Punjab Religion

ਜਲਾਵਤਨੀ ਸਿੱਖ ਯੋਧੇ’ ਭਾਈ ਗਜਿੰਦਰ ਸਿੰਘ ਦੀ ਯਾਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਇਆ ਗਿਆ ਸਮਾਗਮ

ਅੰਮ੍ਰਿਤਸਰ : ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੀ ਯਾਦ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਲ ਖ਼ਾਲਸਾ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ਼ਹੀਦ ਗੁਰਬਖਸ਼ ਸਿੰਘ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਹੈ ਜਿਸ ਵਿੱਚ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਅਤੇ ਵੱਡੀ ਗਿਣਤੀ ‘ਚ ਸਿੱਖ ਸੰਗਤ ਨੇ ਹਾਜ਼ਰੀ ਭਰੀ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਇਆ ਗਿਆ।

ਸ਼ਰਧਾਂਜਲੀ ਸਮਾਗਮ ਦਰਮਿਆਨ ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਗਜਿੰਦਰ ਸਿੰਘ ਜੀ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਭਾਈ ਸਾਹਿਬ ਨੇ ਆਪਣੀ 73 ਵਰ੍ਹਿਆਂ ਦੀ ਉਮਰ ‘ਚੋਂ 53 ਵਰ੍ਹੇ ਪੰਥ ਦੇ ਲੇਖੇ ਲਾਏ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਗ੍ਰਿਫ਼ਤਾਰੀ ਦੇ ਰੋਸ ਵਿੱਚ ਉਹਨਾਂ ਸਾਥੀਆਂ ਸਮੇਤ ਬਿਨਾਂ ਕਿਸੇ ਨੁਕਸਾਨ ਦੇ ਭਾਰਤੀ ਜਹਾਜ਼ ਅਗਵਾ ਕਰਕੇ ਰੋਸ ਪ੍ਰਗਟ ਕੀਤਾ ਸੀ। ਇੰਦਰਾ ਗਾਂਧੀ ਦੁਆਰਾ ਦਬਾਅ ਬਣਾਉਣ ‘ਤੇ ਉਹਨਾਂ ਨੂੰ ਲਾਹੌਰ ਸਰਕਾਰ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ  ਤੇ ਸਖ਼ਤ ਹਾਲਤਾਂ ‘ਚ ਰੱਖਿਆ ਗਿਆ।

13 ਸਾਲ 9 ਮਹੀਨੇ ਜੇਲ੍ਹ ਕੱਟਣ ਤੋਂ ਬਾਅਦ ਉਹ ਪਾਕਿਸਤਾਨ ਵਿੱਚ ਹੀ ਰਹਿ ਕੇ ਖੇਤੀ ਕਰਦੇ ਰਹੇ। ਲੰਘੀ 3 ਜੁਲਾਈ ਨੂੰ ਲਾਹੌਰ ਦੇ ਹਸਪਤਾਲ ਵਿੱਚ ਉਹ ਦਿਲ ਦੇ ਦੌਰੇ ਕਾਰਨ ਚਲਾਣਾ ਕਰ ਗਏ ਸਨ। ਉਹਨਾਂ ਦੱਸਿਆ ਕਿ ਭਾਈ ਗਜਿੰਦਰ ਸਿੰਘ ਸਿੱਖ ਰਹਿਤ ਮਰਿਯਾਦਾ ਦੇ ਪੱਕੇ ਧਾਰਨੀ ਸਨ ਤੇ ਅਕਸਰ ਕਹਿੰਦੇ ਸਨ ਕਿ ਇਹ ਹੀ ਇੱਕ ਪੁਆਇੰਟ ਹੈ ਜਿਸ ‘ਤੇ ਸਮੁੱਚਾ ਪੰਥ ਇੱਕਠਾ ਹੋ ਸਕਦਾ ਹੈ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਵੀ ਭਾਈ ਗਜਿੰਦਰ ਸਿੰਘ ਦੀ ਪੰਥ ਪ੍ਰਸਤੀ ਦਾ ਜ਼ਿਕਰ ਕਰਦਿਆਂ ਅਜ਼ਾਦੀ ਮਗਰੋਂ ਸਿੱਖਾਂ ਨਾਲ ਹੁੰਦੇ ਆ ਰਹੇ ਧੱਕਿਆਂ ਬਾਰੇ ਦੱਸਦਿਆਂ ਮੌਜੂਦਾ ਹਾਲਾਤ ਬਾਰੇ ਸਿੱਖ ਸੰਗਤ ਨੂੰ ਸੁਚੇਤ ਕੀਤਾ।

ਉਹਨਾਂ ਨਵੇਂ ਬਣੇ ਕਾਨੂੰਨਾਂ ਦੀ ਨਿਖੇਧੀ ਕਰਦਿਆਂ ਕਥਿਤ ਦੇਸ਼ਧ੍ਰੋਹ ਦਾ ਪਹਿਲਾ ਕੇਸ ਇੱਕ ਸਿੱਖ ਨੌਜਵਾਨ ‘ਤੇ ਦਰਜ ਕਰਨ ਨੂੰ ਮੰਦਭਾਗਾ ਦੱਸਿਆ। ਐਲਾਨ ਕੀਤਾ ਕਿ ਛੇਤੀ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘਾਂ ਦੀ ਇਕੱਤ੍ਰਤਾ ਕਰਕੇ ਭਾਈ ਗਜਿੰਦਰ ਸਿੰਘ ਜੀ ਦੇ ਪਰਿਵਾਰ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਜਥੇਦਾਰ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ ਭਾਈ ਪੰਜਵੜ, ਭਾਈ ਨਿੱਝਰ ਅਤੇ ਭਾਈ ਗਜਿੰਦਰ ਸਿੰਘ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਉਣ ਦਾ ਨਿਰਦੇਸ਼ ਦਿੱਤਾ।

ਇਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਗਜਿੰਦਰ ਸਿੰਘ ਜੀ ਅਤੇ ਭਾਈ ਅਵਤਾਰ ਸਿੰਘ ਖੰਡਾ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ, ਚੀਫ਼ ਖ਼ਾਲਸਾ ਦੀਵਾਨ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਮੈਂਬਰ ਵੀ ਹਾਜ਼ਰ ਸਨ।