’ਦ ਖ਼ਾਲਸ ਬਿਊਰੋ: ਪੰਜਾਬ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਨੂੰ ਲੈ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਪੱਕੇ ਮੋਰਚੇ ਲਾਏ ਹੋਏ ਹਨ। ਕਿਸਾਨਾਂ ਦਾ ਰੇਲ ਰੋਕੋ ਸੰਘਰਸ਼ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਪਰ ਦੂਜੇ ਪਾਸੇ ਸੂਬਾ ਸਰਕਾਰ ਰੇਲ ਪਟਰੀਆਂ ਤੋਂ ਧਰਨਾ ਚੁਕਾਉਣ ਲਈ ਕੋਲੇ ਦੇ ਸੰਕਟ ਅਤੇ ਫ਼ੌਜ ਦੀਆਂ ਮੁਸ਼ਕਲਾਂ ਦੀ ਦੁਹਾਈ ਦੇ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਰੇਲਾਂ ਬੰਦ ਹੋਣ ਕਰਕੇ ਤਾਪ ਬਿਜਲੀ ਘਰਾਂ ਅੰਦਰ ਕੋਲਾ ਨਹੀਂ ਪਹੁੰਚ ਰਿਹਾ ਤੇ ਦੂਜਾ ਰੇਲਾਂ ਬੰਦ ਹੋਣ ਕਰਕੇ ਫ਼ੌਜ ਨੂੰ ਰਾਸ਼ਨ ਨਹੀਂ ਪਹੁੰਚ ਰਿਹਾ। ਪਰ ਕਿਸਾਨ ਸਰਕਾਰ ਦੀਆਂ ਇਨ੍ਹਾਂ ਨੂੰ ਦਲੀਲਾਂ ਨੂੰ ਮਹਿਜ਼ ਡਰਾਵੇ ਅਤੇ ਬਹਾਨੇ ਕਰਾਰ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਜਦੋਂ ਤਕ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਓਨੀ ਦੇਰ ਸੰਘਰਸ਼ ਜਾਰੀ ਰਹੇਗਾ।
ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਿਸਾਨਾਂ ਦਾ ਧਰਨਾ ਚੁਕਾਉਣ ਲਈ ਸਰਕਾਰ ਦੇ ਮਹਿਜ਼ ਬਹਾਨੇ ਹੀ ਹਨ। ਰੇਲ ਰੋਕੋ ਅੰਦੋਲਨ ਨੂੰ ਹੁਣ 14 ਅਤਕਤੂਬਰ ਤਕ ਵਧਾਉਣ ਦਾ ਦਾ ਐਲਾਨ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਇਹ ਵੀ ਕਿਹਾ ਹੈ ਕਿ ਇਸ ਵਾਰ ਦੁਸਹਿਰੇ ਵਿੱਚ ਉਹ ਬੁਰਾਈ ਦੇ ਪ੍ਰਤੀਕ ਰਾਵਣ ਦੇ ਰੂਪ ਵਿੱਚ ਅਡਾਨੀ-ਅੰਬਾਨੀ ਦੇ ਪੁਤਲੇ ਸਾੜਨਗੇ। ਦੱਸ ਦੇਈਏ ਕਿਸਾਨ ਅੰਮ੍ਰਿਤਸਰ, ਗੁਰਦਾਸਪੁਰ, ਪਟਿਆਲਾ, ਰੋਪੜ, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਜੈਤੋ ਅਤੇ ਬਰਨਾਲਾ ਵਿੱਚ ਧਰਨੇ ’ਤੇ ਬੈਠੇ ਹਨ। ਇਸ ਦੇ ਨਾਲ ਹੀ ਹੁਸ਼ਿਆਰਪੁਰ, ਪਟਿਆਲਾ ਵਿਖੇ ਰੋਪੜ, ਕਪੂਰਥਲਾ ਵਿੱਚ ਟੋਲ ਪਲਾਜ਼ਿਆਂ, ਪੈਟਰੋਲ ਪੰਪਾਂ ਅਤੇ ਰਿਲਾਇੰਸ ਦੇ ਸਟੋਰਾਂ ’ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਸਰਕਾਰ ਵੱਲੋਂ ਕੋਲੇ ਤੇ ਫ਼ੌਜ ਦੇ ਨਾਤੇ ਧਰਨੇ ਚੁੱਕਣ ਦੀ ਅਪੀਲ
ਇੱਕ ਪਾਸੇ ਸੀਐਮ ਕੈਪਟਨ ਅਮਰਿੰਦਰ ਸਿੰਘ ਖੇਤੀ ਕਾਨੂੰਨ ਦੇ ਵਿਰੁੱਧ ਕਿਸਾਨਾਂ ਦਾ ਸਾਥ ਦੇ ਰਹੇ ਹਨ ਪਰ ਦੂਜੇ ਪਾਸੇ ਧਰਨਾ ਚੁਕਾਉਣ ਦੀ ਵੀ ਗੱਲ ਕਰ ਰਹੇ ਹਨ। ਉਨ੍ਹਾਂ ਧਰਨਾ ਦੇ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ ਮਾਲ ਗੱਡੀ ਨੂੰ ਆਉਣ-ਜਾਣ ਦੇਣ ਕਿਉਂਕਿ ਕੋਲੇ ਦੇ ਭੰਡਾਰ ਖ਼ਤਮ ਹੋ ਰਹੇ ਹਨ ਤੇ ਬਿਜਲੀ ਦੀ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ। ਪਰ ਕਿਸਾਨ ਜਥੇਬੰਦੀਆਂ ਨੇ ਹਾਲੇ ਕੋਈ ਫੈਸਲਾ ਨਹੀਂ ਲਿਆ। ਅਜਿਹੇ ਵਿੱਚ ਸੂਬਾ ਸਰਕਾਰ ਸਾਹਮਣੇ ਘਰੇਲੂ ਖਪਤਕਾਰਾਂ, ਕਮਰਸ਼ੀਅਲ ਅਤੇ ਖੇਤੀ ਸੈਕਟਰ ਨੂੰ ਬਿਜਲੀ (ਲਗਭਗ 8 ਹਜ਼ਾਰ ਮੈਗਾਵਾਟ) ਮੁਹੱਈਆ ਕਰਵਾਉਣਾ ਵੱਡੀ ਚੁਣੌਤੀ ਬਣ ਸਕਦਾ ਹੈ।
ਕੈਪਟਨ ਤੋਂ ਇਲਾਵਾ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਸੂਬੇ ‘ਚ ਬਿਜਲੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਬੀਤੇ ਕੱਲ੍ਹ ਅਤੇ ਪਰਸੋਂ ਲਗਾਤਾਰ ਦੋ ਵਾਰ ਬਾਦਲ ਨੇ ਕਿਹਾ ਹੈ ਕਿ ਪੰਜਾਬ ‘ਚ ਸਿਰਫ 2 ਦਿਨ ਦਾ ਕੋਲਾ ਬਚਿਆ ਹੈ। ਪੰਜਾਬ ਦੀ ਬੱਤੀ ਕਿਸੇ ਵੀ ਸਮੇਂ ਗੁੱਲ ਹੋ ਸਕਦੀ ਹੈ ਤੇ ਪੰਜਾਬ ਪੂਰੀ ਤਰਾਂ ਬਲੈਕ ਆਊਟ ਹੋ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਧਰਨਾ ਰੇਲਵੇ ਲਾਈਨਾਂ ਤੋਂ ਚੁੱਕ ਲੈਣ ਨਹੀਂ ਤਾਂ ਪੰਜਾਬ ਨੂੰ ਬਿਜਲੀ ਦੇ ਵੱਡੇ ਸੰਕਟ ਨਾਲ ਜੂਝਣਾ ਪੈ ਸਕਦਾ ਹੈ।
ਬੀਤੇ ਪਰਸੋਂ ਵੀ ਮਨਪ੍ਰੀਤ ਬਾਦਲ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਅਗਲੀ ਫ਼ਸਲ ਲਈ ਯੂਰੀਆ ਖਾਦ ਵੀ ਖਤਮ ਹੋ ਗਈ ਹੈ, ਜੇ ਕਿਸਾਨ ਧਰਨਾ ਨਹੀਂ ਚੱਕਦੇ ਤਾਂ ਉਨ੍ਹਾਂ ਨੂੰ ਫਸਲ ਬੀਜਣ ਵਿੱਚ ਪ੍ਰੇਸ਼ਾਨੀ ਆ ਸਕਦੀ ਹੈ। ਉਨ੍ਹਾਂ ਫੌਜ ਦਾ ਹਵਾਲਾ ਦੇ ਕੇ ਵੀ ਕਿਸਾਨਾਂ ਨੂੰ ਧਰਨਾ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ਰੋਕਣ ਕਰਕੇ ਫ਼ੌਜ ਨੂੰ ਵੀ ਦਿੱਕਤਾਂ ਆ ਰਹੀਆਂ ਹਨ, ਉਨ੍ਹਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ।
ਕੋਲਾ ਖ਼ਤਮ ਹੋਣ ’ਤੇ ਬਿਜਲੀ ਪੂਰਤੀ ਦੇ ਬਦਲਵੇਂ ਪ੍ਰਬੰਧ
ਭਾਵੇਂ ਪੰਜਾਬ ਸਰਕਾਰ ਕੋਲੇ ਦੀ ਸਪਲਾਈ ਵਾਸਤੇ ਕਿਸਾਨਾਂ ਨੂੰ ਰੇਲ ਪਟਰੀਆਂ ਤੋਂ ਉੱਠਣ ਦੀ ਅਪੀਲ ਕਰ ਰਹੀ ਹੈ, ਪਰ ਦੂਜੇ ਪਾਸੇ ਕੋਲਾ ਖ਼ਤਮ ਹੋਣ ਦੀ ਸੂਰਤ ਵਿੱਚ ਬਿਜਲੀ ਪੂਰਤੀ ਦੇ ਬਦਲਵੇਂ ਪ੍ਰਬੰਧਾਂ ਦੀ ਗੱਲਬਾਤ ਹੋ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਪਾਵਰਕੌੌਮ ਕੌਮੀ ਗਰਿੱਡ ਤੋਂ ਬਿਜਲੀ ਲੈ ਕੇ ਮਈ 2021 ਤਕ ਕੰਮ ਚਲਾ ਸਕਦੀ ਹੈ। ਦੂਜਾ ਕੌਮੀ ਗਰਿੱਡ ਤੋਂ ਲਈ ਬਿਜਲੀ ਪਾਵਰਕੌਮ ਨੂੰ ਸਸਤੀ ਵੀ ਪਏਗੀ।
‘ਪੰਜਾਬੀ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਤਾਪ ਬਿਜਲੀ ਘਰਾਂ ਵਿਚ ਇਸ ਵੇਲੇ ਛੇ-ਸੱਤ ਦਿਨਾਂ ਦਾ ਕੋਲਾ ਭੰਡਾਰ ਬਕਾਇਆ ਰਹਿ ਗਿਆ ਹੈ। ਮੋਟੇ ਅੰਦਾਜ਼ੇ ਅਨੁਸਾਰ ਸੂਬੇ ’ਚ ਇਸ ਵੇਲੇ ਕਰੀਬ 8 ਹਜ਼ਾਰ ਮੈਗਾਵਾਟ ਬਿਜਲੀ ਦੀ ਖਪਤ ਹੈ। ਪਾਵਰਕੌਮ ਨੂੰ ਪੰਜ ਹਾਈਡਰੋ ਅਤੇ ਸੋਲਰ ਪ੍ਰੋਜੈਕਟਾਂ ਆਦਿ ਤੋਂ ਕਰੀਬ 1500 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਪਾਵਰਕੌਮ ਕੋਲ ਕੌਮੀ ਗਰਿੱਡ ਤੋਂ 6500 ਮੈਗਾਵਾਟ ਬਿਜਲੀ ਲੈਣ ਦੀ ਟਰਾਂਸਮਿਸ਼ਨ ਸਮਰੱਥਾ ਵੀ ਹੈ। ਪਾਵਰਕੌਮ ਇਸ ਵੇਲੇ 5760 ਮੈਗਾਵਾਟ ਬਿਜਲੀ ਕੌਮੀ ਗਰਿੱਡ ਤੋਂ ਹਾਸਲ ਵੀ ਕਰ ਰਹੀ ਹੈ ਜਦੋਂ ਕਿ ਕੌਮੀ ਗਰਿੱਡ ਕੋਲ ਅੱਜ ਵੀ 9923 ਮੈਗਾਵਾਟ ਵਾਧੂ ਬਿਜਲੀ ਮੌਜੂਦ ਹੈ। ਮਾ
ਮਾਹਰਾਂ ਕਹਿੰਦੇ ਹਨ ਕਿ ਪ੍ਰਾਈਵੇਟ ਥਰਮਲਾਂ ਤੋਂ ਇਸ ਸਮੇਂ ਬਿਜਲੀ ਪ੍ਰਤੀ ਯੂਨਿਟ ਔਸਤਨ 3.50 ਰੁਪਏ ਪੈ ਰਹੀ ਹੈ ਜਦਕਿ ਕੌਮੀ ਗਰਿੱਡ ਦੀ ਬਿਜਲੀ ਦਾ ਰੇਟ ਕਰੀਬ 2.75 ਰੁਪਏ ਪ੍ਰਤੀ ਯੂਨਿਟ ਸਾਹਮਣੇ ਆਇਆ ਹੈ। ਸੂਬੇ ਦੇ ਸਾਰੇ ਥਰਮਲ ਜੇ ਇਸ ਵੇਲੇ ਬੰਦ ਵੀ ਹੋ ਜਾਣ ਤਾਂ ਵੀ ਕੌਮੀ ਗਰਿੱਡ ਤੋਂ ਸਸਤੀ ਬਿਜਲੀ ਲੈ ਕੇ ਮਈ 2021 ਤੱਕ ਕੰਮ ਚਲਾਇਆ ਜਾ ਸਕਦਾ ਹੈ।
ਪਾਵਰਕੌਮ ਦਾ ਬਿਆਨ
ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਵੇਣੂ ਪ੍ਰਸਾਦ ਨੇ ਕਿਹਾ ਕਿ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੇ ਚੱਲਦਿਆਂ ਸੂਬੇ ਦੇ 5 ਥਰਮਲ ਪਲਾਂਟਾਂ ਤੱਕ ਕੋਲਾ ਨਹੀਂ ਪਹੁੰਚ ਰਿਹਾ। ਕੋਲੇ ਦੀ ਘਾਟ ਕਾਰਨ 5 ਵਿੱਚੋਂ 2 ਥਰਮਲ ਪਲਾਂਟ ਬੰਦ ਹੋਣ ਦੀ ਕਗਾਰ ‘ਤੇ ਹਨ ਅਤੇ ਬਾਕੀ ਤਿੰਨ ਥਰਮਲ ਪਲਾਂਟਾਂ ਵਿੱਚ ਵੀ ਸਿਰਫ ਤਿੰਨ ਤੋਂ ਦੋ ਦਿਨ ਦਾ ਕੋਲਾ ਬਾਕੀ ਬਚਿਆ ਹੈ। ਜੇ 14 ਅਕਤੂਬਰ ਨੂੰ ਤੇ ਕਿਸਾਨਾਂ ਅਤੇ ਕੇਂਦਰ ਸਰਕਾਰ ਦੀ ਮੀਟਿੰਗ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ ਸੂਬੇ ਅੰਦਰ ਬਲੈਕ ਆਊਟ ਦੀ ਸਥਿਤੀ ਪੈਦਾ ਹੋ ਸਕਦੀ ਹੈ।
ਵੇਣੂ ਪ੍ਰਸਾਦ ਨੇ ਕਿਹਾ ਹੈ ਕਿ ਥਰਮਲ ਪਲਾਂਟਾਂ ਕੋਲ ਕੋਲੇ ਦਾ ਸਟਾਕ ਨਾਂਮਾਤਰ ਰਹਿ ਗਿਆ ਹੈ। ਬਦਲ ਵਜੋਂ ਉਹ ਕੌਮੀ ਗਰਿੱਡ ਤੋਂ ਬਿਜਲੀ ਲੈ ਰਹੇ ਹਨ ਪਰ ਵਾਧੂ ਬਿਜਲੀ ਖਰੀਦਣ ਲਈ ਪਹਿਲਾਂ ਤੋਂ ਪਲਾਨਿੰਗ ਦੀ ਲੋੜ ਹੁੰਦੀ ਹੈ। ਦੂਜਾ ਫੌਰੀ ਖ਼ਰੀਦ ਵਾਲੀ ਬਿਜਲੀ ਕਾਫੀ ਮਹਿੰਗੀ ਪੈਂਦੀ ਹੈ। ਇਸ ਤੋਂ ਇਲਾਵਾ ਕੌਮੀ ਗਰਿੱਡ ਤੋਂ ਬਿਜਲੀ ਲੈਣ ਲਈ ਟਰਾਂਸਮਿਸ਼ਨ ਲਾਈਨਾਂ ਦੀ ਇੱਕ ਸਮਰੱਥਾ ਹੁੰਦੀ ਹੈ, ਇਸ ਸਮਰਥਾ ਤੋਂ ਵੱਧ ਬਿਜਲੀ ਨਹੀਂ ਲਈ ਜਾ ਸਕਦੀ।
ਮੁੰਬਈ ’ਚ ਅੱਜ ਬਿਜਲੀ ਗੁੱਲ
ਮੁੰਬਈ ਵਿੱਚ ਗਰਿੱਡ ਫੇਲ੍ਹ ਹੋਣ ਕਰਕੇ ਅੱਜ ਸ਼ਹਿਰ ਦੇ ਕਈ ਹਿੱਸਿਆਂ ਦੀ ਬਿਜਲੀ ਗੁੱਲ ਹੋ ਗਈ। ਬਿਜਲੀ ਬੰਦ ਹੋਣ ਕਰਕੇ ਸ਼ਹਿਰ ਦੀ ਲੋਕਲ ਰੇਲ ਸੇਵਾ ਠੱਪ ਹੋ ਗਈ ਜਿਸ ਕਰਕੇ ਕੰਮਕਾਰ ’ਤੇ ਜਾਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਘਰਾਂ ਵਿੱਚ ਬਿਜਲੀ ਜਾਣ ਨਾਲ ਪਾਣੀ ਦੀ ਸਮੱਸਿਆ ਹੋ ਗਈ। ਸੜਕਾਂ ’ਤੇ ਟ੍ਰੈਫਿਕ ਲਾਈਟਾਂ ਬੰਦ ਹੋਣ ਕਰਕੇ ਟ੍ਰੈਫਿਕ ਪੁਲਿਸ ਨੂੰ ਹੱਥਾਂ ਦੇ ਇਸ਼ਾਰਿਆਂ ਨਾਲ ਕੰਮ ਚਲਾਉਣਾ ਪਿਆ। ਪੈਟਰੋਲ ਪੰਪਾਂ ’ਤੇ ਲੋਕ ਪ੍ਰੇਸ਼ਾਨ ਹੋਏ। ਇੱਥੋਂ ਤਕ ਕਿ ਹਸਪਤਾਲਾਂ ਵਿੱਚ ਵੈਂਟੀਲੇਟਰਾਂ ਲਈ ਡੀਜ਼ਲ ਦੀ ਸਮੱਸਿਆ ਹੋਣ ਦਾ ਖ਼ਦਸ਼ਾ ਜਤਾਇਆ ਗਿਆ। ਡੀਜ਼ਲ ਦਾ ਭੰਡਾਰ ਕਰਨ ਲਈ ਕਿਹਾ ਗਿਆ। ਇਸ ਦੇ ਨਾਲ ਹੀ ਹੈਲਪਲਾਈਨ ਸੇਵਾ ਵੀ ਚਾਲੂ ਕੀਤੀ ਗਈ। ਤਕਰੀਬਨ ਦੋ ਘੰਟਿਆਂ ਦੀ ਮੁਸ਼ੱਕਤ ਦੇ ਬਾਅਦ ਬਿਲਜੀ ਚਾਲੂ ਹੋਈ।
ਮੁੰਬਈ ਵਿੱਚ ਬਿਜਲੀ ਗੁੱਲ ਹੋਣ ਬਾਰੇ, ਮੋਦੀ ਸਰਕਾਰ ਵਿੱਚ ਊਰਜਾ ਮੰਤਰੀ ਆਰ ਕੇ ਸਿੰਘ ਨੇ ਕਿਹਾ, ‘ਇੰਟਰਾਸਟੇਟ ਟਰਾਂਸਮਿਸ਼ਨ ਸਿਸਟਮ ਦੀ ਇੱਕ ਲਾਈਨ (ਪੁਣੇ-ਕਾਲਵਾ ਲਾਈਨ) ਸ਼ਨੀਵਾਰ ਤੋਂ ਬੰਦ ਸੀ। ਇਸ ਤੋਂ ਬਾਅਦ, ਇਕ ਹੋਰ ਸਰਕਟ (ਖਾਡਗੇ-ਕਾਲਵਾ) ਵਿੱਚ ਨੁਕਸ ਪੈ ਗਿਆ ਜਿਸ ਕਾਰਨ ਤੀਸਰੇ ਸਰਕਟ (ਪੁਣੇ-ਖਾਰਗੌਨ) ’ਤੇ ਪੂਰਾ ਲੋਡ ਪੈ ਗਿਆ, ਜਿਸ ਤੋਂ ਬਾਅਦ ਇਹ ਵੀ ਬੰਦ ਹੋ ਗਿਆ। ਖਾਰਗੋਨ ਅਤੇ ਕਾਲਵਾ ਸਬ ਸਟੇਸ਼ਨ ਮੁੰਬਈ ਨੂੰ ਬਿਜਲੀ ਸਪਲਾਈ ਕਰਦੇ ਹਨ। ਤਕਰੀਬਨ 2000 ਮੈਗਾਵਾਟ ਦਾ ਅਸਰ ਹੋਇਆ।
ਮੁੰਬਈ ਸ਼ਹਿਰ ਨੂੰ ਚਾਰ ਕੰਪਨੀਆਂ ਰਾਹੀਂ ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਪਹਿਲੀ ਵੈਸਟ ਅਤੇ ਦੂਜਾ ਨਿੱਜੀ ਖੇਤਰ ਦੀ ਅਡਾਨੀ ਅਤੇ ਤੀਜੀ ਟਾਟਾ ਪਾਵਰ ਅਤੇ ਚੌਥੀ ਮਹਾਂਵਿਤਰਨ। ਬੈਸਟ ਮੁੰਬਈ ਸ਼ਹਿਰ ਵਿੱਚ ਬਿਜਲੀ ਸਪਲਾਈ ਕਰਦਾ ਹੈ, ਜਦਕਿ ਬਾਕੀ ਕੰਪਨੀਆਂ ਮੁੰਬਈ ਉਪਨਗਰ ਵਿੱਚ ਬਿਜਲੀ ਸਪਲਾਈ ਦਾ ਧਿਆਨ ਰੱਖਦੀਆਂ ਹਨ। ਮੁੰਬਈ ਸ਼ਹਿਰ ਨੂੰ ਬਿਜਲੀ ਦੀ ਸਪਲਾਈ ਬੈਸਟ ਦੁਆਰਾ ਕੀਤੀ ਜਾਂਦੀ ਹੈ ਅਤੇ ਮੁੰਬਈ ਉਪਨਗਰ ਨੂੰ ਅਡਾਨੀ ਇਲੈਕਟ੍ਰੀਸਿਟੀ ਤੋਂ ਬਿਜਲੀ ਮੁਹੱਈਆ ਕਰਵਾਈ ਜਾਂਦੀ ਹੈ।