Punjab

ਅੰਮ੍ਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ 2 ਦਿਨ ਦੇ ਰਿਮਾਂਡ ’ਤੇ, ਪੁਲਿਸ ਨੇ 10 ਦਿਨ ਦਾ ਮੰਗਿਆ ਸੀ ਸਮਾਂ

ਬਿਉਰੋ ਰਿਪੋਰਟ: ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਹੈਪੀ ਨੂੰ ਪੁਲਿਸ ਨੇ ਅੱਜ ਜਲੰਧਰ ਸੈਸ਼ਨ ਕੋਰਟ ਵਿੱਚ ਪੇਸ਼ ਕੀਤਾ। ਅਦਾਲਤ ਨੇ ਪੁਲਿਸ ਨੂੰ 2 ਦਿਨ ਦਾ ਰਿਮਾਂਡ ਦਿੱਤਾ ਹੈ। ਅੱਜ ਪੁਲੀਸ ਨੇ ਕਰੀਬ 10 ਦਿਨਾਂ ਦਾ ਰਿਮਾਂਡ ਮੰਗਿਆ ਸੀ, ਜਿਸ ’ਤੇ ਅਦਾਲਤ ਨੇ ਸਿਰਫ਼ 2 ਦਿਨ ਦਾ ਰਿਮਾਂਡ ਦਿੱਤਾ ਹੈ।

ਪੁਲਿਸ ਦੋਵਾਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ। ਦੱਸ ਦੇਈਏ ਕਿ ਪੁਲਿਸ ਨੇ ਅੰਮ੍ਰਿਤਪਾਲ ਦੇ ਭਰਾ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਸੀ। ਹਰਪ੍ਰੀਤ ਸਿੰਘ ਦੇ ਵਕੀਲ ਜੋਏ ਨੇ ਕਿਹਾ ਕਿ ਇਸ ਕੇਸ ਨੂੰ ਪੁਲਿਸ ਨੇ ਜਾਅਲੀ ਬਣਾਇਆ ਹੈ।

ਪਰਿਵਾਰ ਨਾਲ ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਹਰਪ੍ਰੀਤ ਨੂੰ ਫਿਲੌਰ ਤੋਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਡੋਪ ਟੈਸਟ ਦੀ ਰਿਪੋਰਟ ’ਤੇ ਜੋਏ ਨੇ ਕਿਹਾ ਕਿ ਹਰਪ੍ਰੀਤ ਜਿੰਮ ਜਾਂਦਾ ਹੈ, ਇਸ ਲਈ ਉਹ ਸਟੀਰੌਇਡ ਲੈਂਦਾ ਹੈ। ਜਿਸ ਕਾਰਨ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਕਾਰਨ ਲਵਪ੍ਰੀਤ ਸਿੰਘ ਦਾ ਵੀ ਡੋਪ ਟੈਸਟ ਪਾਜ਼ੇਟਿਵ ਆਇਆ ਹੈ।

4 ਗ੍ਰਾਮ ਆਈਸ ਡਰੱਗ ਹੋਈ ਸੀ ਬਰਾਮਦ

ਇਸ ਸਬੰਧੀ ਫਿਲੌਰ ਪੁਲਿਸ ਨੇ ਜਲੰਧਰ ਸੈਸ਼ਨ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ, ਜਿਸ ਵਿੱਚ ਰਿਮਾਂਡ ਦੀ ਮੰਗ ਕੀਤੀ ਗਈ ਸੀ। ਜਿਸ ’ਤੇ ਅੱਜ ਯਾਨੀ ਸ਼ੁੱਕਰਵਾਰ ਨੂੰ ਸੁਣਵਾਈ ਹੋ ਰਹੀ ਹੈ। ਹੈਪੀ ਨੂੰ ਫਿਲੌਰ ਪੁਲਸ ਨੇ 11 ਜੁਲਾਈ ਦੀ ਸ਼ਾਮ ਨੂੰ ਉਸ ਦੇ ਸਾਥੀ ਲਵਪ੍ਰੀਤ ਸਮੇਤ ਫਿਲੌਰ ਹਾਈਵੇਅ ਤੋਂ ਫੜਿਆ ਸੀ। ਉਨ੍ਹਾਂ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਹੋਈ।