ਬੀਤੇ ਦਿਨੀਂ ਮੁਹਾਲੀ ਵਿੱਚ ਪੰਜਾਬੀ ਸੀਰੀਅਲ ਦੀ ਸ਼ੂਟਿੰਗ ਦੌਰਾਨ ਹੰਗਾਮਾ ਹੋ ਗਿਆ ਜਿੱਥੇ ਆਨੰਦਕਾਰਜ ਦੀ ਸ਼ੂਟਿੰਗ ਲਈ ਗੁਰਦੁਆਰਾ ਸਾਹਿਬ ਦਾ ਸੈੱਟ ਬਣਾ ਕੇ ਨਿਸ਼ਾਨ ਸਾਹਿਬ ਅਤੇ ਪਾਲਕੀ ਸਾਹਿਬ ਨੂੰ ਪ੍ਰਤੀਕਾਂ ਵਜੋਂ ਸਜਾਇਆ ਗਿਆ ਸੀ। ਇਸ ’ਤੇ ਨਿਹੰਗਾਂ ਸਿੰਘ ਭੜਕ ਗਏ ਤੇ ਸ਼ੂਟਿੰਗ ਰੋਕ ਦਿੱਤੀ। ਪ੍ਰੋਡਕਸ਼ਨ ਟੀਮ ਨੇ ਨਿਹੰਗ ਸਿੰਘਾਂ ’ਤੇ ਉਨ੍ਹਾਂ ਦੀ ਕੁੱਟਮਾਰ ਤੇ ਦੁਰਵਿਵਹਾਰ ਕਰਨ ਦੇ ਇਲਜ਼ਾਮ ਲਾਏ ਸਨ। ਇਸ ਸਾਰੇ ਮਾਮਲੇ ’ਤੇ ਹੁਣ ਅਦਾਕਾਰ ਜਰਨੈਲ ਸਿੰਘ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ ਜੋ ਘਟਨਾ ਵੇਲੇ ਮੌਕੇ ’ਤੇ ਮੌਜੂਦ ਸਨ।
’ਦ ਖ਼ਾਲਸ ਟੀਵੀ ’ਤੇ ਗੱਲਬਾਤ ਕਰਦਿਆਂਂ ਅਦਾਕਾਰ ਜਰਨੈਲ ਸਿੰਘ ਨੇ ਦੱਸਿਆ ਕਿ ਫ਼ਿਲਮ ਦੇ ਸੈੱਟ ’ਤੇ ਸੰਕੇਤਕ ਪਾਲਕੀ ਸਾਹਿਬ ਰੱਖ ਕੇ ਆਨੰਦ ਕਾਰਜ ਦੀ ਸ਼ੂਟਿੰਗ ਕਰ ਰਹੇ ਸੀ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਵਿੱਚੋਂ ਕਿਸੇ ਨੇ ਫੋਟੋ ਖਿੱਚ ਕੇ ਕਿਸੇ ਨਿਹੰਗ ਸਿੰਘ ਜਥੇਬੰਦੀ ਨੂੰ ਭੇਜ ਦਿੱਤੀ। ਉਨ੍ਹਾਂ ਦੱਸਿਆ ਕਿ ਨਿਹੰਗ ਸਿੰਘਾਂ ਨੇ ਆ ਕੇ ਕੈਮਰੇ ਤੋੜ ਦਿੱਤੇ ਅਤੇ ਇਸ ’ਤੇ ਕਾਫੀ ਵਿਵਾਦ ਹੋਇਆ। ਉਨ੍ਹਾਂ ਇਸ ਸਾਰੇ ਵਿਵਾਦ ਨੂੰ ‘ਲੈਕ ਆਫ ਨੌਲੇ’ ਯਾਨੀ ਜਾਣਕਾਰੀ ਦੀ ਘਾਟ ਹੋਣਾ ਕਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਕਿਸੇ ਫ਼ਿਲਮ ਵਿੱਚ ਆਨੰਦ ਕਾਰਜ ਦਿਖਾਉਣਾ ਹੈ ਤਾਂ ਮਹਾਰਾਜ ਦਾ ਸਰੂਪ ਤਾਂ ਦਿਖਾਉਣਾ ਹੀ ਪੈਣਾ ਹੈ, ਪਰ ਅਸਲੀਅਤ ਵਿੱਚ ਸੈੱਟ ’ਤੇ ਮਹਾਰਾਜ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਨਹੀਂ ਤਾਂ ਫ਼ਿਲਮ ਲਈ ਕੀਤੇ ਜਾ ਰਹੇ ਆਨੰਦ ਕਾਰਜ ਵਿੱਚ ਅਸਲੀ ਲਾਵਾਂ ਹੋ ਜਾਣਗੀਆਂ। ਨਿਹੰਗ ਸਿੰਘਾਂ ਨੂੰ ਇੰਨੀ ਗੱਲ ਸਮਝਾਉਣ ਲਈ ਉਨ੍ਹਾਂ ਨੂੰ 8 ਘੰਟੇ ਲੱਗ ਗਏ।
ਉਨ੍ਹਾਂ ਇਹ ਵੱਡਾ ਸਵਾਲ ਚੁੱਕਿਆ ਕਿ ਸਿੱਖ ਦਾ ਆਨੰਦ ਕਾਰਜ ਕਿੱਦਾਂ ਦਿਖਾਇਆ ਜਾਵੇ? ਉਨ੍ਹਾਂ ਇਸ ਵਿਵਾਦ ਦੇ ਸੰਦਰਭ ਵਿੱਚ ਕਿਹਾ ਕਿ ਲੋਕ ਬੜੀ ਕਾਹਲ ਕਰਦੇ ਹਨ। ਹਮੇਸ਼ਾ ਲੜਨ ਲਈ ਤਿਆਰ ਰਹਿੰਦੇ ਹਨ। ਇਹ ਵਰਤਾਰਾ ਕਿਤੇ ਨਾ ਕਿਤੇ ਸਾਡੀ ਅੱਜਕਲ੍ਹ ਦੀ ਜੀਵਨਸ਼ੈਲੀ ਦਾ ਹਿੱਸਾ ਬਣ ਚੁੱਕਾ ਹੈ।
ਦੱਸ ਦੇਈਏ ਇਸ ਮਾਮਲੇ ਸਬੰਧੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਕੇ ਉਨ੍ਹਾਂ ਦੇ ਬਿਆਨ ਦਰਜ ਕਰਵਾਏ ਹਨ। ਦੂਜੇ ਪਾਸੇ ਨਿਹੰਗ ਸਿੰਘਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਮੁੜ ਸੰਘਰਸ਼ ਵਿੱਢਣਗੇ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।