮਰੀਕਾ ਵਿੱਚ ਮੰਨਿਆ ਜਾਂਦਾ ਹੈ ਕਿ ਸਿੱਖ ਜ਼ਿਆਦਾਤਰ ਡੈਮੋਕਰੇਟਸ ਪਾਰਟੀ ਨੂੰ ਹਮਾਇਤ ਦਿੰਦੇ ਹਨ ਪਰ ਇਸ ਵਾਰ ਰਿਪਬਲਿਕਨ ਪਾਰਟੀ ਨੂੰ ਸਿੱਖਾਂ ਦੀ ਕਾਫੀ ਹਮਾਇਤ ਮਿਲ ਰਹੀ ਹੈ। ਇਸ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਹੈ ਡੋਨਾਲਡ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਛੋਟੇ ਵਪਾਰੀਆਂ ਲਈ ਕਾਫੀ ਕੰਮ ਕੀਤਾ ਸੀ।
ਇਸ ਵਾਰ ਨਿੱਕੀ ਹੇਲੀ, ਡੋਨਾਲਡ ਟਰੰਪ ਦੇ ਖ਼ਿਲਾਫ਼ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਲਈ ਰਿਪਬਲਿਕਨ ਪਾਰਟੀ ਵੱਲੋਂ ਖੜੀ ਸੀ ਪਰ ਹੁਣ ਉਹ ਵੀ ਟਰੰਪ ਦੇ ਲਈ ਜਮ ਕੇ ਕੈਂਪੇਨਿੰਗ ਕਰ ਰਹੀ ਹਨ। ਪਿਛਲੀ ਵਾਰ ਜਦੋਂ ਟਰੰਪ ਰਾਸ਼ਟਰਪਤੀ ਬਣੇ ਸਨ ਤਾਂ ਨਿੱਕੀ ਹੇਲੀ ਨੂੰ UNO ਵਿੱਚ ਟਰੰਪ ਨੇ ਅਹਿਮ ਅਹੁਦਾ ਦਿੱਤਾ ਸੀ। ਹਾਲਾਂਕਿ ਰਾਸ਼ਟਰਪਤੀ ਦੀ ਉਮੀਦਵਾਰੀ ਦੇ ਦੌਰਾਨ ਦੋਵਾਂ ਨੇ ਇੱਕ ਦੂਜੇ ਦੇ ਖ਼ਿਲਾਫ਼ ਜਮ ਕੇ ਨਿਸ਼ਾਨਾ ਵੀ ਲਗਾਇਆ ਸੀ।