Punjab

12ਵੀਂ ਪਾਸ ਮੁੰਡੇ ਨੇ ਨਹਿਰ ’ਚ ਮਾਰੀ ਛਾਲ! ਅਧਿਆਪਕਾ ਸਵਾਲਾਂ ਦੇ ਘੇਰੇ ‘ਚ

ਖੰਨਾ: ਪਿੰਡ ਜਟਾਣਾ ਦੇ ਇੱਕ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਨੌਜਵਾਨ ਦੀ ਪਛਾਣ ਕਰਨਪ੍ਰੀਤ ਸਿੰਘ (19) ਵਜੋਂ ਹੋਈ ਹੈ। ਇਹ ਮਾਮਲਾ ਸਕੂਲ ਦੀ ਹੀ ਇੱਕ ਅਧਿਆਪਕਾ ਨਾਲ ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ। ਨਹਿਰ ’ਚ ਰੁੜ੍ਹੇ ਨੌਜਵਾਨ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਅਧਿਆਪਕਾ ਦਾ ਪਤੀ ਅਤੇ ਜੀਜਾ ਉਨ੍ਹਾਂ ਦੇ ਬੇਟੇ ਨੂੰ ਧਮਕੀਆਂ ਦੇ ਰਹੇ ਸਨ। ਜਿਸ ਕਾਰਨ ਡਰ ਦੇ ਮਾਰੇ ਉਸਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਿਸ਼ਤੇਦਾਰ ਦੇ ਮੋਟਰਸਾਈਕਲ ਤੋਂ ਛਲਾਂਗ ਮਾਰ ਕੇ ਨਹਿਰ ਵਿੱਚ ਕੁੱਦਿਆ

ਪਿੰਡ ਜਟਾਣਾ ਦੇ ਵਸਨੀਕ ਰਣਧੀਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਕਰਨਪ੍ਰੀਤ ਸਿੰਘ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ। ਹਾਲ ਹੀ ਵਿੱਚ 12ਵੀਂ ਪਾਸ ਕੀਤੀ ਹੈ। ਇਸ ਘਟਨਾ ਤੋਂ ਬਾਅਦ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਕਰਨਪ੍ਰੀਤ ਸਿੰਘ ਦੇ ਸਕੂਲ ਦੀ ਇੱਕ ਅਧਿਆਪਕਾ ਨਾਲ ਪ੍ਰੇਮ ਸਬੰਧ ਸਨ। ਜਦੋਂ ਅਧਿਆਪਕਾ ਦੇ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਦੇ ਪਤੀ ਤੇ ਜੀਜੇ ਨੇ ਕਰਨਪ੍ਰੀਤ ਸਿੰਘ ਨੂੰ ਕਈ ਦਿਨਾਂ ਤੱਕ ਫ਼ੋਨ ’ਤੇ ਧਮਕੀਆਂ ਦਿੱਤੀਆਂ। ਫ਼ੋਨ ਕਾਲਾਂ ਦੀ ਰਿਕਾਰਡਿੰਗ ਪਰਿਵਾਰ ਨੇ ਪੁਲਿਸ ਨੂੰ ਦੇ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਕਰਨਪ੍ਰੀਤ ਸਿੰਘ ਆਪਣੇ ਕਿਸੇ ਰਿਸ਼ਤੇਦਾਰ ਨਾਲ ਮੋਟਰ ਸਾਈਕਲ ’ਤੇ ਕੋਟ ਗੰਗੁਰਾਏ ਤੋਂ ਆਪਣੇ ਪਿੰਡ ਆ ਰਿਹਾ ਸੀ। ਕਟਾਣੀ ਨਹਿਰ ਦੇ ਪੁਲ ਨੇੜੇ ਕਰਨਪ੍ਰੀਤ ਨੇ ਬਾਈਕ ਤੋਂ ਛਾਲ ਮਾਰ ਕੇ ਨਹਿਰ ਵਿੱਚ ਕੁੱਦ ਗਿਆ। ਇਸ ਸਬੰਧੀ ਥਾਣਾ ਕਟਾਣੀ ਚੌਕੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਫਿਲਹਾਲ ਦੋਰਾਹਾ ਨਹਿਰ ’ਚ ਕਰਨਪ੍ਰੀਤ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ – ਬੇਅਦਬੀ ਦੇ ਮੁਖ ਮੁਲਜ਼ਮ ਬਿੱਟੂ ਦੇ ਕਤਲ ਮਾਮਲੇ ’ਚ ਸਾਬਕਾ IG ਤੋਂ ਪੁੱਛ-ਗਿੱਛ! 2 ਦਿਨ ਪਹਿਲਾਂ ਹੀ ਜਥੇਦਾਰ ਸਾਹਿਬ ਨੂੰ ਮਿਲ ਕੇ ਮਾਨ ਸਰਕਾਰ ਨੂੰ ਘੇਰਿਆ ਸੀ