Khaas Lekh Religion

ਪੰਜ ਤੀਰ ਤੇ ਬਖਸ਼ ਨਿਸ਼ਾਨ ਸਾਹਿਬ,ਦਸ਼ਮੇਸ਼ ਭੇਜਿਆ ਬੰਦਾ ਪੰਜਾਬ ਏਧਰ,ਦੁਸ਼ਟਾਂ ਦੋਖੀਆਂ ਤਾਈਂ ਓਸ ਸੋਧ ਕੇ,ਕਰ ਦਿੱਤਾ ਬਰਾਬਰ ਹਿਸਾਬ ਏਧਰ।

 

‘ਦ ਖ਼ਾਲਸ ਬਿਊਰੋ:- ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ 1670 ਈਸਵੀ ਵਿੱਚ ਰਾਜੌਰੀ (ਪੁਣਛ) ਵਿਖੇ ਸ਼੍ਰੀ ਰਾਮ ਦੇਵ ਭਾਰਦਵਾਜ ਰਾਜਪੂਤ ਦੇ ਘਰ ਹੋਇਆ। ਲਛਮਣ ਦਾਸ ਜਦੋਂ ਜਾਨਕੀ ਪ੍ਰਸਾਦ ਦਾ ਚੇਲਾ ਬਣਿਆ ਤਾਂ ਉਹ ਮਾਧੋ ਦਾਸ ਬੈਰਾਗੀ ਬਣ ਗਏ ਸਨ ਅਤੇ ਜਦੋਂ ਉਹ ਔਘੜ ਨਾਥ ਦੇ ਚੇਲਾ ਬਣੇ ਤਾਂ ਉਨ੍ਹਾਂ ਨੇ ਬੈਰਾਗ ਮੱਤ ਨੂੰ ਛੱਡ ਦਿੱਤਾ ਅਤੇ ਜੋਗੀ ਬਣ ਗਏ ਸਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਮਿਲਾਪ ਹੋਇਆ ਤਾਂ ਉਸ ਸਮੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਬੈਰਾਗੀ ਨਹੀਂ ਸਨ ਰਹਿ ਗਏ,ਉਸ ਸਮੇਂ ਤੱਕ ਉਹ ਜੋਗੀ ਬਣ ਚੁੱਕੇ ਸਨ।

 

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ ਖੰਡੇ- ਬਾਟੇ ਦੀ ਪਾਹੁਲ ਦੀ ਦਾਤ ਦੇ ਕੇ ਪੰਜਾਬ ਵੱਲ ਤੋਰ ਦਿੱਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਪੰਜਾਬ ਨੂੰ ਆਉਂਦੇ ਹਨ ਤਾਂ ਸਾਰਾ ਰਾਹ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ,ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਬਾਰੇ ਸੋਚਦੇ ਆਏ। ਜਿਵੇਂ-ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਇਹ ਸਭ ਸੋਚ ਰਹੇ ਸਨ,ਉਨ੍ਹਾਂ ਵਿੱਚ ਰੋਅਬ ਭਰਦਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਮਾਣਾ,ਸਢੌਰਾ ਆਦਿ ਇਲਾਕਿਆਂ ਨੂੰ ਜਿੱਤ ਕੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਵੱਸਦੇ ਹੋਏ ਸ਼ਹਿਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਟਾਂ ਦਾ ਢੇਰ ਬਣਾ ਕੇ ਰੱਖ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਬਦਲਾ ਲੈ ਕੇ ਪੰਜਾਬ ਵਿੱਚ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ।

 

ਬਾਬਾ ਬੰਦਾ ਸਿੰਘ ਬਹਾਦਰ ਜੀ 15 ਦਿਸੰਬਰ 1715 ਨੂੰ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਫੜੇ ਗਏ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਕਰਕੇ 29 ਫਰਵਰੀ,1716 ਈ ਨੂੰ ਦਿੱਲੀ ਵਿੱਚ ਲਿਆਂਦਾ ਗਿਆ। 700 ਗੱਡੇ ਸਿੱਖਾਂ ਦੇ ਸਿਰਾਂ ਦੇ ਭਰੇ ਹੋਏ ਅਤੇ 2000 ਸਿੱਖਾਂ ਦੇ ਸਿਰ ਬਰਛਿਆਂ ਉੱਪਰ ਟੰਗੇ ਇਸ ਕਾਫਲੇ ਨਾਲ ਚੱਲ ਰਹੇ ਸਨ। ਥੋੜ੍ਹੇ-ਥੋੜ੍ਹੇ ਕਰਕੇ ਇਨ੍ਹਾਂ ਸਭ ਸਿੱਖਾਂ ਨੂੰ ਮਾਰਿਆ ਗਿਆ।

 

ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਚਾਰ ਸਾਲ ਦੇ ਪੁੱਤਰ ਨੂੰ ਕਤਲ ਕਰਕੇ ਉਸਦਾ ਦਿਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਵਿੱਚ ਪਾਇਆ ਗਿਆ। 9 ਜੂਨ 1716 ਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲ ਸਮਰਾਜ ਦੀਆਂ ਪੰਜਾਬ ਵਿੱਚ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ।

 

ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ‘ਤੇ ਅੱਠ ਸਾਲ ਆਪਣੇ ਘੋੜੇ ਦੇ ਪੈਰਾਂ ਦੇ ਨਿਸ਼ਾਨ ਛੱਡੇ ਹਨ। ਉਹ ਦੁਨੀਆ ਦੇ ਅਜਿਹੇ ਪਹਿਲੇ ਬਾਦਸ਼ਾਹ ਸਨ ਜਿਨ੍ਹਾਂ ਨੇ ਬਾਦਸ਼ਾਹ ਬਣਨ ਦੇ ਬਾਵਜੂਦ ਵੀ ਸਿਰ ‘ਤੇ ਕਲਗੀ ਨਹੀਂ ਲਗਾਈ,ਨਾ ਹੀ ਉਹ ਤਖ਼ਤ ‘ਤੇ ਬੈਠੇ ਅਤੇ ਨਾ ਹੀ ਆਪਣੇ ਨਾਂ ਦਾ ਕੋਈ ਸਿੱਕਾ ਜਾਰੀ ਕੀਤਾ। ਉਨ੍ਹਾਂ ਨੇ ਤਾਂ ਆਪਣੀ ਮੋਹਰ ‘ਤੇ ਵੀ ਆਪਣਾ ਨਾਂ ਨਹੀਂ ਸੀ ਲਿਖਿਆ।

 

ਅਖੀਰ ‘ਤੇ ਮੈਂ ਆਪਣੀ ਗੁਰੂ ਪਿਆਰੀ ਸਾਰੀ ਸਾਧ-ਸੰਗਤ ਅੱਗੇ ਬਸ ਇਹੀ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਇਨ੍ਹਾਂ ਮਹਾਨ ਸ਼ਹਾਦਤਾਂ ਦੇ ਉੱਪਰ ਅਸੀਂ ਮਾਣ ਕਰਦੇ ਹੋਏ ਗੁਰੂ ਦੇ ਲੜ ਜ਼ਰੂਰ ਲੱਗੀਏ, ਕੇਸਾਂ ਦੀ ਬੇਅਦਬੀ ਨਾ ਕਰੀਏ ਤੇ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਖੰਡੇ ਬਾਟੇ ਦੀ ਪਾਹੁਲ ਲੈਣ ਦਾ ਪ੍ਰਣ ਕਰੀਏ।