ਬਿਉਰੋ ਰਿਪੋਰਟ: ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ’ਚ ਬਣੇ ਦੁਨੀਆ ਦੇ ਸਭ ਤੋਂ ਉੱਚੇ ਸਟੀਲ ਆਰਚ ਬ੍ਰਿਜ ’ਤੇ ਸੁਤੰਤਰਤਾ ਦਿਵਸ ਯਾਨੀ 15 ਅਗਸਤ ਨੂੰ ਪਹਿਲੀ ਰੇਲਗੱਡੀ ਚੱਲੇਗੀ। ਸੰਗਲਦਾਨ ਤੋਂ ਰਿਆਸੀ ਵਿਚਕਾਰ ਚੱਲਣ ਵਾਲੀ ਇਹ ਰੇਲ ਸੇਵਾ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ (USBRL) ਪ੍ਰੋਜੈਕਟ ਦਾ ਹਿੱਸਾ ਹੈ।
ਇਸ ਪੁਲ ’ਤੇ 20 ਜੂਨ ਨੂੰ ਰੇਲ ਦਾ ਟਰਾਇਲ ਰਨ ਹੋਇਆ ਸੀ। ਇਸ ਤੋਂ ਪਹਿਲਾਂ 16 ਜੂਨ ਨੂੰ ਪੁਲ਼ ’ਤੇ ਇਲੈਕਟ੍ਰਿਕ ਇੰਜਣ ਦਾ ਟ੍ਰਾਇਲ ਕੀਤਾ ਗਿਆ ਸੀ। ਇਹ ਪੁਲ ਪੈਰਿਸ ਦੇ ਆਈਫਲ ਟਾਵਰ ਤੋਂ 29 ਮੀਟਰ ਉੱਚਾ ਹੈ। ਆਈਫਲ ਟਾਵਰ ਦੀ ਉਚਾਈ 330 ਮੀਟਰ ਹੈ, ਜਦਕਿ ਇਹ 1.3 ਕਿਲੋਮੀਟਰ ਲੰਬਾ ਪੁਲ ਚਨਾਬ ਨਦੀ ’ਤੇ 359 ਮੀਟਰ ਦੀ ਉਚਾਈ ’ਤੇ ਬਣਾਇਆ ਗਿਆ ਹੈ।
ਇਸ ਪੁਲ਼ ਦੀ ਖ਼ਾਸੀਅਤ ਇਹ ਹੈ ਕਿ ਇਹ ਰਿਕਟਰ ਪੈਮਾਨੇ ’ਤੇ 8 ਤੀਬਰਤਾ ਤੱਕ 40 ਕਿਲੋਗ੍ਰਾਮ ਤੱਕ ਵਿਸਫੋਟਕ ਅਤੇ ਭੁਚਾਲ ਦੇ ਝਟਕੇ ਸਹਿ ਸਕਦਾ ਹੈ। ਪਾਕਿਸਤਾਨੀ ਸਰਹੱਦ ਤੋਂ ਇਸ ਦੀ ਹਵਾਈ ਦੂਰੀ ਸਿਰਫ਼ 65 ਕਿਲੋਮੀਟਰ ਹੈ। ਇਸ ਪੁਲ਼ ਦੇ ਖੁੱਲ੍ਹਣ ਨਾਲ ਕਸ਼ਮੀਰ ਘਾਟੀ ਹਰ ਮੌਸਮ ਵਿੱਚ ਰੇਲ ਗੱਡੀਆਂ ਰਾਹੀਂ ਭਾਰਤ ਦੇ ਹੋਰ ਹਿੱਸਿਆਂ ਨਾਲ ਜੁੜ ਜਾਵੇਗੀ।
USBRL ਪ੍ਰੋਜੈਕਟ 1997 ਵਿੱਚ ਸ਼ੁਰੂ ਹੋਇਆ ਸੀ। ਇਸ ਤਹਿਤ 272 ਕਿਲੋਮੀਟਰ ਰੇਲਵੇ ਲਾਈਨ ਵਿਛਾਈ ਜਾਣੀ ਸੀ। ਹੁਣ ਤੱਕ ਵੱਖ-ਵੱਖ ਪੜਾਵਾਂ ਵਿੱਚ 209 ਕਿਲੋਮੀਟਰ ਲਾਈਨ ਵਿਛਾਈ ਜਾ ਚੁੱਕੀ ਹੈ। ਇਸ ਸਾਲ ਦੇ ਅੰਤ ਤੱਕ ਰਿਆਸੀ ਤੋਂ ਕਟੜਾ ਨੂੰ ਜੋੜਨ ਵਾਲੀ ਆਖ਼ਰੀ 17 ਕਿਲੋਮੀਟਰ ਲਾਈਨ ਵਿਛਾਈ ਜਾਵੇਗੀ, ਜਿਸ ਤੋਂ ਬਾਅਦ ਯਾਤਰੀ ਜੰਮੂ ਦੇ ਰਿਆਸੀ ਤੋਂ ਕਸ਼ਮੀਰ ਦੇ ਬਾਰਾਮੂਲਾ ਤੱਕ ਸਫ਼ਰ ਕਰ ਸਕਣਗੇ।
20 ਸਾਲਾਂ ’ਚ ਬਣ ਕੇ ਤਿਆਰ ਹੋਇਆ ਪੁਲ਼
ਆਜ਼ਾਦੀ ਦੇ 76 ਸਾਲ ਪੂਰੇ ਹੋਣ ਤੋਂ ਬਾਅਦ ਵੀ ਬਰਫ਼ਬਾਰੀ ਦੇ ਮੌਸਮ ਦੌਰਾਨ ਕਸ਼ਮੀਰ ਘਾਟੀ ਦੇਸ਼ ਦੇ ਹੋਰਨਾਂ ਹਿੱਸਿਆਂ ਨਾਲੋਂ ਕੱਟੀ ਰਹੀ। 22 ਫਰਵਰੀ 2024 ਤੱਕ, ਕਸ਼ਮੀਰ ਘਾਟੀ ਸਿਰਫ ਰਾਸ਼ਟਰੀ ਰਾਜਮਾਰਗ-44 ਰਾਹੀਂ ਪਹੁੰਚਿਆ ਜਾ ਸਕਦਾ ਸੀ। ਕਸ਼ਮੀਰ ਘਾਟੀ ਵੱਲ ਜਾਣ ਵਾਲੀ ਇਹ ਸੜਕ ਵੀ ਬਰਫ਼ਬਾਰੀ ਕਾਰਨ ਬੰਦ ਹੋ ਜਾਂਦੀ ਸੀ।
ਇਸ ਤੋਂ ਇਲਾਵਾ ਕਸ਼ਮੀਰ ਜਾਣ ਲਈ ਰੇਲ ਗੱਡੀਆਂ ਜੰਮੂ-ਤਵੀ ਤੱਕ ਹੀ ਜਾਂਦੀਆਂ ਸਨ, ਜਿੱਥੋਂ ਲੋਕਾਂ ਨੂੰ ਕਰੀਬ 350 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਸੀ। ਜਵਾਹਰ ਸੁਰੰਗ ਤੋਂ ਲੰਘਦੇ ਇਸ ਰਸਤੇ ਰਾਹੀਂ ਜੰਮੂ-ਤਵੀ ਤੋਂ ਘਾਟੀ ਜਾਣ ਲਈ ਲੋਕਾਂ ਨੂੰ 8 ਤੋਂ 10 ਘੰਟੇ ਲੱਗਦੇ ਸਨ।
2003 ਵਿੱਚ, ਭਾਰਤ ਸਰਕਾਰ ਨੇ ਹਰ ਮੌਸਮ ਦੇ ਆਧਾਰ ’ਤੇ ਕਸ਼ਮੀਰ ਘਾਟੀ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਲਈ ਚਨਾਬ ਪੁਲ਼ ਬਣਾਉਣ ਦਾ ਫੈਸਲਾ ਕੀਤਾ। ਇਸੇ ਸਾਲ ਸਰਕਾਰ ਨੇ ਚਨਾਬ ਪੁਲ਼ ਪ੍ਰਾਜੈਕਟ ਨੂੰ ਵੀ ਮਨਜ਼ੂਰੀ ਦਿੱਤੀ ਸੀ। ਇਹ ਪੁਲ਼ 2009 ਤੱਕ ਬਣ ਕੇ ਤਿਆਰ ਹੋ ਜਾਣਾ ਸੀ। ਹਾਲਾਂਕਿ, ਅਜਿਹਾ ਨਹੀਂ ਹੋਇਆ। ਹੁਣ ਲਗਭਗ 2 ਦਹਾਕਿਆਂ ਬਾਅਦ ਚਨਾਬ ਨਦੀ ’ਤੇ ਬਣਿਆ ਇਹ ਪੁਲ਼ ਤਿਆਰ ਹੈ।